ਹੈਰਾਨੀਜਨਕ ! ਸਕੂਲ ''ਚ ਕਮਰੇ ''ਚ ਬੰਦ ਕਰਕੇ ਕੁੱਟਿਆ ਵਿਦਿਆਰਥੀ, ਹਸਪਤਾਲ ਦਾਖਲ

Saturday, May 17, 2025 - 06:10 PM (IST)

ਹੈਰਾਨੀਜਨਕ ! ਸਕੂਲ ''ਚ ਕਮਰੇ ''ਚ ਬੰਦ ਕਰਕੇ ਕੁੱਟਿਆ ਵਿਦਿਆਰਥੀ, ਹਸਪਤਾਲ ਦਾਖਲ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਦੇ ਨਾਮੀ ਸਕੂਲ ਜੀ. ਟੀ. ਬੀ. ਗੁਰੂ ਤੇਗ ਬਹਾਦਰ ਪਬਲਿਕ ਸਕੂਲ ਜੋ ਕਿ ਪ੍ਰਤਾਪ ਦੇ ਸਕੂਲ਼ ਦੇ ਨਾਮ ਵਜੋਂ ਇਲਾਕੇ 'ਚ ਜਾਣਿਆ ਜਾਂਦਾ ਹੈ। ਅੱਜ ਸਕੂਲ 'ਚ ਪੜ੍ਹਦੇ ਬੱਚੇ ਨੂੰ ਸਟਾਫ ਵੱਲੋਂ ਬੜੀ ਬੇਰਹਿਮੀ ਨਾਲ ਕੁੱਟਿਆ ਗਿਆ ਤੇ ਬੱਚੇ ਨੂੰ ਜ਼ਖਮੀ ਹਾਲਤ ਵਿਚ ਪਰਿਵਾਰ ਵੱਲੋਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸਕੂਲ ਸਟਾਫ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਅਰਮਾਨ ਨੇ ਦੱਸਿਆ ਕਿ ਉਹ ਜੀਟੀਬੀ ਪ੍ਰਤਾਪ ਦੇ ਸਕੂਲ 'ਚ 12ਵੀਂ ਜਮਾਤ ਵਿਚ ਪੜ੍ਹਦਾ ਹੈ ਤੇ ਅੱਜ ਸਕੂਲ ਟਾਈਮ ਜਦੋਂ ਉਹ ਕਲਾਸ ਵਿਚ ਅਧਿਆਪਕ ਕੋਲ ਪੜ੍ਹ ਰਿਹਾ ਸੀ ਤਾਂ ਉਸ ਨੂੰ ਕਿਸੇ ਸਵਾਲ ਦੀ ਸਮਝ ਨਹੀਂ ਆਈ ਤਾਂ ਉਨ੍ਹਾਂ ਨੇ ਟੀਚਰ ਨੂੰ ਕਿਹਾ ਕਿ ਮੈਨੂੰ ਸਵਾਲ ਦੀ ਸਮਝ ਨਹੀਂ ਆਈ ਤਾਂ ਤੁਸੀਂ ਮੈਨੂੰ ਦੁਬਾਰਾ ਸਮਝਾ ਦਿਓ ਤਾਂ ਅਧਿਆਪਕ ਨੇ ਮੈਨੂੰ ਦੁਬਾਰਾ ਨਹੀਂ ਸਮਝਾਇਆ ਅਤੇ ਮੈਂ ਜਾ ਕੇ ਆਪਣੀ ਸੀਟ 'ਤੇ ਬੈਠ ਗਿਆ ਜਿਹੜੀ ਚੀਜ਼ ਮੈਂ ਸਮਝਣਾ ਚਾਹੁੰਦਾ ਸੀ ਉਹ ਚੀਜ਼ ਮੇਰੇ ਨਾਲ ਟੇਬਲ 'ਤੇ ਬੈਠਾ ਬੱਚਾ ਜਦ ਮੈਨੂੰ ਸਮਝਾ ਰਿਹਾ ਸੀ ਤਾਂ ਅਧਿਆਪਕ ਨੇ ਮੈਨੂੰ ਰੋਕਿਆ ਕਿ ਤੁਸੀਂ ਗੱਲਾਂ ਕਰ ਰਹੇ ਹੋ ਤਾਂ ਮੈਂ ਕਿਹਾ ਸਰ ਮੈਂ ਉਸ ਕੋਲੋਂ ਜੋ ਸਵਾਲ ਸਮਝ ਰਿਹਾ ਹਾਂ। 

ਇਸ ਦੇ ਨਾਲ ਹੀ ਅਰਮਾਨ ਨੇ ਕਿਹਾ ਕਿ ਅਧਿਆਪਕ ਸਾਨੂੰ ਕਲਾਸ ਵਿਚ ਪੜ੍ਹਾ ਰਿਹਾ ਸੀ ਤਾਂ ਜਿਸ ਸਵਾਲ ਦਾ ਉਹ ਜਵਾਬ ਦੇ ਰਹੇ ਸਨ ਬੱਚਿਆਂ ਨੂੰ ਮੈਂ ਕਿਹਾ ਕਿ ਸਰ ਜੋ ਤੁਸੀਂ ਸਵਾਲ ਦਾ ਜਵਾਬ ਦੇ ਰਹੇ ਹੋ ਉਹ ਠੀਕ ਨਹੀਂ ਹੈ ਤੁਸੀਂ ਗਲਤ ਸਾਨੂੰ ਦੱਸ ਰਹੇ ਹੋ ਤਾਂ ਉਸ ਨੇ ਕਿਹਾ ਕਿ ਅਧਿਆਪਕ ਤੁਸੀਂ ਹੋ ਕਿ ਮੈਂ ਤਾਂ ਮੈਂ ਕਿਹਾ ਸਰ ਜੋ ਤੁਸੀਂ ਸਵਾਲ ਦਾ ਜਵਾਬ ਦੇ ਰਹੇ ਹੋ ਮੈਂ ਨੈੱਟ ਤੇ ਚੈੱਕ ਕੀਤਾ ਹੈ ਤੁਹਾਡਾ ਜਵਾਬ ਗਲਤ ਹੈ ਤਾਂ ਇਸ ਦੌਰਾਨ ਅਧਿਆਪਕ ਨੇ ਉਸ ਦੀ ਸ਼ਿਕਾਇਤ ਸਕੂਲ ਦੇ ਸਟਾਫ ਨੂੰ ਕਰ ਦਿੱਤੀ। ਇਸ ਦੌਰਾਨ ਮੈਨੂੰ ਸਕੂਲ ਦੇ ਵਾਈਸ ਪ੍ਰਿੰਸੀਪਲ ਇੰਦਰਜੀਤ ਸਿੰਘ ਨੇ ਦਫਤਰ 'ਚ ਬੁਲਾਇਆ। ਮੈਨੂੰ ਜਦੋਂ ਉਨ੍ਹਾਂ ਨੇ ਪੁੱਛਿਆ ਕਿ ਤੁਹਾਡੇ ਖਿਲਾਫ ਇਹ ਸ਼ਿਕਾਇਤ ਆਈ ਹੈ ਤਾਂ ਮੈਂ ਉਨ੍ਹਾਂ ਨੂੰ ਕਿਹਾ ਸਰ ਮੈਂ ਕਲਾਸ ਵਿਚ ਕਿਸੇ ਪ੍ਰਕਾਰ ਦੀ ਕੋਈ ਵੀ ਗਲਤ ਗੱਲ ਨਹੀਂ ਕੀਤੀ ਜੋ ਮੇਰੀ ਸ਼ਿਕਾਇਤ ਆਈ ਹੈ, ਉਹ ਝੂਠੀ ਹੈ ਅਤੇ ਮੈਂ ਫਿਰ ਵੀ ਤੁਹਾਡੇ ਕੋਲੋਂ ਮੁਆਫੀ ਮੰਗ ਰਿਹਾ ਹਾਂ।

ਇੰਦਰਜੀਤ ਸਿੰਘ ਸਰ ਨੇ ਮੈਨੂੰ ਕਮਰਾ ਬੰਦ ਕਰਕੇ ਬਹੁਤ ਜ਼ਿਆਦਾ ਕੁੱਟਿਆ ਤੇ ਮੇਰੇ ਢਿੱਡ ਵਿਚ ਲੱਤਾਂ ਮਾਰੀਆਂ। ਇਸ ਦੌਰਾਨ ਸਕੂਲ ਸਟਾਫ ਨੇ ਵੀ ਮੈਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕੁੱਟਮਾਰ ਜਾਰੀ ਰੱਖੀ। ਮੈਂ ਕਿਸੇ ਤਰ੍ਹਾਂ ਕਮਰੇ 'ਚੋਂ ਭੱਜ ਕੇ ਆਪਣੀ ਜਾਨ ਬਚਾਈ ਤੇ ਆਪਣੇ ਪਰਿਵਾਰਿਕ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ। ਜਿਸ ਉਪਰੰਤ ਪਰਿਵਾਰਿਕ ਮੈਂਬਰਾਂ ਨੇ ਬੱਚੇ ਨੂੰ ਇਲਾਜ ਲਈ ਸ਼ਹਿਰ ਦੇ ਸੀ. ਐੱਚ. ਸੀ. ਹਸਪਤਾਲ 'ਚ ਦਾਖਲ ਕਰਾਇਆ ਬੱਚੇ ਦੀ ਹਾਲਤ ਨੂੰ ਦੇਖਦੇ ਹੋਏ ਹਸਪਤਾਲ ਵੱਲੋਂ ਫਸਟ ਏਡ ਦੇ ਕੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ ਰੈਫਰ ਕਰ ਦਿੱਤਾ। ਇਸ ਘਟਨਾ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਘਟਨਾ ਸਬੰਧੀ ਜਦੋਂ ਸਕੂਲ ਦੇ ਵਾਈਸ ਪ੍ਰਿੰਸੀਪਲ ਇੰਦਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਉੱਪਰ ਲੱਗੇ ਦੋਸ਼ ਬਿਲਕੁਲ ਬੇਬੁਨਿਆਦ ਹਨ ਅਤੇ ਬੱਚੇ ਦੀ ਕੋਈ ਕੁੱਟਮਾਰ ਨਹੀਂ ਕੀਤੀ ਗਈ।


author

Gurminder Singh

Content Editor

Related News