ਜ਼ਿਲੇ ਦੇ 49 ਸੇਵਾ ਕੇਂਦਰਾਂ ’ਚੋਂ 35 ਕੇਂਦਰ ਕੀਤੇ ਬੰਦ

Friday, Jul 20, 2018 - 07:15 AM (IST)

ਫਤਿਹਗਡ਼੍ਹ ਸਾਹਿਬ,   (ਬਖਸ਼ੀ)-  ਲੋਕਾਂ ਨੂੰ 170 ਤਰ੍ਹਾਂ ਦੀਆਂ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਉਣ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਜ਼ਿਲੇ ’ਚ ਬਣਾਏ ਗਏ 49 ਸੇਵਾ ਕੇਂਦਰਾਂ ’ਚੋਂ 35 ਸੇਵਾ ਕੇਂਦਰ ਬੰਦ ਕਰ ਦਿੱਤੇ ਗਏ।
 ਜ਼ਿਲਾ ਈ-ਗਵਰਨੈਂਸ ਕੋਆਰਡੀਨੇਟਰ ਸ਼ਰਨਵੀਰ ਕੌਰ ਤੇ ਸੇਵਾ ਕੇਂਦਰ ਦੇ ਏ. ਡੀ. ਐੱਮ. ਸੰਜੀਵ ਕੁਮਾਰ ਨੇ ਦੱਸਿਆ ਕਿ 12 ਅਗਸਤ 2016 ਨੂੰ ਇਹ ਸੇਵਾ ਕੇਂਦਰ ਸ਼ੁਰੂ ਕੀਤੇ ਗਏ ਸਨ। ਪੰਜਾਬ ਸਰਕਾਰ ਵਲੋਂ ਉਨ੍ਹਾਂ ਸੇਵਾ ਕੇਂਦਰਾਂ ਦੀ ਪ੍ਰਪੋਜਲ ਮੰਗੀ ਗਈ ਸੀ, ਜਿਨ੍ਹਾਂ ’ਚ ਸੇਵਾਵਾਂ ਲੈਣ ਵਾਲੇ ਲੋਕਾਂ ਦੀ ਗਿਣਤੀ ਘੱਟ ਸੀ।
 ਇਸ ਲਈ ਸਰਕਾਰ ਵਲੋਂ ਇਨ੍ਹਾਂ 35 ਸੇਵਾ ਕੇਂਦਰਾਂ ਨੂੰ ਬੰਦ ਕੀਤਾ ਗਿਆ, ਜਿਨ੍ਹਾਂ ’ਚ ਪੇਂਡੂ ਖੇਤਰ ’ਚ 31 ਤੇ ਸ਼ਹਿਰੀ ਖੇਤਰ ’ਚ 4 ਸੇਵਾ ਕੇਂਦਰ ਸ਼ਾਮਲ ਹਨ। ਏ. ਡੀ. ਐੱਮ. ਸੰਜੀਵ ਕੁਮਾਰ ਨੇ ਦੱਸਿਆ ਕਿ 1 ਅਗਸਤ ਤੋਂ ਜ਼ਿਲਾ ਹੈਡਕੁਆਟਰ ਦੇ ਸੇਵਾ ਕੇਂਦਰ ’ਚ 6 ਤੋਂ ਵਧਾ ਕੇ 9 ਕਾਊਂਟਰ, ਸ਼ਹਿਰੀ ਖੇਤਰ ’ਚ 3 ਤੋਂ ਵਧਾ ਕੇ 5 ਤੇ ਪੇਂਡੂ ਖੇਤਰ ’ਚ 1 ਤੋਂ ਵਧਾ ਕੇ 3 ਕਾਊਂਟਰ ਕੀਤੇ ਜਾ ਰਹੇ ਹਨ, ਜਿੱਥੇ ਬੰਦ ਹੋਏ ਸੇਵਾ ਕੇਂਦਰਾਂ ਦੇ ਮੁਲਾਜ਼ਮ ਕੰਮ ਕਰਨਗੇ। 
ਇਨ੍ਹਾਂ ਸੇਵਾ ਕੇਂਦਰ ਬੰਦ ਹੋਣ ਕਾਰਨ ਜ਼ਿਲਾ ਹੈੱਡਕੁਆਟਰ ’ਤੇ ਆਪਣੇ ਕੰਮ ਕਰਵਾਉਣ ਲਈ ਆਏ ਲੋਕਾਂ ਦੀ ਭਾਰੀ ਭੀਡ਼ ਦੇਖਣ ਨੂੰ ਮਿਲੀ ਤੇ ਮੌਜੂਦਾ ਸਮੇਂ ਕਾਊਂਟਰ ਘੱਟ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜ਼ਿਲਾ ਹੈੱਡਕੁਆਟਰ ’ਤੇ ਆਪਣੇ ਕੰਮਾਂ ਲਈ ਆਏ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਪਹਿਲਾਂ ਕਾਊਂਟਰ ਵਧਾ ਕੇ ਬਾਅਦ ’ਚ ਸੇਵਾ ਕੇਂਦਰ ਬੰਦ ਕਰਨੇ ਚਾਹੀਦੇ ਸਨ।
 


Related News