ਸ਼ੋਅਰੂਮ ''ਚੋਂ ਨਕਦੀ ਤੇ ਜ਼ਰੂਰੀ ਕਾਗਜ਼ਾਤ ਚੋਰੀ ਕਰਨ ਵਾਲਾ ਸਕਿਓਰਿਟੀ ਗਾਰਡ ਕਾਬੂ

Wednesday, Nov 22, 2017 - 06:50 AM (IST)

ਸ਼ੋਅਰੂਮ ''ਚੋਂ ਨਕਦੀ ਤੇ ਜ਼ਰੂਰੀ ਕਾਗਜ਼ਾਤ ਚੋਰੀ ਕਰਨ ਵਾਲਾ ਸਕਿਓਰਿਟੀ ਗਾਰਡ ਕਾਬੂ

ਚੰਡੀਗੜ੍ਹ, (ਸੁਸ਼ੀਲ)- ਸੈਕਟਰ-17 ਸਥਿਤ ਸ਼ੋਅਰੂਮ ਦੇ ਸਕਿਓਰਿਟੀ ਗਾਰਡ ਨੇ ਸੋਮਵਾਰ ਰਾਤ ਸ਼ੋਅਰੂਮ ਦਾ ਤਾਲਾ ਤੋੜ ਕੇ ਨਕਦੀ ਚੋਰੀ ਕਰ ਲਈ। ਮੈਨੇਜਰ ਨੇ ਗੱਲੇ 'ਚੋਂ ਰੁਪਏ ਗਾਇਬ ਵੇਖ ਕੇ ਸ਼ੋਅਰੂਮ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ। ਕੈਮਰਿਆਂ 'ਚ ਮੈਨੇਜਰ ਨੂੰ ਗੱਲੇ 'ਚੋਂ ਸਕਿਓਰਿਟੀ ਗਾਰਡ ਨਕਦੀ ਕੱਢਦੇ ਹੋਏ ਦਿਖਾਈ ਦਿੱਤਾ। ਮੈਨੇਜਰ ਵਿਸ਼ਾਲ ਤਨੇਜਾ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-17 ਥਾਣਾ ਪੁਲਸ ਨੇ ਮਾਮਲਾ ਦਰਜ ਕਰਕੇ ਸਕਿਓਰਿਟੀ ਗਾਰਡ ਨਿਤਿਨ ਕੁਮਾਰ ਨੂੰ ਦਬੋਚ ਲਿਆ। ਸ਼ਿਕਾਇਤਕਰਤਾ ਵਿਸ਼ਾਲ ਤਨੇਜਾ ਨੇ ਦੱਸਿਆ ਕਿ ਉਹ ਸੈਕਟਰ-17 ਸਥਿਤ ਇਕ ਸ਼ੋਅਰੂਮ 'ਚ ਮੈਨੇਜਰ ਵਜੋਂ ਨੌਕਰੀ ਕਰਦਾ ਹੈ। ਐਤਵਾਰ ਰਾਤ ਨੂੰ ਉਸਨੇ ਗੱਲੇ 'ਚ 9500 ਰੁਪਏ ਰੱਖੇ ਤੇ ਤਾਲਾ ਬੰਦ ਕਰਕੇ ਚਲਾ ਗਿਆ। ਤਾਲਾ ਬੰਦ ਕਰਦੇ ਸਮੇਂ ਅਚਾਨਕ ਸ਼ੋਅਰੂਮ ਦੀ ਚਾਬੀ ਉਥੇ ਹੀ ਡਿਗ ਗਈ। ਜਦੋਂ ਚਾਬੀ ਡਿਗੀ ਤਾਂ ਉਸ ਸਮੇਂ ਸਕਿਓਰਿਟੀ ਗਾਰਡ ਨਿਤਿਨ ਕੁਮਾਰ ਮਿਸ਼ਰਾ ਉੁਥੇ ਮੌਜੂਦ ਸੀ। ਉਸਨੇ ਦੱਸਿਆ ਕਿ ਸੋਮਵਾਰ ਨੂੰ ਉਸ ਨੇ ਦੂਜੀ ਚਾਬੀ ਨਾਲ ਸ਼ੋਅਰੂਮ ਖੋਲ੍ਹ ਕੇ ਅੰਦਰ ਜਾ ਕੇ ਗੱਲਾ ਵੇਖਿਆ ਤਾਂ ਉਸ 'ਚੋਂ ਨਕਦੀ ਗਾਇਬ ਸੀ।


Related News