ਸਕੂਟਰ ਦੀ ਡਿੱਗੀ ਤੋੜ ਕੇ 7 ਲੱਖ 50 ਹਜ਼ਾਰ ਰੁਪਏ ਕੀਤੇ ਚੋਰੀ
Tuesday, Apr 09, 2019 - 06:47 PM (IST)

ਭੋਗਪੁਰ (ਰਾਣਾ) : ਸਕੂਟਰ ਦੀ ਡਿੱਗੀ 'ਚੋਂ ਇਕ ਅਣਪਛਾਤੇ ਵਿਅਕਤੀ ਵਲੋਂ 7 ਲੱਖ 50 ਹਜ਼ਾਰ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਂਕਾਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਕਸਬਾ ਨੇ ਦੱਸਿਆ ਕਿ ਉਹ ਪੰਜਾਬ ਨੈਸ਼ਨਲ ਬੈਂਕ ਟਾਂਡਾ ਤੋਂ ਅੱਜ ਸਵੇਰੇ 7 ਲੱਖ 50 ਹਜ਼ਾਰ ਰੁਪਏ ਕਢਵਾ ਕੇ ਭੋਗਪੁਰ ਆਇਆ ਸੀ। ਇਹ ਪੈਸੇ ਉਸਨੇ ਆਪਣੇ ਸਕੂਟਰ (ਪੀ.ਬੀ.08-2572) ਦੀ ਡਿੱਗੀ ਵਿਚ ਰੱਖੇ ਸਨ। ਜਦੋਂ ਉਹ ਪੰਜਾਬ ਇਲੈਕਟ੍ਰੀਕਲ ਭੋਗਪੁਰ ਦੀ ਦੁਕਾਨ ਅੱਗੇ ਆਪਣਾ ਸਕੂਟਰ ਖੜ੍ਹਾ ਕਰਕੇ ਕੁਝ ਸਮਾਨ ਲੈ ਰਿਹਾ ਸੀ ਤਾਂ ਇਕ ਅਣਪਛਾਤੇ ਵਿਅਕਤੀ ਨੇ ਉਸ ਦੀ ਡਿੱਗੀ ਤੋੜ ਕੇ ਉਸ ਵਿਚੋਂ ਸਾਰੇ ਪੈਸੇ ਕੱਢ ਲਏ ਅਤੇ ਆਪਣੇ ਸਾਥੇ ਨਾਲ ਮੋਟਰਸਾਈਕਲ 'ਤੇ ਬੈਠ ਕੇ ਫਰਾਰ ਹੋ ਗਿਆ।
ਚੋਰੀ ਦੀ ਇਹ ਸਾਰੀ ਘਟਨਾ ਉਥੇ ਇਲੈਕਟ੍ਰੀਕਲ ਦੀ ਦੁਕਾਨ 'ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ। ਇਸ ਉਪਰੰਤ ਭੋਗਪੁਰ ਪੁਲਸ ਨੂੰ ਘਟਨਾ ਦੀ ਇਤਲਾਹ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।