ਅਚਨਚੇਤ ਸਕੂਲ ਦੀ ਚੈਕਿੰਗ ਕਰਨ ਆਏ ਅਧਿਕਾਰੀ ਨੇ ਪ੍ਰਿੰਸੀਪਲ ਦਾ ਫੜਿਆ ਕਾਲਰ

Saturday, Aug 03, 2019 - 05:08 PM (IST)

ਅਚਨਚੇਤ ਸਕੂਲ ਦੀ ਚੈਕਿੰਗ ਕਰਨ ਆਏ ਅਧਿਕਾਰੀ ਨੇ ਪ੍ਰਿੰਸੀਪਲ ਦਾ ਫੜਿਆ ਕਾਲਰ

ਜਲਾਲਾਬਾਦ (ਸੇਤੀਆ, ਸੁਮਿਤ) : ਪੰਜਾਬ ਸਕੂਲ ਬੋਰਡ ਨਾਲ ਸੰਬੰਧਤ ਚੈਕਿੰਗ ਟੀਮ ਦੇ ਅਧਿਕਾਰੀ ਵਲੋਂ ਨਿਰੀਖਣ ਦੇ ਨਾਂ 'ਤੇ ਦਬਾਅ ਬਣਾਉਣ ਅਤੇ ਸਕੂਲ ਚੇਅਰਮੈਨ ਨਾਲ ਦਾਦਾਗਿਰੀ ਦਿਖਾਉਂਦੇ ਹੋਏ ਮਾੜਾ ਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਐਕਮੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਡਾ. ਰਾਜੀਵ ਮਿੱਢਾ ਵਲੋਂ ਉੱਚ ਅਧਿਕਾਰੀਆਂ ਨੂੰ ਲਿਖਤ ਸ਼ਿਕਾਇਤ ਦਿੰਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਇਕ ਵੀਡੀਓ ਜਾਰੀ ਕੀਤੀ ਹੈ ਜਿਸ ਵਿਚ ਪੰਜਾਬ ਸਿੱਖਿਆ ਬੋਰਡ ਦਾ ਅਧਿਕਾਰੀ ਚੇਅਰਮੈਨ ਦਾ ਕਾਲਰ ਫੜ ਕੇ ਧਮਕਾ ਰਿਹਾ ਹੈ। 

ਜਾਣਕਾਰੀ ਦਿੰਦਿਆਂ ਡਾ. ਰਾਜੀਵ ਮਿੱਢਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਜ਼ਿਲਾ ਸਿੱਖਿਆ ਅਫਸਰ ਦੇ ਦਫਤਰ ਵਲੋਂ ਤਿੰਨ ਮੁਲਾਜ਼ਮ ਬ੍ਰਿਜਮੋਹਨ ਬੇਦੀ ਪ੍ਰਿੰਸੀਪਲ ਮਾਹਮੂਜੋਈਆ, ਚੰਦਨ ਲੂਨਾ ਏ. ਐੱਸ. ਐੱਲ. ਫਾਜ਼ਿਲਕਾ ਅਤੇ ਅਮਿਤ ਧਮੀਜਾ ਕੰਪਿਊਟਰ ਟੀਚਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਨਾਂ ਕਿਸੇ ਸੂਚਨਾ ਐਕਮੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਨਿਰੀਖਣ ਲਈ ਆਏ। ਇਸ ਸੰਬੰਧੀ ਜਦੋਂ ਅਮਿਤ ਧਮੀਜਾ ਨੂੰ ਅਚਾਨਕ ਨਿਰੀਖਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਟੀਮ ਚੰਡੀਗੜ੍ਹ ਤੋਂ ਆਈ ਹੈ ਜਿਸਦੀ ਰਿਕਾਰਡਿੰਗ ਸਕੂਲ ਦੀ ਪ੍ਰਬੰਧਕੀ ਕਮੇਟੀ ਕੋਲ ਹੈ। ਜਦੋਂ ਇਸ ਬਾਬਤ ਜ਼ਿਲਾ ਸਿੱਖਿਆ ਅਫਸਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮੇਰੇ ਕੋਲ ਕਿਸੇ ਸਕੂਲ ਦੇ ਨਿਰੀਖਣ ਦੇ ਸੰਬੰਧ ਵਿਚ ਕੋਈ ਸੂਚਨਾ ਨਹੀਂ ਹੈ। ਜਦੋਂ ਉਕਤ ਵਿਅਕਤੀ ਸਕੂਲ ਅੰਦਰ ਪੁੱਜੇ ਤਾਂ ਆਉਂਦੇ ਸਾਰ ਦਸਤਾਵੇਜ਼ਾਂ ਦੀ ਮੰਗ ਕੀਤੀ। ਸਕੂਲ ਪ੍ਰਿੰਸੀਪਲ ਵਲੋਂ ਪੁੱਛਿਆ ਗਿਆ ਕਿ ਤੁਹਾਨੂੰ ਪੰਜਾਬ ਬੋਰਡ ਨਾਲ ਸਬੰਧਤ ਦਸਤਾਵੇਜ਼ ਚਾਹੀਦੇ ਹਨ ਜਾਂ ਸੀ. ਬੀ. ਐੱਸ. ਈ. ਬੋਰਡ ਨਾਲ ਸਬੰਧਤ ਤਾਂ ਕਹਿਣ ਲੱਗੇ ਕਿ ਸਾਰੇ ਤਰ੍ਹਾਂ ਦੇ ਦਸਤਾਵੇਜ਼ ਮੁਹੱਈਆ ਕਰਵਾਏ ਜਾਣ ਜਦਕਿ ਪੰਜਾਬ ਬੋਰਡ ਦੇ ਕਿਸੇ ਵੀ ਅਧਿਕਾਰੀ ਸੀ. ਬੀ. ਐੱਸ. ਈ. ਦੇ ਦਸਤਾਵੇਜ਼ਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ। 

ਇਥੇ ਇਹ ਗੱਲ ਵਿਸ਼ੇਸ਼ ਧਿਆਨ ਦੇਣ ਯੋਗ ਹੈ ਕਿ ਸਕੂਲ ਨੇ ਮਿਤੀ 28 ਜਨਵਰੀ 2019 ਨੂੰ ਪੰਜਾਬ ਬੋਰਡ ਨਾਲ ਸੰਬੰਧਤ ਸਾਰੇ ਦਸਤਾਵੇਜ਼ ਮੁਹੱਈਆ ਕਰਵਾ ਕੇ ਐੱਨ. ਓ. ਸੀ. ਲਈ ਸੀ। ਐਕਮੇ ਪਬਲਿਕ ਸਕੂਲ ਵਿਚ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਕਾਫੀ ਕਿੰਤੂ ਪਰੰਤੂ ਤੋਂ ਬਾਅਦ ਉਕਤ ਵਿਅਕਤੀ ਬ੍ਰਿਜਮੋਹਨ ਬੇਦੀ ਵਲੋਂ ਸਕੂਲ ਦੇ ਚੇਅਰਮੈਨ ਡਾ. ਰਾਜੀਵ ਮਿੱਢਾ ਜ਼ਿਲਾ ਪ੍ਰਧਾਨ ਪ੍ਰਾਈਵੇਟ ਸਕੂਲ ਐਸੋਸੀਏਸ਼ਨ 'ਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਇਹ ਇਲਜ਼ਾਮ ਲਗਾਇਆ ਕਿ ਪਿੰਸੀਪਲ ਵਲੋਂ ਪ੍ਰਿੰਸੀਪਲ ਵਾਲੀ ਕੁਰਸੀ ਮੇਰੇ ਲਈ ਖਾਲੀ ਨਹੀਂ ਕੀਤੀ। ਇਸ ਲਈ ਮੈਂ ਇਸ ਸਕੂਲ ਦੀ ਰਿਪੋਰਟ ਇਸਦੇ ਖਿਲਾਫ ਲਿਖਾਂਗਾ। ਇਸ ਸੰਬੰਧੀ ਜਦੋਂ ਕਥਿਤ ਚੈਕਿੰਗ ਟੀਮ ਦੇ ਮੈਂਬਰ ਬ੍ਰਿਜਮੋਹਨ ਬੇਦੀ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ।   

ਇਸ ਸੰਬੰਧੀ ਜਦੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਕੂਲ ਮੈਨੇਜਮੈਂਟ ਇਸ ਸੰਬੰਧੀ ਸ਼ਿਕਾਇਤ ਭੇਜੇ ਅਤੇ ਵੀਡੀਓ ਫੂਟੇਜ ਵੀ ਭੇਜੇ ਉਸ ਆਧਾਰ 'ਤੇ ਬਣਦੀ ਕਾਰਵਾਈ ਕਰਵਾਈ ਜਾਵੇਗੀ।


author

Gurminder Singh

Content Editor

Related News