ਸੀਵਰੇਜ਼ ਦਾ ਗੰਦਾ ਪਾਣੀ ਘਰਾਂ ''ਚ ਆਉਣ ਕਾਰਨ ਲੋਕ ਨੇ ਸੜਕਾਂ ''ਤੇ ਬੈਠ ਕੀਤਾ ਭੋਜਨ

Sunday, Jul 29, 2018 - 08:25 PM (IST)

ਸੀਵਰੇਜ਼ ਦਾ ਗੰਦਾ ਪਾਣੀ ਘਰਾਂ ''ਚ ਆਉਣ ਕਾਰਨ ਲੋਕ ਨੇ ਸੜਕਾਂ ''ਤੇ ਬੈਠ ਕੀਤਾ ਭੋਜਨ

ਬਠਿੰਡਾ (ਬਲਵਿੰਦਰ)-ਨਿੱਤ ਨਵੇਂ ਸ਼ਗੂਫੇ ਛੱਡਣ ਲਈ ਪ੍ਰਸਿੱਧ ਸਾਬਕਾ ਕੌਂਸਲਰ ਵਿਜੇ ਐਮ.ਸੀ ਮੈਂਬਰ ਰੇਲਵੇ ਵਿਭਾਗ ਕਮੇਟੀ ਦੀ ਅਗਵਾਈ ਹੇਠ ਲੋਕਾਂ ਨੇ ਅੱਜ ਚੌਕ 'ਚ ਬੈਠ ਕੇ ਭੋਜਨ ਕੀਤਾ ਤੇ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ। ਜਿਨ੍ਹਾਂ ਦਾ ਦੋਸ਼ ਸੀ ਕਿ ਘਰਾਂ 'ਚ ਸੀਵਰੇਜ਼ ਦਾ ਗੰਦਾ ਪਾਣੀ ਆਉਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਸੜਕਾਂ 'ਤੇ ਬੈਠ ਕੇ ਭੋਜਨ ਖਾਣ ਲਈ ਮਜਬੂਰ ਹੋ ਗਏ ਹਨ।
ਇਸ ਮੌਕੇ ਅਕਾਲੀ ਆਗੂ ਵਿਜੇ ਐਮ.ਸੀ ਨੇ ਕਿਹਾ ਕਿ ਪਰਸਰਾਮ ਨਗਰ, ਪ੍ਰਤਾਪ ਨਗਰ ਤੇ ਹੋਰ ਲਾਇਨਪਾਰ ਖੇਤਰਾਂ 'ਚ ਸੀਵਰੇਜ਼ ਬੰਦ ਪਿਆ ਹੈ। ਸਫਾਈ ਆਦਿ ਪ੍ਰਬੰਧਾਂ ਦੀ ਠੇਕੇਦਾਰ ਕੰਪਨੀ ਤ੍ਰਿਵੈਣੀ ਅਤੇ ਸੀਵਰੇਜ਼ ਵਿਭਾਗ ਦੀ ਆਪਣੀ ਟਸਲਬਾਜੀ 'ਚ ਨਾ ਤਾਂ ਸੀਵਰੇਜ਼ ਦੀ ਸਫਾਈ ਹੋ ਰਹੀ ਹੈ ਤੇ ਨਾ ਹੀ ਸਫਾਈ ਦਾ ਕੋਈ ਹੋਰ ਕਾਰਜ਼ ਹੋ ਰਿਹਾ ਹੈ। ਸਿੱਟੇ ਵਜੋਂ ਹਰ ਪਾਸੇ ਬਦਬੂਦਾਰ ਗੰਦਾ ਪਾਣੀ ਘੁੰਮ ਰਿਹਾ ਹੈ। ਉਕਤ ਇਲਾਕਿਆਂ 'ਚ ਬਹੁਤ ਸਾਰੇ ਘਰਾਂ ਦੇ ਅੰਦਰ ਇਕ ਹਫ਼ਤੇ ਤੋਂ ਗੰਦਾ ਪਾਣੀ ਭਰਿਆ ਪਿਆ ਹੈ। ਜਿਸ ਕਾਰਨ ਉਨ੍ਹਾਂ ਦਾ ਜਿਉਣਾ ਦੁੱਭਰ ਹੈ। ਉਨ੍ਹਾਂ ਕਿਹਾ ਕਿ ਸਿਆਸੀ ਖਹਿਬਾਜੀ ਦੇ ਚਲਦਿਆਂ ਕਾਂਗਰਸੀ ਮੰਤਰੀ ਨੇ ਨਗਰ ਨਿਗਮ ਦੇ ਫੰਡ ਵੀ ਰੋਕ ਦਿੱਤੇ ਹਨ, ਕਿਉਂਕਿ ਮੇਅਰ ਅਕਾਲੀ ਦਲ ਦਾ ਹੈ। ਜਿਸਦੇ ਚਲਦਿਆਂ ਵਿਕਾਸ ਕਾਰਜ਼, ਸਫਾਈ ਅਭਿਆਨ ਆਦਿ ਸਭ ਕੁਝ ਠੱਪ ਹੋ ਕੇ ਰਹਿ ਗਿਆ ਹੈ। 
ਲੋਕਾਂ ਦਾ ਕਹਿਣਾ ਸੀ ਕਿ ਬਦਬੂ 'ਚ ਉਨ੍ਹਾਂ ਦਾ ਖਾਣਾ-ਪੀਣਾ ਮੁਸ਼ਕਲ ਹੋ ਗਿਆ ਹੈ। ਜਿਸ ਕਾਰਨ ਉਨ੍ਹਾਂ ਦੀਆਂ ਰਸੋਈਆਂ ਗਲੀਆਂ 'ਚ ਨਿਕਲ ਆਈਆਂ ਹਨ ਤੇ ਉਹ ਸੜਕ 'ਤੇ ਬੈਠ ਕੇ ਰੋਟੀ ਖਾਣੀ ਖਾਣ ਲਈ ਮਜਬੂਰ ਹਨ।
ਤ੍ਰਿਵੈਣੀ ਕੰਪਨੀ ਦਾ ਸਫਾਈ ਟੈਂਕਰ ਘੇਰਿਆ 
ਮੌਕੇ 'ਤੇ ਲੋਕਾਂ ਨੇ ਤ੍ਰਿਵੈਣੀ ਦਾ ਸਫਾਈ ਟੈਂਕਰ ਘੇਰ ਲਿਆ, ਜਿਸ ਨੂੰ ਉਹ ਆਪਣੇ ਨਾਲ ਹੀ ਲੈ ਗਏ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਸੀਵਰੇਜ਼ ਦੀ ਸਫਾਈ ਮੁਕੰਮਲ ਨਹੀਂ ਹੁੰਦੀ, ਉਦੋਂ ਤੱਕ ਮੁਲਾਜ਼ਮ ਜਾਂ ਟੈਂਕਰ ਨੂੰ ਨਹੀਂ ਛੱਡਿਆ ਜਾਵੇਗਾ। 
ਹੁਣ ਗੰਦਾ ਪਾਣੀ ਤ੍ਰਿਵੈਣੀ ਤੇ ਸੀਵਰੇਜ਼ ਬੋਰਡ ਦੇ ਦਫ਼ਤਰਾਂ 'ਚ ਪਹੁੰਚੇਗਾ : ਵਿਜੇ ਐਮ.ਸੀ
ਵਿਜੇ ਐਮ.ਸੀ ਨੇ ਕਿਹਾ ਕਿ ਇਹ ਧਰਨਾ ਸਿਰਫ ਇਕ ਚੇਤਾਵਨੀ ਹੈ। ਜੇਕਰ ਇਕ-ਦੋ ਦਿਨਾਂ ਦੇ ਅੰਦਰ ਹੀ ਬੰਦ ਸੀਵਰੇਜ਼ ਖੋਲ੍ਹ ਕੇ ਲਾਇਨਪਾਰ ਖੇਤਰਾਂ ਦੇ ਘਰਾਂ ਤੇ ਗਲੀਆਂ 'ਚੋਂ ਗੰਦਾ ਪਾਣੀ ਨਾ ਕੱਢਿਆ ਗਿਆ ਤਾਂ ਸੀਵਰੇਜ਼ ਬੋਰਡ ਤੇ ਤ੍ਰਿਵੈਣੀ ਕੰਪਨੀ ਦੇ ਦਫ਼ਤਰਾਂ ਅਤੇ ਅਧਿਕਾਰੀਆਂ ਦੇ ਘਰਾਂ 'ਚ ਪਹੁੰਚਾਇਆ ਜਾਵੇਗਾ। ਜਦੋਂ ਕਿ ਅਧਿਕਾਰੀਆਂ ਦਾ ਘੇਰਾਓ ਵੀ ਅਣਮਿੱਥੇ ਸਮੇਂ ਲਈ ਕੀਤਾ ਜਾਵੇਗਾ।


Related News