ਗੋਰਾਇਆ ''ਚ ਬਣੇ ਸੇਵਾ ਕੇਂਦਰਾਂ ਦੇ ਬਿਜਲੀ ਕੁਨੈਕਸ਼ਨ ਕਟੇ

01/31/2018 12:56:26 PM

ਗੋਰਾਇਆ(ਮੁਨੀਸ਼)— ਸ਼ਹਿਰ 'ਚ ਚੱਲ ਰਹੇ ਦੋ ਸੇਵਾਂ ਕੇਂਦਰਾਂ ਦੇ ਬਿਜਲੀ ਦੇ ਬਿੱਲ ਨਾ ਦੇਣ ਕਰਕੇ ਪੀ. ਐੱਸ. ਪੀ. ਸੀ. ਐੱਲ ਵੱਲੋਂ ਦੋਵੇਂ ਕੇਂਦਰਾਂ ਦੇ ਬਿਜਲੀ ਦੇ ਕੁਨੈਕਸ਼ਨ ਕਟ ਦਿੱਤੇ ਗਏ ਹਨ। ਇਸ ਦੇ ਕਾਰਨ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਦੋਵੇਂ ਸੇਵਾ ਕੇਂਦਰ ਜਨਰੇਟਰਾਂ ਨਾਲ ਬਿਜਲੀ ਦੀ ਸਪਲਾਈ ਚਲਾ ਰਹੇ ਹਨ ਪਰ ਵਿਭਾਗ ਵੱਲੋਂ 40 ਲੀਟਰ ਦੇ ਕਰੀਬ ਇਕ ਸੇਵਾ ਕੇਂਦਰ ਨੂੰ ਜਨਰੇਟਰ ਲਈ ਡੀਜ਼ਲ ਭੇਜ ਦਿੱਤਾ ਹੈ। 
ਜਾਣਕਾਰੀ ਮੁਤਾਬਕ ਸ਼ਹਿਰ ਦੀ ਪਾਣੀ ਵਾਲੀ ਟੈਂਕੀ ਟਿਊਬਵੈੱਲ ਨੰਬਰ-2 'ਤੇ ਬਣਿਆ ਸੇਵਾ ਕੇਂਦਰ ਦਾ ਬਿਜਲੀ ਬਿੱਲ ਦਾ ਬਕਾਇਆ 95 ਹਜ਼ਾਰ ਰੁਪਏ ਦੱਸਿਆ ਜਾ ਰਿਹਾ ਹੈ ਜਦਕਿ ਅਨਾਜ ਮੰਡੀ ਗੋਰਾਇਆ 'ਚ ਬਣੇ ਸੇਵਾ ਕੇਂਦਰ ਦਾ ਬਿਜਲੀ ਦੇ ਬਿੱਲ ਦਾ ਬਕਾਇਆ 88000 ਰੁਪਏ ਦੇ ਕਰੀਬ ਹੈ ਜੋ ਕਰੀਬ 6 ਮਹੀਨਿਆਂ ਵੱਲੋਂ ਦੱਸਿਆ ਜਾ ਰਿਹਾ ਹੈ। ਸੇਵਾ ਕੇਂਦਰ ਵੱਲੋਂ ਬਿੱਲ ਜਮ੍ਹਾ ਨਾ ਕਰਵਾਉਣ ਦੇ ਚਲਦਿਆਂ ਬਿਜਲੀ ਵਿਭਾਗ ਨੇ ਉਨ੍ਹਾਂ ਦੇ ਕੁਨੈਕਸ਼ਨ 25 ਜਨਵਰੀ ਨੂੰ ਕਟ ਦਿੱਤੇ ਸਨ ਜੋ ਅੱਜ ਤੱਕ ਬੰਦ ਹੈ। 
ਸੇਵਾ ਕੇਂਦਰਾਂ ਦੇ ਸੁਪਰਵਾਈਜ਼ਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਸੀ, ਜਿਨ੍ਹਾਂ ਵੱਲੋਂ ਪੀ. ਐੱਸ. ਪੀ. ਸੀ. ਐੱਲ. ਵਿਭਾਗ ਨੂੰ ਲਿਖਤੀ 'ਚ ਭੇਜਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਹੁਣ ਜਨਰੇਟਰ ਦੀ ਮਦਦ ਨਾਲ ਸੇਵਾ ਕੇਂਦਰ ਦਾ ਕੰਮ ਚੱਲ ਰਿਹਾ ਹੈ। ਉਥੇ ਬੜਾ ਪਿੰਡ ਰੋਡ ਅਨਾਜ ਮੰਡੀ 'ਚ ਬਣੇ ਦੂਜੇ ਸੇਵਾ ਕੇਂਦਰ ਦੀ ਗੱਲ ਕੀਤੀ ਜਾਵੇ ਤਾਂ ਉਹ ਰਾਮ ਭਰੋਸੇ ਹੀ ਚੱਲ ਰਿਹਾ ਹੈ। ਜਿਸ ਦਾ ਬਿਜਲੀ ਦਾ ਬਿੱਲ ਦਾ ਬਕਾਇਆ 88 ਹਜ਼ਾਰ ਰੁਪਏ ਹੈ। ਜਿੱਥੇ ਨਾ ਤਾਂ ਸੁਪਰਵਾਈਜ਼ਰ ਹੈ ਅਤੇ ਨਾ ਹੀ ਉਥੇ ਮੌਜੂਦ ਕਰਮਚਾਰੀਆਂ ਨੂੰ ਕੋਈ ਪੁੱਛਣ ਵਾਲਾ ਹੈ ਜੋ ਆਪਣੀ ਮਨਮਰਜ਼ੀ ਨਾਲ ਆਉਂਦੇ ਅਤੇ ਚਲੇ ਜਾਂਦੇ ਹਨ। 
ਅਨਾਜ ਮੰਡੀ 'ਚ ਦੋ ਮਹੀਨਿਆਂ ਤੋਂ ਨਹੀਂ ਲਗਾਇਆ ਗਿਆ ਸੁਪਰਵਾਈਜ਼ਰ
ਅਨਾਜ ਮੰਡੀ 'ਚ ਬਣੇ ਸੇਵਾ ਕੇਂਦਰ ਦੀ ਗੱਲ ਕੀਤੀ ਜਾਵੇ ਤਾਂ ਉਥੇ ਤਾਇਨਾਤ ਸੁਪਰਵਾਈਜ਼ਰ ਸੰਜੀਵ ਦੀ ਬਦਲੀ 30 ਨਵੰਬਰ ਦੀ ਹੋਈ ਹੈ, ਉਦੋਂ ਤੋਂ ਅੱਜ ਤੱਕ ਸੇਵਾ ਕੇਂਦਰ ਦੀ ਸੁਪਰਵਾਈਜ਼ਰ ਦੀ ਸੀਟ ਖਾਲੀ ਹੈ, ਜਿੱਥੇ ਅਜੇ ਤੱਕ ਕੋਈ ਸੁਪਰਵਾਈਜ਼ਰ ਨਹੀਂ ਲਗਾਇਆ ਗਿਆ। ਕੰਮ ਕਰਵਾਉਣ ਆਉਂਦੇ ਲੋਕਾਂ ਨੇ ਦੱਸਿਆ ਕਿ ਉਥੇ ਕਰਮਚਾਰੀ ਆਪਣੀ ਮਨਰਜੀ ਨਾਲ ਆਉਂਦੇ ਹਨ ਅਤੇ ਸ਼ਾਮ ਨੂੰ ਵੀ ਸੇਵਾ ਕੇਂਦਰ ਦੇ ਬੰਦ ਹੋਣ ਦੇ ਸਮੇਂ ਪਹਿਲਾਂ ਹੀ ਚਲੇ ਜਾਂਦੇ ਹਨ। 
ਇਕ ਹੀ ਸੇਵਾ ਕੇਂਦਰ 'ਚ ਬਣਾਏ ਜਾ ਹਹੇ ਹਨ ਆਧਾਰ ਕਾਰਡ 
ਸਰਕਾਰ ਵੱਲੋਂ ਆਧਾਰ ਕਾਰਡ ਨੂੰ ਹਰ ਕੰਮ ਲਈ ਜ਼ਰੂਰੀ ਕਰ ਦਿੱਤਾ ਗਿਆ ਹੈ ਜੋ ਹੁਣ ਸਿਰਫ ਸੇਵਾ ਕੇਂਦਰਾਂ 'ਚ ਹੀ ਬਣਾਏ ਜਾ ਰਹੇ ਹਨ, ਜਿਸ ਦੇ ਲਈ ਵਿਦੇਸ਼ਾਂ ਤੋਂ ਆਏ ਐੱਨ. ਆਰ. ਆਈ, ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ 'ਚ ਦੋ ਸੇਵਾ ਕੇਂਦਰ ਹੋਣ ਦੇ ਬਾਵਜੂਦ ਅਨਾਜ ਮੰਡੀ ਵਾਲੇ ਸੇਵਾ ਕੇਂਦਰ 'ਚ ਹੀ ਆਧਾਰ ਕਾਰਡ ਬਣਾਏ ਜਾ ਰਹੇ ਹਨ ਅਤੇ ਹਾਲਾਤ ਇਹ ਬਣੇ ਹੋਏ ਹਨ ਕਿ 9 ਵਜੇ ਸੇਵਾ ਕੇਂਦਰ ਖੁੱਲ੍ਹਣ ਦਾ ਸਮਾਂ ਹੈ ਪਰ ਆਧਾਰ ਕਾਰਡ ਬਣਵਾਉਣ ਵਾਲੇ ਉਪਭੋਗਤਾ ਸਵੇਰੇ 6 ਵਜੇ ਤੋਂ ਲਾਈਨਾਂ 'ਚ ਲੱਗੇ ਹੁੰਦੇ ਹਨ, ਜਿਨ੍ਹਾਂ ਨੂੰ ਟੋਕਣ ਦਿੱਤੇ ਜਾਂਦੇ ਹਨ ਅਤੇ ਇਕ ਦਿਨ 'ਚ 20-25 ਦੇ ਕਰੀਬ ਟੋਕਣ ਦਿੱਤੇ ਜਾਂਦੇ ਹਨ। ਇਸ ਬਾਬਤ ਜਦੋਂ ਟਿਊਬਵੈੱਲ ਨੰਬਰ-2 ਪਾਣੀ ਵਾਲੀ ਟੈਂਕੀ 'ਤੇ ਬਣੇ ਸੇਵਾ ਕੇਂਦਰ ਦੇ ਸੁਪਰਵਾਈਜ਼ਰ ਲੱਕੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ 8 ਜਨਵਰੀ ਨੂੰ ਆਧਾਰ ਕਾਰਡ ਬਣਾਉਣ ਵਾਲੇ ਕਰਮਚਾਰੀ ਦੀ ਬਦਲੀ ਹੋ ਗਈ ਸੀ, ਜਿਸ ਦੇ ਬਾਅਦ ਇਥੇ ਕੋਈ ਕਰਮਚਾਰੀ ਨਹੀਂ ਲਗਾਇਆ ਗਿਆ। ਇਸ ਦੇ ਚਲਦਿਆਂ ਇਸ ਸੇਵਾ ਕੇਂਦਰ 'ਚ ਆਧਾਰ ਕਾਰਡ ਨਹੀਂ ਬਣਾਏ ਜਾ ਰਹੇ।


Related News