''ਬੀਬੀਆਂ ਦੇ ਵਾਲਾਂ ''ਤੇ ਸਖਤ ਪਹਿਰਾ, ਹੁਣ ਗੁੱਤ ਕੱਟ ਜਾਉਂ ਕਿਹੜਾ'', ਤਸਵੀਰਾਂ ਦੇਖ ਹੋ ਜਾਉਂਗੇ ਲੋਟ-ਪੋਟ

Friday, Aug 11, 2017 - 11:18 AM (IST)

''ਬੀਬੀਆਂ ਦੇ ਵਾਲਾਂ ''ਤੇ ਸਖਤ ਪਹਿਰਾ, ਹੁਣ ਗੁੱਤ ਕੱਟ ਜਾਉਂ ਕਿਹੜਾ'', ਤਸਵੀਰਾਂ ਦੇਖ ਹੋ ਜਾਉਂਗੇ ਲੋਟ-ਪੋਟ

ਜਲੰਧਰ— ਦੇਸ਼ ਅੰਦਰ ਕਈ ਸੂਬਿਆਂ ਵਿਚ ਵਾਲ ਕੱਟਣ ਦੀਆਂ ਘਟਨਾਵਾਂ ਹੋਣ ਕਰਕੇ ਲੋਕ ਦਹਿਸ਼ਤ ਵਿਚ ਹਨ ਤਾਂ ਦੂਜੇ ਪਾਸੇ ਕੁਝ ਲੋਕ ਇਨ੍ਹਾਂ ਨੂੰ ਅੰਧਵਿਸ਼ਵਾਸ ਜਾਂ ਕੁਝ ਹੋਰ ਦੱਸ ਦੇ ਇਸ ਦਾ ਮਜ਼ਾਕ ਬਣਾ ਰਹੇ ਹਨ। ਆਲਮ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਇਕ ਬਹਿਸ ਛਿੜ ਗਈ ਹੈ, ਜਿਸ ਵਿਚ ਕੁਝ ਲੋਕ ਗੁੱਤਾਂ ਕੱਟਣ ਦੀਆਂ ਇਨ੍ਹਾਂ ਘਟਨਾਵਾਂ ਨੂੰ ਅਫਵਾਹਾਂ ਦੱਸ ਰਹੇ ਹਨ ਅਤੇ ਕੁਝ ਲੋਕ ਅੰਧਵਿਸ਼ਵਾਸ ਨਾਲ ਜੋੜ ਰਹੇ ਹਨ। ਕੁਝ ਵੀ ਹੋਵੇ, ਔਰਤਾਂ ਆਪਣੇ ਵਾਲਾਂ ਨੂੰ ਲੈ ਕੇ ਪਹਿਲਾਂ ਨਾਲੋਂ ਜ਼ਿਆਦਾ ਸੁਚੇਤ ਹੋ ਗਈਆਂ ਹਨ ਅਤੇ ਆਪਣੇ ਵਾਲਾਂ ਨੂੰ ਬਚਾਉਣ ਲਈ ਜਿੱਥੇ ਉਹ ਕਈ ਤਰ੍ਹਾਂ ਦੇ ਤਰੀਕੇ ਅਪਣਾਅ ਰਹੀਆਂ ਹਨ, ਉੱਥੇ ਉਹ ਹੁਣ ਗੁੱਤਾਂ ਗੁੰਦਣ ਦੀ ਥਾਂ ਔਰਤਾਂ ਜੂੜੇ ਕਰਕੇ ਘਰੋਂ ਨਿਕਲ ਰਹੀਆਂ ਹਨ। ਇੰਨਾਂ ਹੀ ਨਹੀਂ ਸੋਸ਼ਲ ਮੀਡੀਆ 'ਤੇ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿਚ ਔਰਤਾਂ ਆਪਣੇ ਵਾਲਾਂ 'ਤੇ ਸਖਤ ਪਹਿਰਾ ਨਜ਼ਰ ਆ ਰਿਹਾ ਹੈ। ਇਕ ਤਸਵੀਰ ਵਿਚ ਤਾਂ ਇਕ ਔਰਤ ਨੇ ਆਪਣੇ ਜੂੜੇ ਨੂੰ ਜਿੰਦਰਾ ਲਗਾਇਆ ਹੋਇਆ ਹੈ ਅਤੇ ਇਕ ਤਸਵੀਰ ਵਿਚ ਔੌਰਤ ਨੇ ਆਪਣੇ ਵਾਲਾਂ ਨੂੰ ਗੁੱਤ ਕੱਟਣ ਵਾਲੀ ਚੁੜੈਲ ਤੋਂ ਬਚਾਉਣ ਲਈ ਜਾਦੂ-ਟੂਣੇ ਦਾ ਸਹਾਰਾ ਲੈ ਕੇ ਉਸ 'ਤੇ ਨਿੰਬੂ ਤੇ ਹਰੀਆਂ ਮਿਰਚਾਂ ਟੰਗੀਆਂ ਹਨ। ਇਕ ਤਸਵੀਰ ਤਾਂ ਅਜਿਹੀ ਵੀ ਸਾਹਮਣੇ ਆਈ ਹੈ, ਜਿਸ ਵਿਚ ਇਕ ਔਰਤ ਨੇ ਆਪਣੇ ਜੂੜੇ ਨੂੰ ਗੜ੍ਹਵੀ ਨਾਲ ਢਕਿਆ ਹੋਇਆ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਡਰਾਈਵਿੰਗ ਕਰਨ ਵਾਲੀਆਂ ਕੁੜੀਆਂ ਅਤੇ ਔਰਤਾਂ ਨੇ ਹੁਣ ਹੈਲਮਟ ਵੀ ਪਹਿਨਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਕੋਈ ਉਨ੍ਹਾਂ ਦੇ ਵਾਲ ਨਾ ਕੱਟ ਜਾਵੇ। 
ਫਿਲਹਾਲ ਸਵਾਲ ਇਹ ਹੈ ਕਿ ਔਰਤਾਂ ਦੀਆਂ ਗੁੱਤਾਂ ਕੱਟ ਕੌਣ ਰਿਹਾ ਹੈ ਅਤੇ ਉਨ੍ਹਾਂ ਦਾ ਮਕਸਦ ਕੀ ਹੋ ਸਕਦਾ ਹੈ? ਜੇ ਇਹ ਡਰਾਮਾ ਵੀ ਹੈ ਤਾਂ ਅਜੇ ਤੱਕ ਇਸ ਦੇ ਰਹੱਸ ਤੋਂ ਪਰਦਾ ਕਿਉਂ ਨਹੀਂ ਉੱਠ ਰਿਹਾ? ਇਸ ਸਭ ਦੇ ਦਰਮਿਆਨ ਆਏ ਦਿਨ ਕਿਸੀ ਨਾ ਕਿਸੀ ਔਰਤ ਦੀ ਗੁੱਤ ਕੱਟੀ ਜਾਂਦੀ ਹੈ ਅਤੇ ਲੋਕਾਂ ਵਿਚ ਦਹਿਸ਼ਤ ਵਧਦੀ ਜਾ ਰਹੀ ਹੈ। ਕੁਝ ਲੋਕ ਭਾਰਤੀਆਂ ਨੂੰ ਇਹ ਕਹਿ ਵੀ ਭੰਡ ਰਹੇ ਹਨ ਕਿ ਜਿੱਥੇ ਗੁਆਂਢੀ ਦੇਸ਼ ਅਤੇ ਹੋਰ ਦੇਸ਼ਾਂ ਨੇ ਇੰਨੀਂ ਤਰੱਕੀ ਕਰ ਲਈ ਹੈ, ਉੱਥੇ ਭਾਰਤੀ ਅਜੇ ਗੁੱਤਾਂ ਕੱਟਣ ਵਾਲਿਆਂ ਦੀ ਖੋਜ ਵਿਚ ਹੀ ਲੱਗੇ ਹਨ ਅਤੇ ਅਜਿਹੇ ਅੰਧਵਿਸ਼ਵਾਸਾਂ ਵਿਚ ਫਸੇ ਹੋਏ ਹਨ।


Related News