ਬੇਰੰਗ ਪਰਤੇ ਸੇਵਾ ਕੇਂਦਰ ਦਾ ਸਾਮਾਨ ਚੁੱਕਣ ਪੁੱਜੇ ਅਧਿਕਾਰੀ

Tuesday, Jul 24, 2018 - 02:00 AM (IST)

ਬੇਰੰਗ ਪਰਤੇ ਸੇਵਾ ਕੇਂਦਰ ਦਾ ਸਾਮਾਨ ਚੁੱਕਣ ਪੁੱਜੇ ਅਧਿਕਾਰੀ

 ਸੰਦੌਡ਼,  (ਰਿਖੀ)– ਅਕਾਲੀ ਦਲ ਬਾਦਲ ਦੀ ਸਰਕਾਰ ਮੌਕੇ ਸੁਖਬੀਰ ਸਿੰਘ ਬਾਦਲ ਵੱਲੋਂ ਲੋਕਾਂ ਨੂੰ ਇਕੋ ਖਿਡ਼ਕੀ ਤੋਂ ਸਾਰੀਆਂ ਸੇਵਾਵਾਂ ਦੇਣ ਦੇ ਮਕਸਦ ਨਾਲ ਖੋਲ੍ਹੇ  ਗਏ ਸੇਵਾ ਕੇਂਦਰਾਂ ਨੂੰ ਕਾਂਗਰਸ ਸਰਕਾਰ ਨੇ ਧਡ਼ਾਧਡ਼ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ  ਫੈਸਲੇ ਤਹਿਤ ਜ਼ਿਲੇ ’ਚ ਚੱਲਦੇ 140 ਪੇਂਡੂ ਸੇਵਾ ਕੇਂਦਰਾਂ ’ਚੋਂ 31 ਸੇਵਾ ਕੇਂਦਰਾਂ ਨੂੰ ਹੀ ਚਾਲੂ  ਰੱਖਿਆ ਗਿਆ ਹੈ। ਪਿੰਡ ਪੰਜਗਰਾਈਆਂ ਦਾ ਸੇਵਾ ਕੇਂਦਰ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਸੇਵਾ ਕੇਂਦਰ ਦਾ ਸਾਮਾਨ ਚੁੱਕਣ ਆਏ ਅਧਿਕਾਰੀਆਂ ਦੀ ਭਿਣਕ ਜਦੋਂ ਪਿੰਡ ਤੇ ਇਲਾਕੇ ਦੇ ਲੋਕਾਂ ਨੂੰ ਲੱਗੀ ਤਾਂ ਸੈਂਕਡ਼ੇ ਲੋਕ ਸੇਵਾ ਕੇਂਦਰ ਅੱਗੇ ਇਕੱਠੇ ਹੋ ਗਏ  ਅਤੇ  ਉਨ੍ਹਾਂ  ਸਾਮਾਨ ਚੁੱਕਣ ਦਾ ਵਿਰੋਧ ਕਰਨ ਕਰਕੇ ਆਏ ਅਧਿਕਾਰੀਆਂ ਨੂੰ ਖਾਲੀ ਹੱਥ ਪਰਤਣ  ਲਈ  ਮਜਬੂਰ  ਕਰ ਦਿੱਤਾ।   ਕੰਪਨੀ ਵੱਲੋਂ ਸੇਵਾ ਕੇਂਦਰ ਦਾ ਸਾਮਾਨ ਚੁੱਕਣ  ਆਏ  ਵਿਅਕਤੀਅਾਂ  ਨੂੰ ਪਿੰਡ  ਵਾਸੀ ਘੇਰ ਕੇ ਬੈਠ ਗਏ ਅਤੇ ਕੰਪਨੀ ਦੇ ਅਧਿਕਾਰੀਅਾਂ  ਨੂੰ ਪਿੰਡ ਵਾਸੀਅਾਂ ਦੇ ਰੋਹ ਨੂੰ ਦੇਖਦਿਅਾਂ ਬੇਰੰਗ ਪਰਤਣਾ ਪਿਆ।
ਸੇਵਾਵਾਂ ਦੇਣ ’ਚ ਜ਼ਿਲੇ ’ਚੋਂ ਦੂਜੇ ਨੰਬਰ ’ਤੇ ਸੀ ਕੇਂਦਰ 
 ਪਿੰਡ ਪੰਜਗਰਾਈਆਂ ਜੋ ਸੇਵਾ ਕੇਂਦਰ ਬੰਦ ਕਰ ਦਿੱਤਾ ਗਿਆ  ਹੈ,  ਉਹ ਲੋਕਾਂ ਨੂੰ ਸੇਵਾਵਾਂ ਦੇਣ ਦੇ ਰਿਕਾਰਡ ਅਨੁਸਾਰ ਜ਼ਿਲੇ  ’ਚੋਂ ਦੂਸਰੇ  ਸਥਾਨ ’ਤੇ ਸੀ। ਇਸ ਸੇਵਾ ਕੇਂਦਰ ਨੇ ਸਾਲ ਸਤੰਬਰ 2016 ਤੋਂ  ਜੁਲਾਈ 2018 ਤੱਕ 6490  ਅਰਜ਼ੀਆਂ ਦਾ ਨਿਪਟਾਰਾ ਕਰ ਕੇ ਦਰ-ਦਰ ਗੇਡ਼ੇ ਲਾਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ  ਸੀ। ਇਹ ਸੇਵਾ ਕੇਂਦਰ ਜਿਥੇ ਜ਼ਿਲਾ ਸੰਗਰੂਰ ’ਚੋਂ ਮੋਹਰੀ ਸੀ, ਉਥੇ ਜ਼ੋਨ ’ਚੋਂ  ਵੀ ਪਹਿਲੀ ਕਤਾਰ ਵਿਚ ਆਉਂਦਾ ਸੀ।

ਸੇਵਾ ਕੇਂਦਰ ਨੂੰ ਚਾਲੂ ਕਰਨ ਲਈ ਡੀ. ਸੀ. ਨੂੰ ਲਿਖਿਆ ਪੱਤਰ 
ਇਸ ਮੌਕੇ ਆਗੂਆਂ ਨੇ ਦੱਸਿਆ ਕਿ ਉਕਤ ਸੇਵਾ ਕੇਂਦਰ ਨੂੰ ਮੁਡ਼ ਚਾਲੂ ਕਰਾਉਣ ਲਈ ਇਲਾਕੇ ਦੇ 5 ਪਿੰਡਾਂ ਦੇ ਸਰਪੰਚਾਂ ਨੇ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇਸ ਫੈਸਲੇ ’ਤੇ ਮੁਡ਼ ਵਿਚਾਰ ਲਈ ਪੱਤਰ ਲਿਖਿਆ ਹੈ। ਇਸ ਪੱਤਰ ਵਿਚ ਸਰਪੰਚ ਗੁਰਵਿੰਦਰ ਸਿੰਘ ਪੰਜਗਰਾਈਆਂ, ਸਰਪੰਚ ਗੁਰਮੀਤ ਕੌਰ ਬਦੇਸ਼ਾ, ਸਰਪੰਚ ਮਾਇਆ ਕੌਰ ਗੁਰਬਖਸ਼ਪੁਰਾ, ਅਧਿਕਾਰਤ ਪੰਚ ਬਲਦੇਵ ਸਿੰਘ ਟਿੱਬਾ ਨੇ ਸੇਵਾ ਕੇਂਦਰ ਨੂੰ ਚਾਲੂ ਕਰਨ ਦੀ ਮੰਗ ਕੀਤੀ  ਹੈ। 

ਅੱਧੀ ਦਰਜਨ ਪਿੰਡਾਂ ਦੇ ਲੋਕ ਲੈਂਦੇ ਸਨ ਫਾਇਦਾ 
 ਇਸ ਮੌਕੇ ਕਾਂਗਰਸ ਪ੍ਰਧਾਨ ਪਾਲ ਸਿੰਘ, ਸਰਪੰਚ ਗੁਰਵਿੰਦਰ ਸਿੰਘ, ਪੰਚ ਈਸ਼ਰਪਾਲ ਸਿੰਘ ਪੰਜਗਰਾਈਆਂ, ਆਮ ਆਦਮੀ ਪਾਰਟੀ ਦੇ ਆਗੂ ਸਾਧੂ ਖਾਂ, ਸਮਾਜ ਸੇਵੀ ਗੁਰਪ੍ਰੀਤ ਸਿੰਘ ਧਾਲੀਵਾਲ, ਅਕਾਲੀ ਦਲ ਦੇ ਜਥੇਦਾਰ ਦਰਸ਼ਨ ਸਿੰਘ, ਜਥੇ. ਗੁਰਚਰਨ ਸਿੰਘ, ਮਾਸਟਰ ਤਰਸੇਮ ਪਾਲ, ਸੋਹਣ ਸਿੰਘ ਸੰਧੂ, ਲਾਲ ਸਿੰਘ ਸੰਧੂ, ਰੂਪ ਸਿੰਘ ਚਹਿਲ, ਪਿਆਰਾ ਸਿੰਘ ਪੰਜਗਰਾਈਆਂ, ਸਾਬਕਾ ਪੰਚ ਚੰਦ ਸਿੰਘ, ਸਾਬਕਾ ਪੰਚ ਕੇਸਰ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ਼ੇਰ ਸਿੰਘ, ਸਮਾਜ ਸੇਵੀ ਸੁਰਿੰਦਰ ਸਿੰਘ, ਯੂਥ ਕਲੱਬ ਪੰਜਗਰਾਈਆਂ ਦੇ ਮੀਤ ਪ੍ਰਧਾਨ ਹਰਜੀਤਪਾਲ ਵਿੱਕੀ, ਰਾਜੂ ਖੁਰਮੀ ਨੇ ਦੱਸਿਆ ਕਿ ਇਹ ਸੇਵਾ ਕੇਂਦਰ ਜਿੱਥੇ ਪੰਜਗਰਾਈਆਂ ਵਰਗੇ ਵੱਡੇ ਪਿੰਡਾਂ  ਲਈ  ਫਾਇਦੇਮੰਦ  ਸੀ ਉਥੇ ਨਾਲ ਲੱਗਦੇ ਅੱਧੀ ਦਰਜਨ ਪਿੰਡਾਂ ਨੂੰ ਇਸ ਦਾ ਬਹੁਤ ਫਇਦਾ ਸੀ।  ਆਗੂਅਾਂ ਨੇ ਕਿਹਾ ਕਿ ਜਿਹਡ਼ੇ ਕੰਮ ਇਸ  ਸੇਵਾ ਕੇਂਦਰ ਤੋਂ ਹੋ ਜਾਂਦੇ ਸਨ, ਉਨ੍ਹਾਂ ਲਈ ਹੁਣ ਫਿਰ 15 ਕਿਲੋਮੀਟਰ ਸਫਰ ਤੈਅ ਕਰਨਾ ਪਵੇਗਾ। ਸਰਕਾਰ ਵੱਲੋਂ ਅਜਿਹੇ ਸੇਵਾ ਕੇਂਦਰ ਚਾਲੂ ਰੱਖੇ ਗਏ ਹਨ, ਜਿਨ੍ਹਾਂ  ’ਤੇ ਵਰਕਲੋਡ ਬਿਲਕੁਲ ਵੀ ਨਹੀਂ ਸੀ। ਇਸ ਲਈ ਇਸ ਸੇਵਾ ਕੇਂਦਰ ਨੂੰ ਚਲਦਾ ਰੱਖਣਾ ਚਾਹੀਦਾ ਹੈ।
 


Related News