ਆਜ਼ਾਦ ਨਗਰ ਵਾਸੀਆਂ ਸਰਪੰਚ ''ਤੇ ਲਾਏ ਗੰਭੀਰ ਦੋਸ਼

Monday, Sep 04, 2017 - 04:39 AM (IST)

ਰੂਪਨਗਰ- ਪਿੰਡ ਛੋਟੀ ਹਵੇਲੀ ਦੇ ਨਾਲ ਲੱਗਦੇ ਵਾਰਡ ਨੰਬਰ 1 ਦੇ ਆਜ਼ਾਦ ਨਗਰ ਵਾਸੀਆਂ ਨੇ ਪਿੰਡ ਦੇ ਸਰਪੰਚ 'ਤੇ ਵਿਕਾਸ ਦੇ ਨਾਂ 'ਤੇ ਭੇਦਭਾਵ ਕਰਨ ਦਾ ਦੋਸ਼ ਲਾਇਆ ਹੈ। 
ਇਸ ਸੰਬੰਧੀ ਆਜ਼ਾਦ ਨਗਰ ਦੇ ਪ੍ਰਧਾਨ ਦਰਬਾਰਾ ਸਿੰਘ, ਜਰਨੈਲ ਸਿੰਘ ਕਾਬਲਵਾਲ, ਬਲਵਿੰਦਰ ਸਿੰਘ ਸੈਣੀ, ਮਨਜੀਤ ਕੌਰ, ਜਸਵਿੰਦਰ ਕੌਰ ਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਨੇੜੇ ਬਣੇ ਪਾਰਕ ਵਿਚ ਗੰਦਾ ਪਾਣੀ ਇਕੱਤਰ ਹੁੰਦਾ ਹੈ, ਜਿਸ ਤੋਂ ਹਮੇਸ਼ਾ ਗੰਭੀਰ ਰੋਗ ਫੈਲਣ ਦਾ ਡਰ ਰਹਿੰਦਾ ਹੈ। ਪਿੰਡ ਹਵੇਲੀ ਦੇ ਵਿਕਾਸ ਲਈ ਸਾਬਕਾ ਵਿਧਾਇਕ ਤੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ 14 ਲੱਖ ਰੁਪਏ ਦੀ ਗ੍ਰਾਂਟ 3 ਸਤੰਬਰ 2016 ਨੂੰ ਪਿੰਡ ਦੇ ਸਰਪੰਚ ਨੂੰ ਜਾਰੀ ਕੀਤੀ ਸੀ ਪਰ 1 ਸਾਲ ਬੀਤ ਜਾਣ ਤੋਂ ਬਾਅਦ ਵੀ ਆਜ਼ਾਦ ਨਗਰ ਦੇ ਵਾਸੀ ਨਰਕਮਈ ਜੀਵਨ ਜਿਊਣ ਲਈ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਸਰਪੰਚ ਵੱਲੋਂ ਪਿੰਡ 'ਚ 1300 ਫੁੱਟ ਪਾਈਪ ਪਾਈ ਗਈ ਪਰ ਆਜ਼ਾਦ ਨਗਰ 'ਚ ਜੋ 100 ਫੁੱਟ ਪਾਈਪ ਪਾਈ ਜਾਣੀ ਸੀ, ਉਸ ਨੂੰ ਵਿਚਕਾਰ ਹੀ ਛੱਡ ਦਿੱਤਾ ਗਿਆ, ਜਦੋਂਕਿ ਉਕਤ 14 ਲੱਖ ਰੁਪਏ ਦੀ ਗ੍ਰਾਂਟ 1400 ਫੁੱਟ ਪਾਈਪ ਪਾਉਣ ਲਈ ਜਾਰੀ ਕੀਤੀ ਗਈ ਸੀ। ਨਗਰ ਵਾਸੀਆਂ ਨੇ ਦੱਸਿਆ ਕਿ ਜਦੋਂ ਉਹ ਸੰਬੰਧਤ ਬੀ. ਡੀ. ਪੀ. ਓ. ਅਤੇ ਪੰਚਾਇਤ ਸੈਕਟਰੀ ਨਾਲ ਗੱਲ ਕਰਦੇ ਹਨ ਤਾਂ ਉਹ ਵੀ ਸਰਪੰਚ ਨਾਲ ਗੱਲ ਕਰਨ ਦੀ ਸਲਾਹ ਦੇ ਦਿੰਦੇ ਹਨ ਪਰ ਸਰਪੰਚ ਉਨ੍ਹਾਂ ਦੀ ਗੱਲ ਨਹੀਂ ਸੁਣਦੇ। ਇਸ ਮਾਮਲੇ ਸੰਬੰਧੀ ਵਾਸੀਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਪਿੰਡ ਹਵੇਲੀ ਅਨਅਪਰੂਵਡ, ਨਹੀਂ ਖਰਚੀ ਜਾ ਸਕਦੀ ਗ੍ਰਾਂਟ : ਸਰਪੰਚ
ਸਰਪੰਚ ਰਾਮ ਸਿੰਘ ਨੇ ਕਿਹਾ ਕਿ ਆਜ਼ਾਦ ਨਗਰ ਪਿੰਡ ਹਵੇਲੀ ਅਧੀਨ ਨਹੀਂ ਆਉਂਦਾ ਤੇ ਆਜ਼ਾਦ ਨਗਰ ਇਕ ਅਨਅਪਰੂਵਡ ਕਾਲੋਨੀ ਹੈ, ਜਿਸ 'ਤੇ ਗ੍ਰਾਂਟ ਦਾ ਪੈਸਾ ਖਰਚ ਨਹੀਂ ਕੀਤਾ ਜਾ ਸਕਦਾ। 14 ਲੱਖ ਰੁਪਏ ਦੀ ਗ੍ਰਾਂਟ ਪਿੰਡ ਹਵੇਲੀ ਦੇ ਵਿਕਾਸ ਲਈ ਜਾਰੀ ਕੀਤੀ ਗਈ ਹੈ। ਜ਼ਿਮੀਂਦਾਰ ਵੱਲੋਂ ਉਕਤ ਕਾਲੋਨੀ ਦੇ ਪਲਾਟ ਤਾਂ ਲੋਕਾਂ ਨੂੰ ਵੇਚੇ ਗਏ ਸਨ ਪਰ ਪਾਰਕ ਦੀ ਜਗ੍ਹਾ ਲੋਕਾਂ ਦੇ ਨਾਂ ਨਹੀਂ ਹੈ, ਇਹ ਸੰਬੰਧਤ ਜ਼ਿਮੀਂਦਾਰ ਦੇ ਨਾਂ 'ਤੇ ਹੈ। ਉਕਤ ਹਾਲਾਤ 'ਚ ਪੰਚਾਇਤ ਪਾਈਪ ਨਹੀਂ ਪਵਾ ਸਕਦੀ।


Related News