ਸਰਕਾਰ ਦਾ ਵਾਅਦਾ ਰਿਹਾ ਅਧੂਰਾ, 93 ਹਜ਼ਾਰ ਤੋਂ ਵੱਧ ਬੱਚੇ ਉਡੀਕ ਰਹੇ ਨੇ ਗਰਮ ਵਰਦੀ

Saturday, Dec 15, 2018 - 11:29 AM (IST)

ਸਰਕਾਰ ਦਾ ਵਾਅਦਾ ਰਿਹਾ ਅਧੂਰਾ, 93 ਹਜ਼ਾਰ ਤੋਂ ਵੱਧ ਬੱਚੇ ਉਡੀਕ ਰਹੇ ਨੇ ਗਰਮ ਵਰਦੀ

ਜਲੰਧਰ (ਸੁਮਿਤ)— ਸਰਕਾਰ ਵੱਲੋਂ ਸਰਕਾਰੀ ਸਕੂਲਾਂ 'ਚ ਸਰਦੀਆਂ ਦੀਆਂ ਵਰਦੀਆਂ ਦੇਣ ਦਾ ਵਾਅਦਾ ਇਕ ਵਾਰ ਫਿਰ ਪੂਰਾ ਨਹੀਂ ਹੋ ਸਕਿਆ ਅਤੇ ਇਸ ਵਾਰ ਫਿਰ ਸਰਦੀ ਦਾ ਮੌਸਮ ਆਪਣੇ ਜੋਬਨ 'ਤੇ ਪਹੁੰਚ ਰਿਹਾ ਹੈ ਪਰ ਵਿਦਿਆਰਥੀਆਂ ਨੂੰ ਸਰਕਾਰੀ ਵਰਦੀ ਦਾ ਅਜੇ ਤੱਕ ਇੰਤਜ਼ਾਰ ਹੈ। ਜ਼ਿਲੇ ਭਰ ਦੇ 93 ਹਜ਼ਾਰ 513 ਬੱਚੇ ਗਰਮ ਵਰਦੀ ਦੀ ਉਡੀਕ 'ਚ ਹਨ। ਹਾਲਾਤ ਇਹ ਹਨ ਕਿ ਅਜੇ ਤੱਕ ਇਹ ਵੀ ਨਹੀਂ ਪਤਾ ਕਿ ਗਰਮ ਵਰਦੀ ਕਦੋਂ ਤੱਕ ਮਿਲ ਸਕੇਗੀ। ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਪਹਿਲੀ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੂੰ ਮੁਫਤ ਗਰਮੀ ਅਤੇ ਸਰਦੀ ਦੀ ਵਰਦੀ ਦਿੱਤੀ ਜਾਂਦੀ ਹੈ। ਇਸ ਦੇ ਲਈ ਸਰਕਾਰ ਵੱਲੋਂ ਪ੍ਰਤੀ ਬੱਚਾ 400 ਰੁਪਏ ਦੀ ਗਰਾਂਟ ਦਿੱਤੀ ਜਾਂਦੀ ਹੈ।

ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਪਰ ਸਰਕਾਰ ਵੱਲੋਂ ਅਜੇ ਤੱਕ ਗਰਾਂਟ ਜਾਰੀ ਨਹੀਂ ਕੀਤੀ ਗਈ। ਜੇਕਰ ਗਰਾਂਟ ਜਾਰੀ ਕਰ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਵੀ ਘੱਟ ਤੋਂ ਘੱਟ 15 ਦਿਨ ਦਾ ਸਮਾਂ ਵਰਦੀਆਂ ਦੀ ਖਰੀਦ ਕਰਨ ਅਤੇ ਬੱਚਿਆਂ ਨੂੰ ਵੰਡਣ 'ਚ ਲੱਗ ਜਾਂਦਾ ਹੈ। ਅਜਿਹੇ 'ਚ ਸਰਕਾਰ ਨੂੰ ਤਾਂ ਸਰਦੀ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਗਰਾਂਟ ਜਾਰੀ ਕਰ ਦੇਣੀ ਚਾਹੀਦੀ ਸੀ ਤਾਂ ਜੋ ਬੱਚਿਆਂ ਨੂੰ ਸਮੇਂ 'ਤੇ ਸਰਦੀ ਦੀ ਯੂਨੀਫਾਰਮ ਮਿਲ ਸਕੇ। ਹੁਣ ਵਰਦੀ ਨਾ ਮਿਲਣ ਕਾਰਨ ਕਈ ਬੱਚੇ ਘਰ ਦੇ ਹੀ ਕੱਪੜੇ ਪਾ ਕੇ ਸਕੂਲ ਆਉਣ ਲਈ ਮਜਬੂਰ ਹਨ। ਉਥੇ ਕਈ ਬੱਚਿਆਂ ਕੋਲ ਬੂਟ ਤੱਕ ਨਹੀਂ ਹਨ ਅਤੇ ਉਹ ਠੰਡ 'ਚ ਚੱਪਲਾਂ ਪਾ ਕੇ ਹੀ ਸਕੂਲ ਪਹੁੰਚ ਰਹੇ ਹਨ। ਸਰਕਾਰ ਵੱਲੋਂ ਜੋ 400 ਰੁਪਏ ਦਿੱਤੇ ਜਾਂਦੇ ਹਨ ਉਹ ਵੀ ਗਰਮ ਵਰਦੀ ਖਰੀਦਣ ਲਈ ਨਾਕਾਫੀ ਹਨ। ਇਸ ਲਈ ਸਕੂਲ ਕਮੇਟੀਆਂ ਨੂੰ ਇਹ ਗਰਾਂਟ ਵਧਾ ਕੇ 600 ਜਾਂ ਉਸ ਤੋਂ ਵੱਧ ਕਰ ਦੇਣੀ ਚਾਹੀਦੀ ਹੈ।
ਉਥੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਸੀ ਕਿ ਇਹ ਕੋਈ ਪਹਿਲੀ ਵਾਰ ਨਹੀਂ ਹਰ ਵਾਰ ਹੀ ਸਰਦੀ ਦਾ ਮੌਸਮ ਖਤਮ ਹੋਣ ਦੇ ਕਰੀਬ ਹੁੰਦਾ ਹੈ ਜਦੋਂ ਵਰਦੀ ਦਿੱਤੀ ਜਾਂਦੀ ਹੈ।

ਜਿਵੇਂ ਹੀ ਗਰਾਂਟ ਮਿਲੇਗੀ ਅੱਗੇ ਸਕੁਲਾਂ ਨੂੰ ਦੇ ਦਿੱਤੀ ਜਾਵੇਗੀ : ਡੀ. ਈ. ਓ
ਇਸ ਬਾਰੇ ਜਦੋਂ ਜ਼ਿਲਾ ਸਿੱਖਿਆ ਅਧਿਕਾਰੀ (ਡੀ. ਈ.ਓ.) ਰਾਮ ਪਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਅਜੇ ਤੱਕ ਗਰਾਂਟ ਹੀ ਨਹੀਂ ਆਈ। ਜਿਵੇਂ ਹੀ ਗਰਾਂਟ ਆਵੇਗੀ ਉਸੇ ਸਮੇਂ ਸਕੂਲਾਂ ਨੂੰ ਅੱਗੇ ਭੇਜ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੈਸੇ ਵੀ ਉਹ ਸਿਰਫ ਗਰਾਂਟ ਡਿਸਟ੍ਰੀਬਿਊਟ ਕਰਦੇ ਹਨ, ਗਰਾਂਟ ਤਾਂ ਸਟੇਟ ਆਫਿਸ ਤੋਂ ਹੀ ਆਉਂਦੀ ਹੈ।


author

shivani attri

Content Editor

Related News