PUNJAB : ਸਿਲੰਡਰ ਤੋਂ ਲੀਕ ਹੋਈ ਗੈਸ ਨੇ ਮਚਾਈ ਤਬਾਹੀ, ਘਰ ਛੱਡ ਗਲੀਆਂ ਵੱਲ ਦੌੜੇ ਲੋਕ
Tuesday, Jan 27, 2026 - 10:12 AM (IST)
ਲੁਧਿਆਣਾ (ਵੈੱਬ ਡੈਸਕ, ਖੁਰਾਣਾ) : ਸਥਾਨਕ ਜਵਾਹਰ ਨਗਰ ਕੈਂਪ ਦੀ ਗਲੀ ਨੰਬਰ-4 'ਚ ਬੀਤੀ ਰਾਤ ਉਸ ਵੇਲੇ ਹਾਹਾਕਾਰ ਮਚ ਗਈ, ਜਦੋਂ ਸਿਲੰਡਰ ਦੀ ਪਾਈਪ ਤੋਂ ਗੈਸ ਲੀਕ ਹੋਣ ਕਾਰਨ ਅੱਗ ਦੇ ਭਾਂਬੜ ਮਚ ਗਏ। ਹਾਲਾਂਕਿ ਇਸ ਹਾਦਸੇ ਦੌਰਾਨ ਪਰਿਵਾਰ ਦਾ ਵਾਲ-ਵਾਲ ਬਚਾਅ ਹੋ ਗਿਆ। ਇਹ ਮੰਜ਼ਰ ਇੰਨਾ ਭਿਆਨਕ ਸੀ ਕਿ ਘਰ 'ਚੋਂ ਉੱਠਦੀਆਂ ਅੱਗ ਦੀਆਂ ਉੱਚੀਆਂ ਲਪਟਾਂ ਨੂੰ ਦੇਖ ਕੇ ਪੂਰੇ ਮੁਹੱਲੇ 'ਚ ਦਹਿਸ਼ਤ ਫੈਲ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਘਰਾਂ ਤੋਂ ਬਾਹਰ ਗਲੀਆਂ 'ਚ ਨਿਕਲ ਆਏ। ਸਮਾਂ ਰਹਿੰਦੇ ਘਰ ਅੰਦਰੋਂ ਮਾਸੂਮ ਬੱਚਿਆਂ ਅਤੇ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਸ ਕਾਰਨ ਇਕ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਇਹ ਵੀ ਪੜ੍ਹੋ : ਮੋਗਾ 'ਚ ਪਰੇਡ ਦੌਰਾਨ ਬੇਹੋਸ਼ ਹੋਈਆਂ ਵਿਦਿਆਰਥਣਾਂ, ਤੁਰੰਤ ਲਿਜਾਇਆ ਗਿਆ ਹਸਪਤਾਲ
ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਪਰਿਵਾਰ ਰਾਤ ਦੇ ਖਾਣੇ ਦੀ ਤਿਆਰੀ ਕਰ ਰਿਹਾ ਸੀ। ਅਚਾਨਕ ਸਿਲੰਡਰ ਦੀ ਪਾਈਪ ਤੋਂ ਗੈਸ ਲੀਕ ਹੋਣ ਲੱਗੀ ਅਤੇ ਦੇਖਦੇ ਹੀ ਦੇਖਦੇ ਅੱਗ ਲੱਗ ਗਈ। ਅੱਗ ਨੇ ਪੂਰੀ ਰਸੋਈ ਨੂੰ ਆਪਣੀ ਲਪੇਟ 'ਚ ਲੈ ਲਿਆ। ਪਰਿਵਾਰ ਨੇ ਬਹਾਦਰੀ ਦਿਖਾਉਂਦੇ ਹੋਏ ਅੱਗ 'ਤੇ ਕਾਬੂ ਪਾਉਣ ਲਈ ਗਿੱਲੇ ਗੱਦੇ ਵੀ ਪਾਏ ਪਰ ਅੱਗ ਦੀਆਂ ਲਪਟਾਂ ਬੇਕਾਬੂ ਸਨ ਅਤੇ ਸਭ ਕੁੱਝ ਨਾਕਾਮ ਸਾਬਿਤ ਹੋਇਆ। ਘਰ ਅੰਦਰ ਧੂੰਏਂ ਅਤੇ ਅੱਗ ਵਿਚਕਾਰ ਫਸੇ ਬੱਚਿਆਂ ਨੇ ਰੌਲਾ ਪਾਇਆ ਤਾਂ ਗੁਆਂਢੀਆਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ। ਇਲਾਕਾ ਕਾਫੀ ਤੰਗ ਅਤੇ ਗਲੀਆਂ ਭੀੜੀਆਂ ਹੋਣ ਕਾਰਨ ਫਾਇਰ ਮੁਲਾਜ਼ਮਾਂ ਨੂੰ ਘਰ ਤੱਕ ਪੁੱਜਣ 'ਚ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ। ਫਾਇੜ ਅਧਿਕਾਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਤੁਰੰਤ ਮੋਰਚਾ ਸੰਭਾਲਿਆ। ਅੱਗ ਸਿਲੰਡਰ ਦੀ ਪਾਈਪ ਤੋਂ ਸ਼ੁਰੂ ਹੋਈ ਸੀ। ਜੇਕਰ ਥੋੜ੍ਹੀ ਵੀ ਦੇਰ ਹੋ ਜਾਂਦੀ ਤਾਂ ਸਿਲੰਡਰ ਫੱਟ ਸਕਦਾ ਸੀ ਅਤੇ ਸੰਘਣੀ ਅਬਾਦੀ ਹੋਣ ਕਾਰਨ ਭਾਰੀ ਤਬਾਹੀ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
