ਸ਼ਨਲ ਹਿਊਮਨ ਰਾਈਟਸ ਸੰਸਥਾ ਨੇ ਕਾਂਗਰਸ ਆਗੂ ਬਿੱਟੀ ''ਤੇ ਲਾਏ ਗੰਭੀਰ ਦੋਸ਼

02/05/2018 7:48:38 AM

ਮਾਛੀਵਾੜਾ ਸਾਹਿਬ  (ਟੱਕਰ, ਸਚਦੇਵਾ) - ਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪੰਜਾਬ ਪ੍ਰਧਾਨ ਹਰਮਨ ਟਿਵਾਣਾ ਨੇ ਪ੍ਰੈੱਸ ਕਾਨਫਰੰਸ ਵਿਚ ਦੋਸ਼ ਲਾਉਂਦਿਆਂ ਕਿਹਾ ਕਿ ਹਲਕਾ ਸਾਹਨੇਵਾਲ ਤੋਂ ਕਾਂਗਰਸੀ ਆਗੂ ਸਤਵਿੰਦਰ ਕੌਰ ਬਿੱਟੀ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਿ 'ਤੇ ਪਿੰਡ ਬੈਰਸਾਲ, ਜੋ ਕਿ ਹਲਕਾ ਨਵਾਂਸ਼ਹਿਰ ਵਿਚ ਪੈਂਦਾ ਹੈ, ਦੀ ਮਾਨਤਾ ਪ੍ਰਾਪਤ ਰੇਤ ਖੱਡ ਨੂੰ ਕੁਝ ਲੋਕ ਧੱਕੇ ਨਾਲ ਹਾਦੀਵਾਲ (ਹਲਕਾ ਸਾਹਨੇਵਾਲ) 'ਚ ਦਰਿਆ ਅੰਦਰ ਚਲਾ ਰਹੇ ਹਨ ਤੇ ਪਿੰਡਾਂ ਦੇ ਲੋਕਾਂ ਦੀ ਜ਼ਮੀਨ 'ਚੋਂ ਰੇਤਾ ਦੀ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਪਿੰਡ ਹਾਦੀਵਾਲ ਦੇ ਜ਼ਮੀਨ ਮਾਲਕ ਵੀ ਹਾਜ਼ਰ ਸਨ। ਟਿਵਾਣਾ ਨੇ ਕਿਹਾ ਕਿ ਰੇਤ ਮਾਫੀਆ ਖਿਲਾਫ ਪ੍ਰਚਾਰ ਕਰਕੇ ਕੈਪਟਨ ਸਰਕਾਰ ਸੱਤਾ ਵਿਚ ਆਈ ਹੈ ਪਰ ਹਲਕਾ ਸਾਹਨੇਵਾਲ 'ਚ ਵਿਧਾਨ ਸਭਾ ਚੋਣ ਲੜੀ ਬਿੱਟੀ ਆਪਣੇ ਸਾਥੀਆਂ ਨਾਲ ਮਿਲ ਕੇ ਰੇਤ ਦੀ ਕਾਲਾਬਾਜ਼ਾਰੀ ਕਰ ਰਹੀ ਹੈ। ਇਸ ਨੇ ਇਕ ਟੀਮ ਬਣਾਈ ਹੋਈ ਹੈ ਜਿਸ ਵਿਚ ਵਿਧਾਨ ਸਭਾ ਚੋਣਾਂ ਤੋ ਬਾਅਦ ਇਕ ਸਿਆਸੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਆਗੂ ਤੇ ਇਕ ਕਾਂਗਰਸੀ ਸਰਪੰਚ ਵਲੋਂ ਲੋਕਾਂ ਦੀ ਕਮਾਈ ਲੁੱਟਣ ਵਾਲੀ ਪਰਲ ਕੰਪਨੀ ਦੀ ਜ਼ਮੀਨ 'ਤੇ ਵੀ ਰੇਤਾ ਦੀ ਖੁਦਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਧੱਕੇ ਨਾਲ ਕਾਸ਼ਤਕਾਰਾਂ ਤੋਂ ਪਰਲ ਗਰੁੱਪ ਦੀ ਜ਼ਮੀਨ ਦਾ ਠੇਕਾ ਵਸੂਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਝ ਆਗੂ ਜੋ ਕਾਂਗਰਸ ਵਿਚ ਸ਼ਾਮਲ ਹੋਏ ਹਨ, ਉਹ ਹਲਕਾ ਸਾਹਨੇਵਾਲ ਵਿਚ ਰੇਤਾ ਦੀ ਕਾਲਾਬਾਜ਼ਾਰੀ ਲਈ ਪਾਰਟੀ ਵਿਚ ਸ਼ਾਮਲ ਹੋਏ ਹਨ, ਜਿਸ ਨਾਲ ਪਾਰਟੀ ਦੀ ਸਾਖ ਨੂੰ ਧੱਕਾ ਲਗ ਰਿਹਾ ਹੈ।
ਟਿਵਾਣਾ ਨੇ ਕਿਹਾ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਪੰਜਾਬ 'ਚ ਇੰਡਸਟਰੀ ਲਿਆਉਣ ਲਈ ਦੇਸ਼-ਵਿਦੇਸ਼ ਦੇ ਦੌਰੇ ਕਰ ਰਹੇ ਹਨ ਪਰ ਕੁਹਾੜਾ-ਸਾਹਨੇਵਾਲ ਰੋਡ 'ਤੇ ਲੱਗ ਰਹੀ ਇਕ ਵੱਡੀ ਯੂਨਿਟ ਇਕਾਈ ਦੇ ਮਾਲਕ ਨੂੰ ਤੰਗ-ਪ੍ਰੇਸ਼ਾਨ ਕਰਕੇ ਭਰਤ (ਮਿੱਟੀ) ਪਾਉਣ ਬਦਲੇ ਕਾਂਗਰਸੀ ਆਗੂ ਦੇ ਇਕ ਰਿਸ਼ਤੇਦਾਰ ਵਲੋਂ ਕੀਤੀ ਗਈ ਵਸੂਲੀ ਹਲਕੇ 'ਚ ਚਰਚਾ ਦਾ ਵਿਸ਼ਾ ਹੈ।
ਟਿਵਾਣਾ ਤੇ ਪਿੰਡ ਹਾਦੀਵਾਲ ਦੇ ਜ਼ਮੀਨ ਮਾਲਕਾਂ ਨੇ ਕਿਹਾ ਕਿ ਹਾਦੀਵਾਲ 'ਚ ਧੜੱਲੇ ਨਾਲ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਰੇਤ ਦੀ ਖੱਡ ਚਲਾਈ ਜਾ ਰਹੀ ਹੈ ਜਿਸ ਵਿਚ ਬਿੱਟੀ ਦੀ ਭਾਈਵਾਲੀ ਹੈ। ਇਨ੍ਹਾਂ ਲੋਕਾਂ ਨੇ ਸਤਲੁਜ ਦਰਿਆ ਦਾ ਬੰਨ੍ਹ ਤੋੜ ਕੇ ਰਸਤਾ ਬਣਾ ਲਿਆ ਹੈ ਤੇ ਮਸ਼ੀਨਾਂ ਰਾਹੀਂ ਪਾਣੀ 'ਚੋਂ ਰੇਤਾ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕਾ ਸਾਹਨੇਵਾਲ ਅੰਦਰ ਫੈਲੇ ਭ੍ਰਿਸ਼ਟਾਚਾਰ ਸਬੰਧੀ ਉਨ੍ਹਾਂ ਨੇ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬਿੱਟੀ ਵਲੋਂ ਕੀਤੀ ਜਾ ਰਹੀ ਲੋਕਾਂ ਦੀ ਅੰਨ੍ਹੀ ਲੁੱਟ ਤੇ ਗੈਰ-ਕਾਨੂੰਨੀ ਕੰਮਾਂ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ।
ਹਲਕਾ ਸਾਹਨੇਵਾਲ ਦਾ ਪਿੰਡ ਚੌਂਤਾ 'ਚਿੱਟੇ' ਦਾ ਗੜ੍ਹ
ਹਰਮਨ ਟਿਵਾਣਾ ਨੇ ਕਿਹਾ ਕਿ ਹਲਕਾ ਸਾਹਨੇਵਾਲ ਵਿਚ ਰੇਤ ਮਾਈਨਿੰਗ ਤੇ ਹੋਰ ਨਾਜਾਇਜ਼ ਕੰਮਾਂ ਤੋਂ ਇਲਾਵਾ ਇਸ ਹਲਕੇ ਦਾ ਇਕ ਪਿੰਡ ਚੌਂਤਾ 'ਚਿੱਟੇ' ਦਾ ਗੜ੍ਹ ਬਣਿਆ ਹੋਇਆ ਹੈ, ਜਿਥੋਂ ਕਿ ਇਹ ਨਸ਼ੀਲਾ ਪਦਾਰਥ ਸਮੱਗਲਰ ਸਪਲਾਈ ਕਰ ਰਹੇ ਹਨ ਤੇ ਪੰਜਾਬ ਦੀ ਜਵਾਨੀ ਨੂੰ ਢਾਅ ਲਾ ਰਹੇ ਹਨ।
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਹਲਕਾ ਸਾਹਨੇਵਾਲ 'ਚ ਭ੍ਰਿਸ਼ਟਾਚਾਰ, ਨਾਜਾਇਜ਼ ਮਾਈਨਿੰਗ ਤੇ ਨਸ਼ੇ ਵਾਲੇ ਪਦਾਰਥਾਂ ਦੇ ਸਮੱਗਲਰਾਂ ਨੂੰ ਨੱਥ ਪਾਉਣ ਲਈ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਉਹ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ।
ਦੋਸ਼ ਬਿਲਕੁਲ ਬੇਬੁਨਿਆਦ : ਬਿੱਟੀ
ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੀ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਬੇਬੁਨਿਆਦ ਤੇ ਨਿਰ ਆਧਾਰ ਦੱਸਿਆ। ਉਨ੍ਹਾਂ ਕਿਹਾ ਕਿ ਹਲਕਾ ਸਾਹਨੇਵਾਲ ਵਿਚ ਉਹ ਨਾਜਾਇਜ਼ ਮਾਈਨਿੰਗ ਦੇ ਬਿਲਕੁਲ ਖਿਲਾਫ ਹਨ ਤੇ ਜੋ ਮਿਲੀਭੁਗਤ ਦੇ ਦੋਸ਼ ਹਨ, ਉਹ ਕੁਝ ਪਾਰਟੀ ਵਿਚਲੇ ਹੀ 1-2 ਕਾਂਗਰਸੀ ਤੇ ਅਕਾਲੀ, ਜੋ ਹਲਕਾ ਸਾਹਨੇਵਾਲ ਵਿਚ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ, ਦੀ ਕੋਝੀ ਸਾਜ਼ਿਸ਼ ਹੈ।
ਉਨ੍ਹਾਂ ਕਿਹਾ ਕਿ ਉਹ ਮੇਰੇ ਕਿਸੇ ਵੀ ਰਿਸ਼ਤੇਦਾਰ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਸਾਬਿਤ ਕਰਕੇ ਤਾਂ ਦਿਖਾਉਣ, ਇਹ ਸਿਰਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਬਿੱਟੀ ਨੇ ਕਿਹਾ ਕਿ ਨਗਰ ਕੌਂਸਲ ਸਾਹਨੇਵਾਲ ਦੀ ਚੋਣ ਕਾਂਗਰਸ ਨੇ ਸ਼ਾਨ ਨਾਲ ਜਿੱਤੀ ਤੇ ਹੁਣ ਕਾਰਪੋਰੇਸ਼ਨ ਦੇ 5 ਵਾਰਡ ਵੀ ਜੋ ਉਨ੍ਹਾਂ ਦੇ ਹਲਕੇ 'ਚ ਪੈਂਦੇ ਹਨ, ਉਨ੍ਹਾਂ ਦੀਆਂ ਚੋਣਾਂ ਦੀ ਤਿਆਰੀ ਜ਼ੋਰਾਂ 'ਤੇ ਹੈ ਪਰ ਕੁਝ ਹਲਕੇ ਦੇ ਆਗੂਆਂ ਨੂੰ ਕਾਂਗਰਸ ਦੀ ਚੜ੍ਹਤ ਰਾਸ ਨਹੀਂ ਆ ਰਹੀ, ਜਿਸ ਕਾਰਨ ਉਹ ਇਹ ਸਭ ਕੁਝ ਕਰ ਰਹੇ ਹਨ।


Related News