ਮਾਮੂਲੀ ਰੰਜਿਸ਼ ਦੇ ਚੱਲਦਿਆ ਸਕੂਲੀ ਵਿਦਿਆਰਥੀ ਨੂੰ ਬੱਸ ''ਚੋਂ ਖਿੱਚ ਕੇ ਕੀਤੀ ਬਦਸਲੂਕੀ

02/28/2020 11:43:11 AM

ਸਰਹਾਲੀ ਕਲਾਂ (ਜ. ਬ.) : ਪਿੰਡ ਧੱਤਲ 'ਚ 11ਵੀਂ ਦੇ ਵਿਦਿਆਰਥੀ ਨੂੰ ਮਾਮੂਲੀ ਰੰਜਿਸ਼ ਦੇ ਚੱਲਦਿਆ ਕੁਝ ਨੌਜਵਾਨਾਂ ਵਲੋਂ ਕੁੱਟਮਾਰ ਅਤੇ ਅਗਵਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਲਵਪ੍ਰੀਤ ਸਿੰਘ ਪੁੱਤਰ ਸਰਜਾ ਸਿੰਘ ਵਾਸੀ ਪਿੰਡਾ ਚੰਬਾ ਕਲਾਂ ਨੇ ਦੱਸਿਆ ਕਿ ਉਹ ਰੋਜ਼ ਤਰ੍ਹਾਂ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਬੱਸ 'ਚ ਘਰ ਜਾ ਰਿਹਾ ਸੀ। ਇਸੇ ਦੌਰਾਨ ਬੁਲੇਟ ਮੋਟਰਸਾਈਕਲ ਅਤੇ ਦੋ ਹੋਰਨਾਂ ਮੋਟਰਸਾਈਕਲਾਂ ਦੇ ਸਿਰ ਮੂੰਹ ਢੱਕੇ ਤੇਜ਼ਧਾਰ ਹਥਿਆਰਾਂ ਨਾਲ ਲੈਸ 6-7 ਨੌਜਵਾਨਾਂ ਨੇ ਇਕ ਦਮ ਬੱਸ ਨੂੰ ਘੇਰ ਲਿਆ ਅਤੇ ਉਸ 'ਚੋਂ ਲਵਪ੍ਰੀਤ ਸਿੰਘ ਨੂੰ ਉਨ੍ਹਾਂ ਦੇ ਦੂਰ ਦੇ ਰਿਸ਼ਤੇਦਾਰ ਦਲਜੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਮਾਣੋਚਾਹਲ ਅਤੇ ਉਸ ਨਾਲ ਹੈਪੀ ਅਤੇ ਬਿੱਲਾ ਨੇ ਮੈਨੂੰ ਬੱਸ 'ਚੋਂ ਖਿੱਚ ਧੂਹ ਕੇ ਉਤਾਰ ਕੇ ਪਹਿਲਾਂ ਮੇਰੀ ਪੱਗੜੀ ਲਾਹੀ ਅਤੇ ਫਿਰ ਕਾਫੀ ਕੁੱਟ-ਮਾਰ ਕੀਤੀ। ਰੌਲਾ ਸੁਣ ਕੇ ਬੱਸ ਦਾ ਡਰਾਈਵਰ ਸਕੂਲ ਦਾ ਸਟਾਫ ਅਤੇ ਰਾਹਗੀਰ ਮੈਨੂੰ ਉਨ੍ਹਾਂ ਦੇ ਚੁੱਗਲ 'ਚੋਂ ਛੁਡਾਉਣ ਲਈ ਮੇਰੇ ਵੱਲ ਆਏ ਤਾਂ ਉਹ ਮੈਨੂੰ ਸਕੂਲ ਦੇ ਕੋਲ ਕਣਕ ਦੇ ਖੇਤ 'ਚ ਸੁੱਟ ਕੇ ਅਗਵਾ ਕਰਨ ਦੀ ਕੋਸ਼ਿਸ਼ ਕਰਨ ਲੱਗੇ ਪਰ ਲੋਕਾਂ ਦੇ ਇਕੱਠ ਤੋਂ ਡਰਦੇ ਮੈਨੂੰ ਉੱਥੇ ਛੱਡ ਕੇ ਫਰਾਰ ਹੋ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਜਗਤਾਰ ਸਿੰਘ ਦੀ ਸਾਲੀ ਦਾ ਮੁੰਡਾ ਦਲਜੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਮਾਣੋਚਾਹਲ ਦੀ ਇਕ ਵਿਆਹ ਸਮਾਗਮ ਮੌਕੇ ਪਹਿਲਾਂ ਮਾਮੂਲੀ ਜਿਹੀ ਝੜਪ ਹੋਈ ਸੀ, ਉਹ ਉਸੇ ਦਿਨ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਬਕ ਸਿਖਾਉਣ ਲਈ ਧਮਕੀ ਦੇ ਗਿਆ ਸੀ। ਉਨ੍ਹਾਂ ਕਿਹਾ ਕਿ ਗੁੰਡਾ ਅਨਸਰਾਂ ਨੂੰ ਉਨ੍ਹਾਂ ਦੀ ਬਣਦੀ ਸਜ਼ਾ ਦਿਵਾਉਣ ਲਈ ਅਤੇ ਨੱਥ ਪਾਉਣ ਲਈ 28 ਫਰਵਰੀ ਨੂੰ ਐੱਸ. ਐੱਸ. ਪੀ. ਸਾਹਿਬ ਦੇ ਕੋਲ ਠੋਸ ਸਬੂਤ ਸਮੇਤ ਪੁੱਜ ਕੇ ਸਖਤ ਤੋਂ ਸਖਤ ਕਾਰਵਾਈ ਕਰਾਉਣ ਤੋਂ ਗੁਰੇਜ਼ ਨਹੀਂ ਕਰਨਗੇ।

ਕੀ ਕਹਿੰਦੇ ਹਨ ਸਕੂਲ ਦੇ ਮੁਖੀ
ਜਦੋਂ ਇਸ ਸਬੰਧੀ ਸਕੂਲ ਦੇ ਮੁੱਖ ਪ੍ਰਬੰਧਕ ਪ੍ਰਗਟ ਸਿੰਘ ਧੱਤਲ ਨਾਲ ਫੋਨ 'ਤੇ ਸੰਪਰਕ ਕਰ ਕੇ ਪੁੱਛਿਆ ਕਿ ਉਨ੍ਹਾਂ ਆਪਣੇ ਸਕੂਲ 'ਚ ਹੋਈ ਘਟਨਾ ਸਬੰਧੀ ਪੁਲਸ ਸਟੇਸ਼ਨ ਸਰਹਾਲੀ ਵਿਖੇ ਜਾਂ ਹੋਰ ਆਲਾ ਪੁਲਸ ਅਫ਼ਸਰਾਂ ਨੂੰ ਸੂਚਿਤ ਕੀਤਾ ਉਨ੍ਹਾਂ ਨੇ ਨਾਂਹ 'ਚ ਜਵਾਬ ਦਿੱਤਾ ਅਤੇ ਆਪਣੇ ਆਪ ਨੂੰ ਆਲਾ ਪੁਲਸ ਅਫ਼ਸਰ ਦਾ ਰਿਸ਼ਤੇਦਾਰ ਦੱਸਿਆ।

ਕੀ ਕਹਿੰਦੇ ਹਨ ਥਾਣਾ ਮੁਖੀ
ਜਦੋਂ ਉਨ੍ਹਾਂ ਚੰਦਰ ਭੂਸ਼ਣ ਥਾਣਾ ਮੁਖੀ ਸਰਹਾਲੀ ਕੋਲ ਪੁੱਜ ਕੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਡਿਊਟੀ ਰੈਲੀ 'ਚ ਲੱਗੀ ਹੋਈ ਹੈ, ਪਰ ਉਨ੍ਹਾਂ ਕੋਲ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ। ਜੇਕਰ ਕੋਈ ਸ਼ਿਕਾਇਤ ਮਿਲੀ ਤਾਂ ਉਹ ਕਾਨੂੰਨੀ ਕਾਰਵਾਈ ਕਰ ਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣਗੇ। ਉਹ ਆਪਣੇ ਥਾਣੇ ਅਧੀਨ ਖੇਤਰ 'ਚ ਗੁੰਡਾਗਰਦੀ ਨਹੀਂ ਹੋਣ ਦੇਣਗੇ। ਦਿਨ ਦਿਹਾੜੇ ਹੋਈ ਸਕੂਲੀ ਵਿਦਿਆਰਥੀ ਦੀ ਕੁੱਟ-ਮਾਰ ਅਤੇ ਅਗਵਾ ਦੀ ਘਟਨਾ ਕਰਕੇ ਇਲਾਕੇ ਦੇ ਵਿਦਿਆਰਥੀਆਂ ਅਤੇ ਮਾਪਿਆਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।


Baljeet Kaur

Content Editor

Related News