ਜੰਗਲ ਰਾਜ ਖਤਮ ਹੋਣ ਨਾਲ ਲੋਕ ਹੋਏ ਸੌਖੇ - ਢਿੱਲੋਂ
Saturday, Jan 06, 2018 - 04:14 PM (IST)
ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਵਾਈ 'ਚ ਸੂਬੇ ਅੰਦਰ ਅਮਨ ਸ਼ਾਂਤੀ ਅਤੇ ਖੁਸ਼ਹਾਲੀ ਭਰਿਆ ਮਾਹੌਲ ਬਣਿਆ ਹੋਇਆ ਹੈ ਅਤੇ ਨਸ਼ਾਖੋਰੀ, ਗੁੰਡਾਗਰਦੀ ਅਤੇ ਮਾਫ਼ੀਆ ਨੂੰ ਨੱਥ ਪੈ ਚੁੱਕੀ ਹੈ। ਇਹ ਪ੍ਰਗਟਾਵਾ ਹਲਕਾ ਤਰਨਤਾਰਨ ਦੇ ਸੀਨੀਅਰ ਕਾਂਗਰਸੀ ਆਗੂ 'ਤੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਕਰੀਬੀ ਵਿਕਰਮ ਸਿੰਘ ਢਿੱਲੋਂ ਨੇ ਕਰਦਿਆਂ ਕਿਹਾ ਕਿ ਹਜ਼ਾਰਾਂ ਨੌਜਵਾਨਾਂ ਨੂੰ ਰੁਜਗਾਰ ਦੇਣ ਦਾ ਟੀਚਾ ਸਰਕਾਰ ਵੱਲੋਂ ਮਿੱਥਿਆ ਗਿਆ ਹੈ। ਢਿੱਲੋਂ ਨੇ ਦੱਸਿਆ ਕਿ ਸਰਹੱਦੀ ਜ਼ਿਲਾ ਤਰਨ ਤਾਰਨ ਨੂੰ ਸਭ ਤੋਂ ਵੱਧ ਮਾਰ ਪਹਿਲਾਂ ਕਾਲੇ ਦੌਰ ਅਤੇ ਹੁਣ ਨਸ਼ਾਖੋਰੀ ਦੀ ਪਈ ਹੈ ਜਿਸ ਕਰਕੇ ਇਸ ਖੇਤਰ ਦੇ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਨੌਕਰੀਆਂ ਦਿਵਾਉਣ ਲਈ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਅਗਵਾਈ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਜਾਵੇਗੀ। ਢਿੱਲੋਂ ਨੇ ਕਾਂਗਰਸ ਦੀ ਸਰਕਾਰ ਨੂੰ ਲੋਕ ਹਿਤੈਸੀ ਅਤੇ ਕਾਨੂੰਨ ਵਿਵਸਥਾ ਦੀ ਪਾਬੰਦ ਸਰਕਾਰ ਕਰਾਰ ਦਿੰਦਿਆਂ ਕਿਹਾ ਕਿ ਪਿੱਛਲੇ 10 ਸਾਲ ਪੰਜਾਬ ਅੰਦਰ ਜੰਗਲ ਦਾ ਰਾਜ ਰਿਹਾ ਹੈ ਅਤੇ ਪੰਜਾਬ ਵਾਸੀ ਦਹਿਸ਼ਤ ਦੇ ਸ਼ਾਏ ਹੇਠ ਜੀਊਦੇਂ ਸਨ ਅਤੇ ਹੁਣ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਢਿੱਲੋਂ ਨੇ ਕੈਪਟਨ ਸਰਕਾਰ ਵੱਲੋਂ ਸੂਬੇ ਅੰਦਰੋਂ ਨਸ਼ਾਖੋਰੀ ਨੂੰ ਮੁਕੰਮਲ ਤੌਰ 'ਤੇ ਖਤਮ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਅਕਾਲੀਆਂ ਦੇ ਵਿਛਾਏ ਨਸ਼ਿਆਂ ਦੇ ਮੱਕੜ ਜਾਲ ਨੂੰ ਖਤਮ ਕਰਨ ਲਈ ਸਰਕਾਰ ਨੂੰ ਥੋੜਾ ਸਮਾਂ ਹੋਰ ਚਾਹੀਦਾ ਹੈ। ਇਸ ਮੌਕੇ ਅਵਤਾਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
