ਡਾਈਂਗ ਤੇ ਪਿੰਡਾਂ ਦੇ ਪਾਣੀ ਕਾਰਨ ਰਾਹੋਂ ਰੋਡ ਦਾ ਸੀਵਰੇਜ਼ ਹੋ ਰਿਹਾ ਹੈ ਓਵਰਫਲੋ

06/24/2018 3:02:00 PM

ਲੁਧਿਆਣਾ (ਹਿਤੇਸ਼) - ਰਾਹੋਂ ਰੋਡ ਵਾਲਾ ਸੀਵਰੇਜ਼ ਓਵਰਫਲੋ ਹੋਣ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਵਿਧਾਇਕ ਸੰਜੇ ਤਲਵਾੜ ਨੇ ਸ਼ੁੱਕਰਵਾਰ ਨੂੰ ਨਗਰ ਨਿਗਮ ਅਫਸਰਾਂ ਦੇ ਨਾਲ ਮੌਕੇ ਦਾ ਦੌਰਾ ਕੀਤਾ, ਜਿਥੇ ਇਸ ਸਮੱਸਿਆ ਲਈ ਡਾਈਂਗ ਅਤੇ ਨਾਲ ਲੱਗਦੇ ਪਿੰਡਾਂ ਨੂੰ ਜਾਂਦੇ ਪਾਣੀ ਨੂੰ ਜ਼ਿੰਮੇਵਾਰ ਦੱਸਿਆ। ਇਸ ਮੌਕੇ  ਤਲਵਾੜ ਨੇ ਅਫਸਰਾਂ ਨੂੰ ਸੀਵਰੇਜ਼ ਓਵਰਫਲੋ ਹੋਣ ਦੀ ਸਮੱਸਿਆ 'ਚ ਸੁਧਾਰ ਲਿਆਉਣ ਲਈ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।
ਇਥੇ ਦੱਸਣਾ ਜ਼ਰੂਰੀ ਹੈ ਕਿ ਰਾਹੋਂ ਰੋਡ 'ਤੇ ਸੀਵਰੇਜ਼ ਜਾਮ ਦੀ ਸਮੱਸਿਆ ਕਾਫੀ ਦੇਰ ਤੋਂ ਆ ਰਹੀ ਹੈ, ਜਿਸ ਕਾਰਨ ਬਿਨਾਂ ਬਰਸਾਤ ਦੇ ਹੀ ਗੰਦਾ ਪਾਣੀ ਓਵਰਫਲੋ ਹੋ ਕੇ ਸੜਕਾਂ 'ਤੇ ਘੁੰਮਦਾ ਰਹਿੰਦਾ ਹੈ। ਇਸ ਨਾਲ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਗੰਦਗੀ ਅਤੇ ਬਦਬੂ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸੀਵਰੇਜ਼ ਦੀ ਸੁਪਰ ਸੈਕਸ਼ਨ ਮਸ਼ੀਨਾਂ ਨਾਲ ਸਫਾਈ ਕਰਵਾਉਣ ਦਾ ਫੈਸਲਾ ਕੀਤਾ ਗਿਆ, ਜੋ ਕੰਮ ਖੁਦ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਨੇ ਸ਼ੁਰੂ ਕਰਵਾਇਆ ਸੀ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ ਅਤੇ ਸੀਵਰੇਜ਼ ਬੋਰਡ ਵਲੋਂ ਪਾਈਆਂ ਗਈਆਂ ਲਾਈਨਾਂ ਦੀ ਲੈਵਲਿੰਗ ਠੀਕ ਨਾ ਹੋਣ ਦਾ ਪਹਿਲੂ ਸਾਹਮਣੇ ਆ ਗਿਆ। ਜਿਸ ਤੋਂ ਬਾਅਦ ਸੀਵਰੇਜ਼ ਦੇ ਕੁਝ ਨਵੇਂ ਮੈਨਹੋਲ ਵੀ ਬਣਾ ਦਿੱਤੇ ਗਏ ਪਰ ਹਾਲਾਤ ਫਿਰ ਵੀ ਨਹੀਂ ਬਦਲੇ।
ਇਸ 'ਤੇ ਤਲਵਾੜ ਜਦ ਅਫਸਰਾਂ ਦੇ ਨਾਲ ਪਹੁੰਚੇ ਤਾਂ ਇਹ ਗੱਲ ਸਾਹਮਣੇ ਆਈ ਕਿ ਨਾਲ ਲੱਗਦੇ ਇਲਾਕੇ ਦੀ ਡਾਈਂਗ ਅਤੇ ਪਿੰਡਾਂ ਦੇ ਪਾਣੀ ਦਾ ਲੋਡ ਵਧਣ ਕਾਰਨ ਸੀਵਰੇਜ਼ ਓਵਰਫਲੋ ਹੋ ਰਿਹਾ ਹੈ, ਜਿਸ ਦੇ ਮੱਦੇਨਜ਼ਰ ਡਾਈਂਗ ਮਾਲਕਾਂ ਨੂੰ ਪ੍ਰੈਸ਼ਰ ਦੀ ਜਗ੍ਹਾ ਥੋੜ੍ਹਾ-ਥੋੜ੍ਹਾ ਕਰ ਕੇ ਪਾਣੀ ਛੱਡਣ ਦੀ ਹਦਾਇਤ ਦਿੱਤੀ ਜਾਵੇਗੀ ਅਤੇ ਉਸ ਦੇ ਬਾਅਦ ਸਮੱਸਿਆ ਦਾ ਹੱਲ ਹੋਣ ਬਾਰੇ ਜਾਇਜ਼ਾ ਲੈਣ ਲਈ ਸ਼ਨੀਵਾਰ ਨੂੰ ਫਿਰ ਤੋਂ ਅਫਸਰਾਂ ਨੂੰ ਜਾਇਜ਼ਾ ਲੈਣ ਲਈ ਕਿਹਾ ਗਿਆ ਹੈ। ਇਸ ਮੌਕੇ ਜ਼ੋਨਲ ਕਮਿਸ਼ਨਰ ਅਨੀਤਾ ਦਰਸ਼ੀ, ਓ. ਐਂਡ ਐੱਮ. ਸੈੱਲ ਦੇ ਅਫਸਰ ਰਜਿੰਦਰ ਸਿੰਘ, ਰਵਿੰਦਰ ਗਰਗ, ਕੌਂਸਲਰ ਹਰਜਿੰਦਰ ਲਾਲੀ, ਮੋਨੂ ਖਿੰਡਾ ਆਦਿ ਮੌਜੂਦ ਸਨ।


Related News