ਪੰਜਾਬ ''ਚੋਂ ਇਕ ਸੀਨੀਅਰ ਕਾਂਗਰਸੀ ਨੇਤਾ ਚੜ੍ਹ ਸਕਦਾ ''ਆਪ'' ਦੀ ਗੱਡੀ!
Saturday, Feb 22, 2020 - 09:46 AM (IST)
ਲੁਧਿਆਣਾ (ਮੁੱਲਾਂਪੁਰੀ): ਦਿੱਲੀ ਵਿਚ ਤੀਜੀ ਵਾਰ ਰਾਜ ਭਾਗ 'ਤੇ ਕਾਬਜ਼ ਹੋਈ 'ਆਪ' ਹੁਣ ਪੰਜਾਬ ਵਿਚ 2022 ਵਿਚ ਰਾਜ ਭਾਗ ਹਾਸਲ ਕਰਨ ਲਈ ਕਾਹਲੀ ਵਿਚ ਦੱਸੀ ਜਾ ਰਹੀ ਹੈ।ਭਾਵੇਂ ਆਮ ਆਦਮੀ ਪਾਰਟੀ ਕੋਲ ਭਗਵੰਤ ਮਾਨ ਨੂੰ ਛੱਡ ਕੇ ਕੋਈ ਨਾਮੀ ਵੱਡਾ ਚਿਹਰਾ ਨਹੀਂ, ਜਿਸ ਦੀ ਭਾਲ ਲਈ ਖੁਦ ਕੇਜਰੀਵਾਲ ਚਿੰਤਤ ਹਨ ਕਿਉਂਕਿ ਪਿਛਲੀਆਂ 2017 ਵਿਚ ਹੋਈਆਂ ਚੋਣਾਂ ਵਿਚ ਮੁੱਖ ਮੰਤਰੀ ਦਾ ਚਿਹਰਾ ਨਾ ਦੇਣ 'ਤੇ 'ਆਪ' ਰਾਜ ਭਾਗ ਤੋਂ ਪੱਛੜ ਕੇ ਵਿਰੋਧੀ ਧਿਰ ਦੀ ਕੁਰਸੀ ਤੱਕ ਸਿਮਟ ਕੇ ਰਹਿ ਗਈ ਸੀ।
ਇਸ ਲਈ ਹੁਣ ਜਿੱਥੇ 'ਆਪ' ਨੇ ਅੱਖ ਨਵਜੋਤ ਸਿੰਘ ਸਿੱਧੂ 'ਤੇ ਰੱਖੀ ਹੋਈ ਦੱਸੀ ਜਾ ਰਹੀ ਹੈ, ਉੱਥੇ ਕਾਂਗਰਸ ਵਿਚ ਬੈਠੇ ਇਕ ਚੋਟੀ ਦੇ ਨੇਤਾ ਜੋ ਕਈ ਵਾਰ ਵਿਧਾਇਕ ਤੇ ਕਾਂਗਰਸ ਦੀਆਂ ਸਰਕਾਰਾਂ ਵਿਚ ਕੈਬਨਿਟ ਮੰਤਰੀ ਰਹੇ ਹਨ। ਉਸ 'ਤੇ 'ਆਪ' ਵਾਲਿਆਂ ਦੀ ਤਿਰਸ਼ੀ ਨਜ਼ਰ ਹੈ, ਜੇਕਰ ਉਸ ਕਾਂਗਰਸੀ ਨੇਤਾ ਦਾ ਇਸ ਸਾਲ ਵੀ ਕੋਈ ਨੰਬਰ ਨਾ ਲੱਗਾ ਤਾਂ ਫਿਰ ਆਮ ਆਦਮੀ ਪਾਰਟੀ ਦੀ ਗੱਡੀ ਚੜ੍ਹ ਸਕਦਾ ਹੈ।
ਇਸ ਸਬੰਧੀ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਉਸ ਨੇਤਾ ਨੂੰ ਸੀ. ਐੱਮ. ਦੀ ਕੁਰਸੀ ਮਿਲਣ ਦੀ ਵੀ ਸੰਭਾਵਨਾ ਹੈ। ਜੇਕਰ ਕਾਂਗਰਸ ਨੇ ਉਨ੍ਹਾਂ ਦੀਆਂ ਮੰਨਤਾਂ ਮੰਨ ਲਈਆਂ ਤਾਂ ਉਹ ਕਾਂਗਰਸ ਵਿਚ ਟਿਕਿਆ ਰਹੇਗਾ ਨਹੀਂ ਤਾਂ ਆਮ ਆਦਮੀ ਦੇ ਜੈਕਾਰੇ ਛੱਡ ਕੇ ਗੱਡੀ ਚੜ੍ਹ ਜਾਵੇਗਾ ਤੇ ਪੰਜਾਬੀ ਵੀ ਉਸ 'ਤੇ ਭਰੋਸਾ ਕਰ ਲੈਣਗੇ ਕਿਉਂਕਿ ਉਹ ਕਾਂਗਰਸ ਵਿਚ ਬੈਠ ਕੇ ਹਮੇਸ਼ਾ ਬਾਦਲਾਂ ਖਿਲਾਫ ਸਖਤ ਹੋਣ ਲਈ ਆਪਣੀ ਸਰਕਾਰ ਅਤੇ ਖੁਦ ਕੁਰਸੀ 'ਤੇ ਬੈਠਦਿਆਂ ਵੱਡੀ ਕਾਰਵਾਈ ਕਰਨ ਲਈ ਰਾਜਸੀ ਦੰਦ ਕਿਰਚਦਾ ਰਹਿੰਦਾ ਹੈ।