ਸਤਲੁਜ-ਬਿਆਸ ਦਰਿਆ ਨੇੜਲੇ ਇਲਾਕਿਆਂ ''ਚ ਫੈਲ ਰਹੀਆਂ ਬੀਮਾਰੀਆਂ

Wednesday, Oct 31, 2018 - 01:58 PM (IST)

ਸਤਲੁਜ-ਬਿਆਸ ਦਰਿਆ ਨੇੜਲੇ ਇਲਾਕਿਆਂ ''ਚ ਫੈਲ ਰਹੀਆਂ ਬੀਮਾਰੀਆਂ

ਚੰਡੀਗੜ੍ਹ (ਅਸ਼ਵਨੀ) : ਸਤਲੁਜ-ਬਿਆਸ 'ਚ ਵਧਦੇ ਪ੍ਰਦੂਸ਼ਣ ਨੇ ਦਰਿਆ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਰੋਗੀ ਬਣਾ ਦਿੱਤਾ ਹੈ। ਇੱਥੋਂ ਦੇ ਲੋਕ ਚਮੜੀ ਰੋਗ, ਪੇਟ, ਸਾਹ, ਫੇਫੜੇ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੋ ਰਹੇ ਹਨ। ਜਨਵਰੀ 2018 ਤੋਂ ਅਗਸਤ 2018 ਤੱਕ ਦਰਿਆ ਦੇ ਆਸ-ਪਾਸ ਜ਼ਿਲਾ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ 'ਚ ਕਾਫ਼ੀ ਵਾਧਾ ਹੋਇਆ ਹੈ। ਇਕੱਲੇ ਲੁਧਿਆਣਾ 'ਚ ਚਮੜੀ ਰੋਗ, ਪੇਟ ਖ਼ਰਾਬ, ਸਾਹ, ਫੇਫੜਿਆਂ ਦੀ ਸਮੱਸਿਆ ਨਾਲ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਮਰੀਜ਼ਾਂ ਦੀ ਬਹੁਤ ਜ਼ਿਆਦਾ ਗਿਣਤੀ ਪਾਈ ਗਈ ਹੈ। ਇਸ ਕੜੀ 'ਚ ਰੋਪੜ, ਫਾਜ਼ਿਲਕਾ ਜ਼ਿਲਿਆਂ 'ਚ ਚਮੜੀ ਰੋਗ ਅਤੇ ਪੇਟ ਖ਼ਰਾਬ ਹੋਣ ਦੀਆਂ ਸ਼ਿਕਾਇਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ।

ਬਕਾਇਦਾ, ਸਿਹਤ ਵਿਭਾਗ ਨੇ ਇਨ੍ਹਾਂ ਮਾਮਲਿਆਂ 'ਤੇ ਇਕ ਵਿਸਥਾਰਿਤ ਰਿਪੋਰਟ ਤਿਆਰ ਕੀਤੀ ਹੈ, ਜਿਸ ਨੂੰ ਹਾਲ ਹੀ 'ਚ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਨਿਰਦੇਸ਼ 'ਤੇ ਗਠਿਤ ਸਤਲੁਜ-ਬਿਆਸ ਦਰਿਆ ਦੀ ਮਾਨੀਟਰਿੰਗ ਕਮੇਟੀ ਸਾਹਮਣੇ ਪੇਸ਼ ਕੀਤਾ ਗਿਆ, ਜਿਸ 'ਤੇ ਮਾਨੀਟਰਿੰਗ ਕਮੇਟੀ ਨੇ ਕਾਫੀ ਗੰਭੀਰ ਨੋਟਿਸ ਲਿਆ ਹੈ। ਸਿਹਤ ਵਿਭਾਗ ਨੂੰ ਕਿਹਾ ਗਿਆ ਹੈ ਕਿ ਛੇਤੀ ਤੋਂ ਛੇਤੀ ਦਰਿਆ ਦੇ ਪੂਰੇ ਕੈਚਮੈਂਟ ਏਰੀਆ 'ਚ ਰਹਿਣ ਵਾਲੇ ਲੋਕਾਂ ਦਾ ਹੈਲਥ ਸਰਵੇ ਕੀਤਾ ਜਾਵੇ ਤਾਂ ਕਿ ਗੰਭੀਰ ਹੋ ਰਹੇ ਹਾਲਾਤ 'ਤੇ ਕਾਬੂ ਪਾਇਆ ਜਾ ਸਕੇ। ਸਿਹਤ ਵਿਭਾਗ ਨੇ ਦੋ ਮਹੀਨਿਆਂ ਅੰਦਰ ਹੈਲਥ ਸਰਵੇ ਮੁਕੰਮਲ ਕਰਨ ਦੀ ਗੱਲ ਕਹੀ ਹੈ।
ਹੈਲਥ ਕੈਂਪ ਲਾਉਣ ਦੇ ਨਿਰਦੇਸ਼ 
ਬੀਮਾਰੀਆਂ ਦੇ ਵਧਦੇ ਕਹਿਰ ਨੂੰ ਵੇਖਦੇ ਹੋਏ ਮਾਨੀਟਰਿੰਗ ਕਮੇਟੀ ਨੇ ਪ੍ਰਭਾਵਿਤ ਇਲਾਕਿਆਂ 'ਚ ਹੈਲਥ ਕੈਂਪ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਸਰਕਾਰੀ ਸਿਹਤ ਸੇਵਾ ਕੇਂਦਰਾਂ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਿਹਾ ਗਿਆ ਹੈ ਕਿ ਬੋਰਡ ਛੇਤੀ ਤੋਂ ਛੇਤੀ ਇਸ ਸਬੰਧ 'ਚ ਪ੍ਰਾਈਵੇਟ ਹਸਪਤਾਲਾਂ ਨੂੰ ਨਿਰਦੇਸ਼ ਜਾਰੀ ਕਰੇ ਤਾਂ ਕਿ ਸਵੈਇੱਛੁਕ ਤੌਰ 'ਤੇ ਜ਼ਿਆਦਾ ਤੋਂ ਜ਼ਿਆਦਾ ਹੈਲਥ ਕੈਂਪ ਲਾਏ ਜਾ ਸਕਣ।


Related News