ਸਰਪੰਚ ਤੇ ਪੰਚਾਂ ਦੀਆਂ ਖਾਲੀ ਸੀਟਾਂ ''ਤੇ ਉਪ ਚੋਣ 6 ਅਗਸਤ ਨੂੰ ਕਰਵਾਈ ਜਾਵੇਗੀ : ਏ. ਡੀ. ਸੀ.

07/31/2017 3:22:12 PM

ਕਪੂਰਥਲਾ(ਗੁਰਵਿੰਦਰ ਕੌਰ)— ਸਟੇਟ ਚੋਣ ਕਮਿਸ਼ਨ ਪੰਜਾਬ ਵਲੋਂ ਆਪਣੇ ਪੱਤਰ ਨੰਬਰ ਐੱਸ. ਈ. ਸੀ.-ਐੱਸ. ਏ. 2017/1857 ਮਿਤੀ 18-7-2017 ਰਾਹੀਂ ਜ਼ਿਲਾ ਪ੍ਰਸ਼ਾਸਨ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਸੀਟਾਂ ਦੀ ਉੱਪ ਚੋਣ 6 ਅਗਸਤ 2017 ਨੂੰ ਕਰਵਾਈ ਜਾਵੇਗੀ ਅਤੇ ਚੋਣਾਂ ਦਾ ਸਾਰਾ ਕੰਮ 8 ਅਗਸਤ 2017 ਤਕ ਪੂਰਾ ਕੀਤਾ ਜਾਵੇ। ਇਹ ਜਾਣਕਾਰੀ ਪ੍ਰੈੱਸ ਨੂੰ ਦਿੰਦੇ ਹੋਏ ਏ. ਡੀ. ਸੀ. ਵਿਕਾਸ ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਸਟੇਟ ਚੋਣ ਕਮਿਸ਼ਨ ਪੰਜਾਬ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਐਤਵਾਰ ਨੂੰ ਨੌਮੀਨੇਸ਼ਨ ਪੇਪਰਾਂ ਦੀ ਵਾਪਸੀ ਉਪਰੰਤ ਬਲਾਕ ਕਪੂਰਥਲਾ ਦੀ ਗ੍ਰਾਮ ਪੰਚਾਇਤ ਖੁਸਰੋਪੁਰ ਦੇ ਵਾਰਡ ਨੰ. 4 'ਚ ਪੰਚ ਦੀ ਚੋਣ ਲਈ 2 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਹਨ, ਜਦੋਂ ਕਿ ਬਲਾਕ ਫਗਵਾੜਾ ਵਿਖੇ ਸਰਪੰਚ ਦੀ ਚੋਣ ਲਈ ਗ੍ਰਾਮ ਪੰਚਾਇਤ ਮਾਣਕ ਤੇ ਭੁਲਾਰਾਏ 'ਚ ਕ੍ਰਮਵਾਰ 'ਤੇ 2 ਅਤੇ 3 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਹਨ, ਜਿਨ੍ਹਾਂ ਲਈ ਵੋਟਾਂ 6 ਅਗਸਤ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਦਰਸਾਏ ਪੋਲਿੰਗ ਸਟੇਸ਼ਨਾਂ 'ਤੇ ਪੈਣਗੀਆਂ ਅਤੇ ਉਸੇ ਦਿਨ ਵੋਟਾਂ ਦੀ ਗਿਣਤੀ ਉਪਰੰਤ ਵੋਟਾਂ ਦਾ ਰਿਜ਼ਲਟ ਕੱਢਿਆ ਜਾਵੇਗਾ। 
ਉਨ੍ਹਾਂ ਦੱਸਿਆ ਕਿ ਬਲਾਕ ਢਿੱਲਵਾਂ 'ਚ ਗ੍ਰਾਮ ਪੰਚਾਇਤ ਅਕਬਰਪੁਰ, ਖਹਿਰਾ ਬੇਟ, ਨਰਕਟ 'ਚ ਸਰਪੰਚ ਅਤੇ ਪੰਚ ਸਰਬਸੰਮਤੀ ਨਾਲ ਚੁਣੇ ਗਏ। ਇਸੇ ਤਰ੍ਹਾਂ ਬਲਾਕ ਨਡਾਲਾ 'ਚ ਗ੍ਰਾਮ ਪੰਚਾਇਤ ਬਹਿਲੋਪੁਰ, ਦਮੂਲੀਆਂ, ਕਪੂਰਥਲਾ ਬਲਾਕ 'ਚ ਮਜਾਦਪੁਰ, ਮੈਣਵਾਂ, ਸੀਨਪੁਰ, ਨਵਾਂ ਪਿੰਡ ਭੱਠੇ, ਰਜ਼ਾਪੁਰ, ਫਗਵਾੜਾ ਬਲਾਕ 'ਚ ਗ੍ਰਾਮ ਪੰਚਾਇਤ ਰਾਮਪੁਰ ਸੁੰਨੜਾਂ, ਅਮਰੀਕ ਨਗਰੀ, ਜਗਤਪੁਰ ਜੱਟਾਂ, ਚਹੇੜੂ ਤੇ ਸੁਲਤਾਨਪੁਰ ਲੋਧੀ ਬਲਾਕ 'ਚ ਗ੍ਰਾਮ ਪੰਚਾਇਤ ਲੋਧੀਵਾਲ, ਨੂਰਪੁਰ, ਫੌਜੀ ਕਾਲੌਨੀ ਮੁਹੱਬਲੀਪੁਰ ਆਦਿ ਦੇ ਪੰਚ ਤੇ ਸਰਪੰਚ ਸਰਬਸੰਮਤੀ ਨਾਲ ਚੁਣੇ ਗਏ।


Related News