ਸਰਹਾਲੀ ਥਾਣਾ ਹਮਲਾ : ਜੇਲ੍ਹ ’ਚ ਬੰਦ ਲੰਡਾ ਦੇ ਸਾਥੀਆਂ ਨੇ ਫੋਨ ਰਾਹੀਂ ਸੰਪਰਕ ਬਣਾ ਤਿਆਰ ਕੀਤਾ ਸੀ ਪਲਾਨ!
Wednesday, Dec 14, 2022 - 01:22 AM (IST)
ਤਰਨਤਾਰਨ (ਰਮਨ) : ਨੈਸ਼ਨਲ ਹਾਈਵੇ 'ਤੇ ਮੌਜੂਦ ਥਾਣਾ ਸਰਹਾਲੀ ਨੂੰ ਨਿਸ਼ਾਨਾ ਬਣਾਉਣ ਵਾਲੇ ਗਿਰੋਹ ਦੇ 3 ਮੈਂਬਰਾਂ ਸਮੇਤ ਕੁਲ 6 ਨੂੰ ਜਿਥੇ ਪੁਲਸ ਵੱਲੋਂ ਰਾਊਂਡਅੱਪ ਕਰਦਿਆਂ ਜਿੱਥੇ ਪੁੱਛਗਿੱਛ ਕੀਤੀ ਜਾ ਰਹੀ ਹੈ, ਉਥੇ ਹੀ ਪੁਲਸ ਵੱਲੋਂ ਫਰਾਰ ਸਾਥੀਆਂ ਨੂੰ ਪੇਸ਼ ਹੋਣ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਪੁਲਸ ਮਾਮਲੇ ਨੂੰ ਜਲਦ ਹੱਲ ਕਰਨ ਲਈ ਕਾਫੀ ਤੇਜ਼ੀ ਨਾਲ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਜ਼ਿਲ੍ਹੇ ਦੇ ਚਾਰੇ ਪਾਸੇ ਖੰਗਾਲਦੀ ਵੇਖੀ ਜਾ ਸਕਦੀ ਹੈ। ਕੈਨੇਡਾ 'ਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਵੱਲੋਂ ਕਰਵਾਏ ਜਾਣ ਦੇ ਸ਼ੱਕ ਤਹਿਤ ਇਸ ਹਮਲੇ ਦੇ ਤਾਰ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ 'ਚ ਬੈਠੇ ਉਸ ਦੇ ਸਾਥੀਆਂ ਨਾਲ ਜੁੜੇ ਹੋਣ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਚੀਨ ਤੋਂ ਬਾਅਦ ਅਮਰੀਕਾ ਨੇ ਵੀ ਬਣਾਇਆ 'ਨਕਲੀ ਸੂਰਜ', ਦੁਨੀਆ ਤੋਂ ਖ਼ਤਮ ਹੋਵੇਗਾ ਊਰਜਾ ਸੰਕਟ
ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਬੈਠੇ ਆਈ. ਐੱਸ. ਆਈ. ਨਾਲ ਸਬੰਧਤ ਲਖਬੀਰ ਸਿੰਘ ਰੋਡੇ ਵੱਲੋਂ ਗੈਂਗਸਟਰ ਲਖਬੀਰ ਸਿੰਘ ਲੰਡਾ ਨਾਲ ਸੰਪਰਕ ਕਰਕੇ ਡਰੋਨ ਰਾਹੀਂ ਬੀਤੇ ਸਮੇਂ ਦੌਰਾਨ ਆਰ. ਪੀ. ਜੀ. ਲਾਂਚਰ ਭੇਜਿਆ ਗਿਆ ਹੋ ਸਕਦਾ ਹੈ, ਜਿਸ ਨੂੰ ਲੰਡਾ ਦੇ ਇਸ਼ਾਰੇ 'ਤੇ ਜ਼ਿਲ੍ਹੇ 'ਚ ਮੌਜੂਦ ਗਰੀਬ ਘਰਾਂ ਨਾਲ ਸਬੰਧਤ ਨਾਬਾਲਗਾਂ ਨੂੰ ਵਰਗਲਾ ਕੇ ਅਜਿਹੇ ਹਮਲੇ ਕਰਵਾਉਣ ਲਈ ਤਿਆਰ ਕੀਤੀ ਜਾ ਰਹੀ ਫੌਜ ਦੀ ਮਦਦ ਲਏ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਹਮਲਾਵਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ੍ਰੀ ਹਜ਼ੂਰ ਸਾਹਿਬ ਦੇ ਇਲਾਕਿਆਂ ’ਚ ਸ਼ਰਨ ਲੈਣ ਦੇ ਸੰਕੇਤ ਮਿਲਣ ਤੋਂ ਬਾਅਦ ਪੁਲਸ ਟੀਮਾਂ ਹੋਰ ਸੂਬਿਆਂ ’ਚ ਛਾਪੇਮਾਰੀ ਲਈ ਰਵਾਨਾ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ : 21 ਸਾਲਾ ਟਿਕਟਾਕ ਸਟਾਰ Ali Dulin ਦੀ ਕਾਰ ਹਾਦਸੇ 'ਚ ਮੌਤ
ਜਾਣਕਾਰੀ ਅਨੁਸਾਰ ਸਰਹਾਲੀ ਥਾਣੇ ਉੱਪਰ ਹੋਏ ਇਸ ਹਮਲੇ ਦੇ ਤਾਰ ਸ੍ਰੀ ਗੋਇੰਦਵਾਲ ਸਾਹਿਬ ਜੇਲ੍ਹ ਅੰਦਰ ਮੌਜੂਦ ਲਖਬੀਰ ਸਿੰਘ ਲੰਡਾ ਨਾਲ ਸਿੱਧੇ ਸੰਪਰਕ 'ਚ ਰਹਿਣ ਵਾਲੇ ਮੁਲਜ਼ਮਾਂ ਨਾਲ ਹੋਣੇ ਪਾਏ ਜਾ ਰਹੇ ਹਨ। ਕੁਝ ਮਹੀਨੇ ਪਹਿਲਾਂ ਗੁਰਜੰਟ ਸਿੰਘ ਜੰਟਾ ਪੁੱਤਰ ਅਜੈਬ ਸਿੰਘ ਨਿਵਾਸੀ ਪਿੰਡ ਅਲਾਦੀਨਪੁਰ ਜੋ ਕੱਪੜਾ ਕਾਰੋਬਾਰੀ ਸੀ, ਦਾ ਲੰਡਾ ਦੇ ਇਸ਼ਾਰੇ 'ਤੇ ਦਿਨ-ਦਿਹਾੜੇ 20 ਲੱਖ ਰੁਪਏ ਦੀ ਫਿਰੌਤੀ ਨਾ ਦੇਣ ਕਰਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਸ ਨੇ ਇਸ ਕੇਸ ਨੂੰ ਹੱਲ ਕਰਦਿਆਂ ਗੁਰਕੀਰਤ ਸਿੰਘ ਉਰਫ ਘੁੱਗੀ, ਅਜਮੀਤ ਸਿੰਘ, ਰਵੀਸ਼ੇਰ ਸਿੰਘ ਉਰਫ ਰਵੀ ਅਤੇ ਰਵਿੰਦਰ ਸਿੰਘ ਉਰਫ ਭਿੰਡੀ ਵਾਸੀ ਨੌਸ਼ਹਿਰਾ ਪੰਨੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਨ੍ਹਾਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ’ਚ ਰੱਖਿਆ ਗਿਆ ਸੀ। ਇਨ੍ਹਾਂ ਚਾਰਾਂ ਕੋਲ ਜੇਲ੍ਹ ਅੰਦਰ ਮੋਬਾਈਲ ਫੋਨ ਤੱਕ ਮੌਜੂਦ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਬੀਤੇ ਸਮੇਂ ਦੌਰਾਨ ਜੇਲ੍ਹ ਅੰਦਰੋਂ ਇਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਜਸ਼ਨ ਮਨਾਉਣ ਦੀ ਵੀਡੀਓ ਵੀ ਵਾਇਰਲ ਕੀਤੀ ਗਈ ਸੀ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਮੀਤ ਹੇਅਰ ਦੀ ਦੋ-ਟੁਕ: 21 ਫਰਵਰੀ ਤੱਕ ਸਾਰੇ ਸਾਈਨ ਬੋਰਡ ਪੰਜਾਬੀ 'ਚ ਕੀਤੇ ਜਾਣ
ਲਖਬੀਰ ਸਿੰਘ ਲੰਡਾ ਨਾਲ ਸਿੱਧੇ ਤੌਰ ’ਤੇ ਸੰਪਰਕ 'ਚ ਰਹਿਣ ਵਾਲੇ ਅਜਮੀਤ ਸਿੰਘ ਨੂੰ ਜ਼ਿਲ੍ਹਾ ਪੁਲਸ ਵੱਲੋਂ 2 ਦਿਨ ਪਹਿਲਾਂ ਪੁੱਛਗਿੱਛ ਲਈ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਪੁਲਸ ਨੇ ਨੈਸ਼ਨਲ ਹਾਈਵੇ ਨੇੜੇ ਮੌਜੂਦ ਪਿੰਡ ਨੌਸ਼ਹਿਰਾ ਪੰਨੂਆਂ ਦੇ ਰਹਿਣ ਵਾਲੇ ਛੋਟੀ ਉਮਰ ਦੇ 4 ਨੌਜਵਾਨਾਂ ਤੋਂ ਇਲਾਵਾ 3 ਪਿੰਡ ਚੌਧਰੀ ਵਾਲਾ ਨਿਵਾਸੀਆਂ ਨੂੰ ਰਾਊਂਡਅੱਪ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਦੀ ਉਮਰ ਕਰੀਬ 16 ਤੋਂ 23 ਸਾਲ ਤੱਕ ਦੱਸੀ ਜਾ ਰਹੀ ਹੈ। ਪੁਲਸ ਨੇ ਪੁੱਛਗਿੱਛ ਲਈ ਲਿਆਂਦੇ ਨੌਜਵਾਨਾਂ 'ਚੋਂ ਕੁਝ ਦੇ ਸੰਬੰਧ ਲੰਡਾ ਨਾਲ ਹੋਣੇ ਸਾਬਤ ਵੀ ਹੋਣ ਦੀ ਸੂਚਨਾ ਪ੍ਰਾਪਤ ਹੋ ਰਹੀ ਹੈ ਪਰ ਪੁਲਸ ਇਸ ਹੋਏ ਹਮਲੇ ਤੋਂ ਬਾਅਦ ਮੀਡੀਆ ਨਾਲ ਸੰਪਰਕ ਕਰਨ ਤੋਂ ਕੰਨੀ ਕਤਰਾ ਰਹੀ ਹੈ।
ਇਹ ਵੀ ਪੜ੍ਹੋ : ਪੰਚਾਇਤ ਸਾਹਮਣੇ ਫੌਜੀ ਦੀ ਬੇਰਹਿਮੀ ਨਾਲ ਕੁੱਟਮਾਰ, ਗਰਭਵਤੀ ਪਤਨੀ ਵੀ ਹੋਈ ਜ਼ਖ਼ਮੀ
ਉਧਰ ਪੁਲਸ ਇਸ ਸਬੰਧੀ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਸੰਘਾ, ਸ਼ਹਿਬਾਜਪੁਰ, ਪੱਟੀ ਰੋਡ, ਫਤਿਆਬਾਦ-ਚੋਹਲਾ ਸਾਹਿਬ ਰੋਡ, ਹਰੀਕੇ ਪੱਤਣ, ਗੋਇੰਦਵਾਲ ਰੋਡ ਆਦਿ ਇਲਾਕਿਆਂ ’ਚ ਹੁਣ ਤੱਕ ਕਰੀਬ 48 ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਕਰ ਚੁੱਕੀ ਹੈ, ਜਿਸ ਤੋਂ ਬਾਅਦ ਪੁਲਸ ਨੂੰ ਕੁਝ ਅਹਿਮ ਸਬੂਤ ਤਾਂ ਹੱਥ ਲੱਗ ਚੁੱਕੇ ਹਨ ਪਰ ਪੁਲਸ ਅਸਲ ਮੁਲਜ਼ਮਾਂ ਤੱਕ ਪਹੁੰਚ ਕਰਦੇ ਹੋਏ ਗੁਪਤ ਢੰਗ ਨਾਲ ਤਕਨੀਕੀ ਮਾਹਿਰਾਂ ਦੀ ਮਦਦ ਲੈ ਰਹੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਹਮਲੇ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਉਸੇ ਰਾਤ ਸ੍ਰੀ ਹਜ਼ੂਰ ਸਾਹਿਬ ਦੇ ਨਾਲ ਲੱਗਦੇ ਸ਼ਹਿਰਾਂ ’ਚ ਸ਼ਰਨ ਲੈਣ ਲਈ ਰਵਾਨਾ ਹੋ ਗਏ ਸਨ। ਇੰਨਾ ਹੀ ਨਹੀਂ, ਮੁਲਜ਼ਮਾਂ ਤੱਕ ਪਹੁੰਚ ਕਰਨ ਲਈ ਪੁਲਸ ਦਿਨ-ਰਾਤ ਇਕ ਕਰਦੀ ਵੇਖੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਸਾਬਕਾ ਮੰਤਰੀ ਸਿੰਗਲਾ ’ਤੇ ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, ਵਿਭਾਗ ਦਾ ਸਾਰਾ ਰਿਕਾਰਡ ਕੀਤਾ ਤਲਬ
ਪਾਕਿਸਤਾਨ 'ਚ ਬੈਠੇ ਆਈ. ਐੱਸ. ਆਈ. ਦੇ ਮੈਂਬਰ ਲਖਬੀਰ ਸਿੰਘ ਰੋਡੇ ਨਾਲ ਸਿੱਧੇ ਤੌਰ ’ਤੇ ਕੈਨੇਡਾ ਬੈਠੇ ਲਖਬੀਰ ਸਿੰਘ ਲੰਡਾ ਨਾਲ ਸੰਬੰਧ ਸੋਸ਼ਲ ਮੀਡੀਆ ਰਾਹੀਂ ਜਾਰੀ ਹਨ, ਜਿਨ੍ਹਾਂ ਵੱਲੋਂ ਮੋਹਾਲੀ ਵਿਖੇ ਕਰਵਾਏ ਗਏ ਆਰ. ਪੀ. ਜੀ. ਅਟੈਕ ਦੀ ਤਰ੍ਹਾਂ ਥਾਣਾ ਸਰਹਾਲੀ ਨੂੰ ਵੀ ਨਿਸ਼ਾਨਾ ਉਸੇ ਤਰਜ਼ 'ਤੇ ਬਣਾਇਆ ਗਿਆ, ਜਿਸ ਤੋਂ ਬਾਅਦ ਪੁਲਸ ਨੇ ਹਮਲਾ ਕਰਨ ਵਾਲੇ ਚੜ੍ਹਤ ਸਿੰਘ ਨਾਂ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਸੀ, ਜਿਸ ਨੂੰ ਜ਼ਿਲ੍ਹਾ ਪੁਲਸ ਵੱਲੋਂ ਜਲਦ ਹੀ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾ ਰਿਹਾ ਹੈ। ਲਖਬੀਰ ਲੰਡਾ ਵੱਲੋਂ ਇਸ ਹਮਲੇ ਨੂੰ ਕਰਵਾਉਣ ਲਈ ਹਵਾਲਾ ਰਾਸ਼ੀ ਵੀ ਭੇਜੀ ਗਈ ਹੋ ਸਕਦੀ ਹੈ। ਇਸ ਮਾਮਲੇ ਦੀ ਸਾਰੀ ਜਾਂਚ ਐੱਨ. ਆਈ. ਏ. ਵੱਲੋਂ ਆਪਣੇ ਹੱਥ 'ਚ ਲੈਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਉੱਧਰ ਮਾਮਲੇ ਦੇ ਜਾਂਚ ਅਧੀਕਾਰੀ ਡੀ. ਐੱਸ. ਪੀ. ਪੱਟੀ ਸਤਨਾਮ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਟੀਮਾਂ ਵੱਲੋਂ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਰਾਜ ਸਭਾ 'ਚ ਸੰਸਦ ਮੈਂਬਰ ਸੰਜੀਵ ਅਰੋੜਾ ਵੱਲੋਂ ਵਿਸ਼ੇਸ਼ ਜ਼ਿਕਰ
ਉਧਰ ਇਸ ਬਾਰੇ ਜ਼ਿਲ੍ਹੇ ਦੇ ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਸ ਇਸ ਕੇਸ ਨੂੰ ਹੱਲ ਕਰਨ ਦੇ ਨੇੜੇ ਪਹੁੰਚ ਚੁੱਕੀ ਹੈ, ਜਿਸ ਸਬੰਧੀ ਪੁਲਸ ਨੂੰ ਕਈ ਅਹਿਮ ਸਬੂਤ ਵੀ ਹੱਥ ਲੱਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਜਲਦ ਹੀ ਮੀਡੀਆ ਨੂੰ ਜਾਣਕਾਰੀ ਦਿੱਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।