ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਕੀਤੀ ਚੈਕਿੰਗ

Monday, Apr 07, 2025 - 05:21 PM (IST)

ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਕੀਤੀ ਚੈਕਿੰਗ

ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ, ਰਾਜੇਸ਼ ਢੰਡ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹਾ ਪੱਧਰ ’ਤੇ ਬਣਾਈ ਗਈ ਟਾਸਕ ਫੋਰਸ ਟੀਮ ਦੇ ਮੈਂਬਰਾਂ ਵੱਲੋਂ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ 8 ਸਕੂਲੀ ਵਾਹਨਾਂ ਦੇ ਚਲਾਨ ਕੱਟੇ ਗਏ।

ਇਸ ਮੌਕੇ ਸਹਾਇਕ ਟਰਾਂਸਪੋਰਟ ਅਫ਼ਸਰ ਰਾਕੇਸ਼ ਕੁਮਾਰ ਬਾਂਸਲ ਨੇ ਸਕੂਲੀ ਵਾਹਨਾਂ ਦੇ ਡਰਾਈਵਰਾਂ ਨੂੰ ਕਿਹਾ ਕਿ ਬੱਚਿਆਂ ਦੀ ਸੁਰੱਖਿਆ ’ਚ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਇਨ ਬਿਨ ਪਾਲਣਾ ਕੀਤੀ ਜਾਵੇ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਬਲਜਿੰਦਰ ਕੌਰ ਵੱਲੋਂ ਸਕੂਲ ਪ੍ਰਿੰਸੀਪਲ ਅਤੇ ਡਰਾਈਵਰ ਨੂੰ ਜਾਗਰੂਕ ਕਰਦੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰਾ, ਬੱਸ ਦੀਆਂ ਦੋਵਾਂ ਸਾਈਡਾਂ ’ਤੇ ਖਿੜਕੀ ਤੇ ਲੋਹੇ ਦੀ ਗਰਿੱਲ ਲੱਗੀ ਹੋਣਾ, ਫਸਟ ਏਡ ਬਾਕਸ, ਸਮੇਂ-ਸਮੇਂ ’ਤੇ ਫਸਟ ਏਡ ਬਾਕਸ ਚੈੱਕ ਕਰਨਾ, ਲੇਡੀ ਕਡੰਕਟਰ ਦਾ ਹੋਣਾ, ਡਰਾਈਵਰ ਕੋਲ ਡਰਾਈਵਰੀ ਹੈਵੀ ਲਾਇਸੈਂਸ, ਵਾਹਨ ’ਚ ਸਪੀਡ ਗਵਰਨ ਲੱਗਾ ਹੋਣਾ, ਸਕੂਲ ਵਾਹਨ ਦਾ ਰੰਗ ਪੀਲਾ ਹੋਣਾ, ਸਕੂਲ ਵਾਹਨ ਦਾ ਫਿਟਨੈੱਸ ਸਰਟੀਫਿਕੇਟ ਹੋਣਾ, ਅੱਗ ਬੁਝਾਊ ਯੰਤਰ, ਸਕੂਲ ਵਾਹਨ ਉੱਪਰ ਸਕੂਲ ਦਾ ਨਾਂ ਲਿਖਿਆ ਹੋਣਾ ਆਦਿ ਦਾ ਹੋਣਾ ਲਾਜ਼ਮੀ ਹੈ।

ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵੀ ਸਕੂਲ ਵਾਹਨ ਅੰਦਰ ਇਨ੍ਹਾਂ ਸਹੂਲਤਾਂ ਦੀ ਨਜ਼ਰਸਾਨੀ ਕਰਨ ਅਤੇ ਕਿਸੇ ਤਰ੍ਹਾਂ ਦੀ ਕਮੀ ਹੋਣ ’ਤੇ ਸਕੂਲ ਦੇ ਪ੍ਰਿੰਸੀਪਲ ਦੇ ਧਿਆਨ ’ਚ ਲਿਆਉਣ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਸਤਨਾਮ ਸਿੰਘ, ਪੰਜਾਬ ਰੋਡਵੇਜ਼ ਤੋਂ ਰਾਕੇਸ਼ ਮੋਗਾ, ਸਿੱਖਿਆ ਵਿਭਾਗ ਤੋਂ ਪ੍ਰਦੀਪ ਕੁਮਾਰ, ਚਾਇਲਡ ਹੈਲਪ ਲਾਈਨ 1098 ਤੋਂ ਗੁਰਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਰਵਿੰਦਰ ਸਿੰਘ, ਰੀਜਨਲ ਟਰਾਂਸਪੋਰਟ ਦਫ਼ਤਰ ਤੋਂ ਅਕੁਸ਼ ਅਤੇ ਸਿਵਾ ਮੌਜੂਦ ਸਨ।


author

Babita

Content Editor

Related News