PNB ਦੇ ਲਾਕਰ ''ਚੋਂ ਚਪੜਾਸੀ ਵੱਲੋਂ ਚੋਰੀ ਕੀਤੇ ਸੋਨੇ ਤੇ ਉਸਦੀ ਪਤਨੀ ਨੇ ਲਿਆ 6,39,000 ਰੁਪੈ ਦਾ ਗੋਲਡ ਲੋਨ, ਜਾਂਚ ਜਾਰੀ
Monday, Aug 11, 2025 - 07:37 PM (IST)

ਬੁਢਲਾਡਾ (ਬਾਂਸਲ) ਸਥਾਨਕ ਸ਼ਹਿਰ ਦੇ ਪੰਜਾਬ ਨੈਸ਼ਨਲ ਬੈਂਕ ਦੇ ਲਾਕਰ ਵਿੱਚੋਂ ਬੈਂਕ ਦੇ ਹੀ ਚਪੜਾਸੀ ਵੱਲੋਂ 6 ਪੈਕਟਾਂ ਚੋ 36 ਤੋਲੇ ਸੋਨਾ ਚੋਰੀ ਕਰਨ ਦੇ ਮਾਮਲੇ ਚ ਨਵਾਂ ਖੁਲਾਸਾ ਸਾਹਮਣੇ ਆਇਆ ਹੈ ਕਿ ਚਪੜਾਸੀ ਗੁਰਪ੍ਰੀਤ ਸਿੰਘ ਦੀ ਪਤਨੀ ਨੇ ਚੋਰੀ ਤੋਂ ਕੁਝ ਦਿਨ ਬਾਅਦ ਬਜਾਜ ਫਾਈਨਾਸ ਕੰਪਨੀ ਤੋਂ ਚੋਰੀ ਕੀਤੇ ਗਹਿਣਿਆਂ ਤੋਂ 2 ਗੋਲਡ ਲੋਨ 6,39,000 ਰੁਪਏ ਕਰਵਾਏ ਸਨ। ਪੁਲਸ ਉਪਰੋਕਤ ਮਾਮਲੇ ਚ ਪੜਤਾਲ ਚ ਜੁੱਟੀ ਹੋਈ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਨਾ ਚੋਰੀ ਮਾਮਲੇ ਚ ਉਸਦੀ ਪਤਨੀ ਨੂੰ ਵੀ ਨਾਮਜਦ ਕੀਤਾ ਜਾ ਸਕਦਾ ਹੈ। ਵਰਣਨਯੋਗ ਹੈ ਕਿ ਬੈਂਕ ਦੇ ਚਪੜਾਸੀ ਨੂੰ 174 ਗ੍ਰਾਮ 680 ਮਿਲੀਗ੍ਰਾਮ ਸੋਨੇ ਸਮੇਤ ਗ੍ਰਿਫਤਾਰ ਕਰ ਲਿਆ ਸੀ ਪ੍ਰੰਤੂ ਬਾਕੀ ਸੋਨਾ ਬਜਾਜ ਫਾਈਨਾਸ ਕੰਪਨੀ ਕੋਲ ਗੋਲਡ ਲੋਨ ਹੋਣ ਕਰਕੇ ਬਰਾਮਦ ਕਰਨ ਦੀ ਪ੍ਰੀਕਿਰਿਆ ਪੁਲਸ ਵੱਲੋਂ ਸ਼ੁਰੂ ਕੀਤੀ ਹੋਈ ਹੈ। ਜਾਣਕਾਰੀ ਅਨੁਸਾਰ ਪਾਠਕਾਂ ਨੂੰ ਦੱਸ ਦੇਈਏ ਕਿ 31 ਜੁਲਾਈ ਨੂੰ ਥਾਣਾ ਸਿਟੀ ਬੁਢਲਾਡਾ ਵਿੱਚ ਪੰਜਾਬ ਨੈਸ਼ਨਲ ਬੈਂਕ ਬੁਢਲਾਡਾ ਦੇ ਬੈਂਕ ਮੈਨੇਜਰ ਸੰਜੇ ਕੁਮਾਰ ਵੱਲੋ ਇਤਲਾਹ ਦਿੱਤੀ ਗਈ ਕਿ ਮਿਤੀ 22-07-2025 ਨੂੰ ਬੈਂਕ ਦੇ ਲੋਕਰ ਵਿੱਚ 6 ਪੈਕੇਟ ਗੋਲਡ ਜਿੰਨ੍ਹਾ ਵਿੱਚ ਕਰੀਬ 36 ਤੋਲੇ ਸੋਨਾ ਸੀ ਜਿਸ ਦੀ ਕੀਮਤ 37 ਲੱਖ ਰੁਪੈ ਬਣਦੀ ਸੀ ਨੂੰ ਬੈਂਕ ਦੇ ਚੌਕੀਦਾਰ ਗੁਰਪ੍ਰੀਤ ਸਿੰਘ ਪੁੱਤਰ ਫਤਿਹ ਸਿੰਘ ਵਾਸੀ ਬੁਢਲਾਡਾ ਵੱਲੋ ਚੋਰੀ ਕੀਤੀ ਗਈ ਹੈ। ਜਿਸ ਦੇ ਸਬੰਧ ਵਿੱਚ ਐਸ.ਐਚ.ਓ. ਸਿਟੀ ਨੇ ਤੁਰੰਤ ਕਾਰਵਾਈ ਕਰਦਿਆ, ਮੁਕੱਦਮਾ ਦਰਜ ਕਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।