7 ਮਹੀਨਿਆਂ ਬਾਅਦ ਮੁੜ ਖੁੱਲ੍ਹੇ ਸਕੂਲ, ਪਰ ਬੱਚਿਆਂ ਦੀ ਹਾਜਰੀ ਰਹੀ ਘੱਟ

Monday, Oct 19, 2020 - 02:16 PM (IST)

7 ਮਹੀਨਿਆਂ ਬਾਅਦ ਮੁੜ ਖੁੱਲ੍ਹੇ ਸਕੂਲ, ਪਰ ਬੱਚਿਆਂ ਦੀ ਹਾਜਰੀ ਰਹੀ ਘੱਟ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਸੂਬੇ ਅੰਦਰ ਕੋਰੋਨਾ ਮਹਾਮਾਰੀ ਦੇ ਕਰੀਬ 7 ਮਹੀਨਿਆਂ ਬਾਅਦ ਅੱਜ ਸਰਕਾਰੀ ਸਕੂਲ ਮੁੜ ਖੁੱਲ੍ਹੇ ਹਨ।  9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਵਿਦਿਆਰਥੀ ਸਕੂਲ ਪੁੱਜੇ। ਸਾਰੇ ਸਕੂਲਾਂ ਵਿਚ ਅਧਿਆਪਕ ਵੀ ਪੁੱਜੇ ਹੋਏ ਸਨ ਤੇ ਸਕੂਲਾਂ ਦੀ ਸਾਫ਼-ਸਫ਼ਾਈ ਕੀਤੀ ਹੋਈ ਸੀ।

ਜਿਕਰਯੋਗ ਹੈ ਕਿ 20 ਮਾਰਚ ਤੋਂ ਪੰਜਾਬ ਵਿਚ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਸੀ। ਇਸ ਕੋਰੋਨਾ ਲਾਗ ਕਾਰਨ ਲਾਗੂ ਹੋਈ ਤਾਲਾਬੰਦੀ ਕਾਰਨ ਸਕੂਲਾਂ ਸਮੇਤ ਸਾਰੇ ਕਾਰੋਬਾਰ ਠੱਪ ਹੋ ਗਏ ਸਨ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਸਕੂਲ ਭਾਵੇਂ ਅੱਜ ਖੁੱਲ੍ਹ ਗਏ ਹਨ ਪਰ ਬੱਚਿਆਂ ਦੀ ਗਿਣਤੀ ਘੱਟ ਹੀ ਰਹੀ। ਉਂਝ ਸਕੂਲ ਆਉਣ ਵਾਲੇ ਬੱਚਿਆਂ ਨੇ ਮਾਸਕ ਪਾਏ ਹੋਏ ਸਨ ਤੇ ਸਕੂਲਾਂ ਅੰਦਰ ਪੁੱਜਣ 'ਤੇ ਬੱਚਿਆਂ ਦੇ ਹੱਥਾਂ ਨੂੰ ਸੈਨੇਟਾਈਜ ਕੀਤਾ ਜਾ ਰਿਹਾ ਸੀ। ਜਿੰਨਾਂ ਬੱਚਿਆਂ ਕੋਲ ਮਾਸਕ ਨਹੀ ਸਨ, ਉਹਨਾਂ ਨੂੰ ਮਾਸਕ ਵੰਡੇ ਗਏ।

ਜਿਕਰਯੋਗ ਹੈ ਕਿ ਸਕੂਲਾਂ ਵਾਲਿਆਂ ਵੱਲੋਂ ਬੱਚਿਆਂ ਦੇ ਮਾਪਿਆਂ ਕੋਲੋ ਸਵੈ-ਘੋਸ਼ਣਾ ਪੱਤਰ ਲਏ ਗਏ ਹਨ ਕਿ ਬੱਚਿਆਂ ਨੂੰ ਸਕੂਲ ਭੇਜਣ ਦੀ ਜਿੰਮੇਵਾਰੀ ਸਾਡੀ ਹੈ। ਬੱਚਿਆਂ ਦੀ ਘੱਟ ਗਿਣਤੀ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਪਿੰਡਾਂ ਵਿਚੋਂ ਗਰੀਬ ਪਰਿਵਾਰਾਂ ਨਾਲ ਸਬੰਧਿਤ ਬੱਚੇ ਨਰਮਾ ਚੁੱਗਣ ਲਈ ਰਾਜਸਥਾਨ ਗਏ ਹੋਏ ਹਨ। ਇਹ ਵੀ ਪਤਾ ਲੱਗਾ ਹੈ ਕਿ ਕਈ ਮਾਂ-ਬਾਪ ਨੇ ਆਪਣੇ ਬੱਚਿਆਂ ਨੂੰ ਇਸ ਕਰਕੇ ਹੀ ਸਕੂਲ ਨਹੀ ਭੇਜਿਆ ਕਿ ਸਕੂਲਾਂ ਵਾਲੇ ਬੱਚਿਆਂ ਦੀ ਜਿੰਮੇਵਾਰੀ ਆਪ ਲੈਣ। ਪਰ ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰੀ ਸ਼ਰਤਾਂ ਵਾਲਾ ਸਵੈ-ਘੋਸ਼ਣਾ ਪੱਤਰ ਭਰ ਕੇ ਭੇਜਣ। 

ਕਿਹੜੇ ਸਕੂਲ 'ਚ ਆਏ ਕਿੰਨੇ ਬੱਚੇ

'ਜਗ ਬਾਣੀ' ਦੇ ਵੇਰਵਿਆਂ ਅਨੁਸਾਰ ਸਰਕਾਰੀ ਮਾਡਲ ਸਕੂਲ ਭਾਗਸਰ ਵਿਚ 9ਵੀਂ ਤੋਂ 12ਵੀਂ ਜਮਾਤ ਦੇ ਬੱਚਿਆਂ ਦੀ ਗਿਣਤੀ 125 ਹੈ। ਸਕੂਲ ਦੇ ਪ੍ਰਿੰਸੀਪਲ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਅੱਜ 30 ਬੱਚੇ ਹਾਜਰ ਹੋਏ ਹਨ। ਭਾਗਸਰ ਵਿਖੇ ਹੀ ਲੜਕੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ 150 ਬੱਚੇ ਹਨ ਜਦ ਕਿ ਅੱਜ ਸਿਰਫ਼ 9 ਲੜਕੀਆਂ ਹੀ ਸਕੂਲ ਪੁੱਜੀਆਂ ਹਨ।

ਪਿੰਡ ਭੁੱਟੀਵਾਲਾ ਦੇ ਸਰਕਾਰੀ ਸਕੂਲ ਵਿਚ ਚਾਰ ਕਲਾਸਾਂ ਦੇ ਕੁੱਲ 141 ਬੱਚੇ ਹਨ। ਪ੍ਰਿੰਸਪਲ ਮਧੂ ਬਾਲਾ ਨੇ ਦੱਸਿਆ ਕਿ ਅੱਜ ਕੁੱਲ 21 ਬੱਚੇ ਸਕੂਲ ਪੁੱਜੇ ਹਨ।

ਪਿੰਡ ਰੁਪਾਣਾ ਦੇ ਸਰਕਾਰੀ ਸੀਨੀਅਰ ਸਕੂਲ ਲੜਕੇ ਜਿੱਥੇ ਬੱਚਿਆਂ ਦੀ ਕਾਫੀ ਗਿਣਤੀ ਹੈ ਪਰ ਸਕੂਲ ਦੇ ਪ੍ਰਿੰਸੀਪਲ ਪਰਸਾ ਸਿੰਘ ਨੇ ਦੱਸਿਆ ਕਿ ਕੁੱਲ 20 ਬੱਚੇ ਹੀ ਪੁੱਜੇ ਹਨ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਾਈਆਣਾ ਵਿਖੇ ਚਾਰ ਕਲਾਸਾਂ ਦੇ 238 ਬੱਚੇ ਹਨ। ਸਕੂਲ ਦੇ ਪ੍ਰਿੰਸੀਪਲ ਸੁਭਾਸ਼ ਝਾਂਬ ਨੇ ਦੱਸਿਆ ਕਿ ਅੱਜ 40-45 ਬੱਚੇ ਹੀ ਪੁੱਜੇ ਹਨ।

ਸਰਕਾਰੀ ਕੰਨਿਆ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਿੰਸੀਪਲ ਜਗਦੀਸ਼ ਰਾਏ ਨੇ ਦੱਸਿਆ ਕਿ 11ਵੀਂ ਅਤੇ 12ਵੀਂ ਕਲਾਸ ਦੇ ਬੱਚਿਆਂ ਦੀ ਗਿਣਤਪ 924 ਹੈ ਪਰ ਸਿਰਫ਼ 23 ਬੱਚੇ ਹੀ ਆਏ ਹਨ। ਜਦ ਕਿ 9ਵੀਂ ਅਤੇ 10ਵੀਂ ਕਲਾਸ ਦੇ ਬੱਚਿਆਂ ਦੀ ਗਿਣਤੀ 545 ਹੈ ਪਰ ਸਿਰਫ਼ 19 ਬੱਚੇ ਹੀ ਆਏ ਹਨ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗਸਰ ਮੁੰਡੇ ਦੇ ਪ੍ਰਿੰਸੀਪਲ ਸਰਬਜੀਤ ਕੌਰ ਨੇ ਦੱਸਿਆ ਕਿ ਚਾਰ ਕਲਾਸਾਂ ਦੇ 150 ਬੱਚੇ ਹਨ ਤੇ ਅੱਜ ਸਿਰਫ਼ 10 ਬੱਚੇ ਹੀ ਆਏ ਹਨ।

ਜ਼ਿਲ੍ਹੇ ਭਰ 'ਚ ਹਨ ਕੁੱਲ 548 ਸਰਕਾਰੀ ਸਕੂਲ

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ 6 ਸਿੱਖਿਆ ਬਲਾਕਾਂ ਵਿਚ ਕੁੱਲ 548 ਸਰਕਾਰੀ ਸਕੂਲ ਚੱਲ ਰਹੇ ਹਨ। ਇਹਨਾਂ ਵਿਚੋਂ 67 ਸਰਕਾਰੀ ਹਾਈ ਸਕੂਲ ਅਤੇ 86 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਨ। ਇਸ ਤੋਂ ਇਲਾਵਾ 326 ਸਰਕਾਰੀ ਪ੍ਰਾਇਮਰੀ ਸਕੂਲ ਅਤੇ 68 ਸਰਕਾਰੀ ਮਿਡਲ ਸਕੂਲ ਹਨ। ਜਦੋ ਕਿ ਸਰਕਾਰੀ ਮਾਡਲ ਅਤੇ ਅਦਰਸ਼ ਸਕੂਲਾਂ ਦੀ ਗਿਣਤੀ ਇਸ ਤੋਂ ਵੱਧ ਹੈ। ਅਜੇ ਤੱਕ 9ਵੀਂ ਤੋਂ 12ਵੀਂ ਕਲਾਸ ਦੇ ਬੱਚਿਆਂ ਨੂੰ ਹੀ ਸਕੂਲ ਵਿਚ ਬੁਲਾਇਆ ਗਿਆ ਹੈ। 

ਕੀ ਕਹਿਣਾ ਹੈ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ

ਜਦੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਸਾਰੇ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਹੌਲੀ-ਹੌਲੀ ਵਧੇਗੀ। ਅਧਿਆਪਕਾਂ ਵੱਲੋਂ ਸਾਰੇ ਮਾਪਿਆਂ ਨੂੰ ਜਾਗਰੂਕ ਕੀਤਾ ਗਿਆ ਹੈ ਪਰ ਫਿਰ ਵੀ ਬੱਚੇ ਘੱਟ ਪੁੱਜ ਰਹੇ ਹਨ। 
 

 


author

Harinder Kaur

Content Editor

Related News