ਸੀਵਰੇਜ ਦਾ ਪਾਣੀ ਲੀਕ ਹੋਣ ਨਾਲ ਬੀਮਾਰੀਅਾਂ ਫੈਲਣ ਦਾ ਖਤਰਾ
Sunday, Jun 17, 2018 - 02:43 AM (IST)
ਰਈਆ, (ਹਰਜੀਪ੍ਰੀਤ)- ਕਸਬੇ ਦੇ ਮੇਨ ਜੀ. ਟੀ. ਰੋਡ ’ਤੇ ਸੀਵਰੇਜ ਦੇ ਲੀਕ ਹੋਣ ਨਾਲ ਬੀਮਾਰੀਅਾਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਇਹ ਸੀਵਰੇਜ ਲਾਈਨ ਕਰੀਬ ਇਕ ਸਾਲ ਤੋਂ ਬੰਦ ਹੈ। ਨਗਰ ਪੰਚਾਇਤ ਦੇ ਅਧਿਕਾਰੀਆਂ ਦੇ ਵਾਰ-ਵਾਰ ਧਿਆਨ ’ਚ ਲਿਆਉਣ ਦੇ ਬਾਵਜੂਦ ਇਸ ਮਸਲੇ ਨੂੰ ਹੱਲ ਨਹੀਂ ਕੀਤਾ ਜਾ ਰਿਹਾ। ਸੁਖਵਿੰਦਰ ਸਿੰਘ ਮੱਤੇਵਾਲ ਤੇ ਜਗਰੂਪ ਸਿੰਘ ਨੇ ਗੱਲਬਾਤ ਕਰਦਿਅਾਂ ਕਿਹਾ ਕਿ ਇਸ ਦੀ ਲਿਖਤੀ ਸ਼ਿਕਾਇਤ ਵੀ ਨਗਰ ਪੰਚਾਇਤ ਦਫਤਰ ਵਿਖੇ ਦਿੱਤੀ ਗਈ ਪਰ 3 ਦਿਨ ਬੀਤਣ ਤੋਂ ਬਾਅਦ ਵੀ ਕੋਈ ਇਥੇ ਨਹੀਂ ਆਇਆ। ਗੰਦਾ ਪਾਣੀ ਗਟਰ ਦੇ ਢੱਕਣਾਂ ਤੋਂ ਬਾਹਰ ਵਗ ਰਿਹਾ ਹੈ, ਜਿਸ ਕਾਰਨ ਕਾਰੋਬਾਰ ’ਤੇ ਵੀ ਮਾਡ਼ਾ ਪ੍ਰਭਾਵ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਗੇ ਬਰਸਾਤ ਦਾ ਮੌਸਮ ਆ ਰਿਹਾ ਹੈ, ਪਾਣੀ ਦੀ ਠੀਕ ਨਿਕਾਸੀ ਨਾ ਹੋਣ ਕਾਰਨ ਦੁਕਾਨਦਾਰਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਲੋਕਾਂ ਨੇ ਗੱਲਬਾਤ ਕਰਦਿਅਾਂ ਦੱਸਿਆ ਕਿ ਸ਼ਹਿਰ ’ਚ ਪਾਣੀ ਦੀ ਨਿਕਾਸੀ ਦੀ ਵਿਵਸਥਾ ਠੀਕ ਨਹੀਂ ਹੈ, ਪ੍ਰਸ਼ਾਸਨ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਸਬੰਧੀ ਜਦੋਂ ਕਾਰਜਸਾਧਕ ਅਫਸਰ ਰਈਆ ਮਨਮੋਹਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਹੁਣੇ ਸਬੰਧਤ ਅਧਿਕਾਰੀ ਤੋਂ ਪਹਿਲ ਦੇ ਅਾਧਾਰ ’ਤੇ ਇਸ ਸਮੱਸਿਅਾ ਦਾ ਹੱਲ ਕਰਵਾਉਂਦਾ ਹਾਂ, ਅੱਗੇ ਤੋਂ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੇਰੇ ਧਿਆਨ ਵਿਚ ਕਿਸੇ ਨਹੀਂ ਲਿਅਾਂਦਾ।
