ਸਰਦੂਲ ਸਿਕੰਦਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਕੀਤਾ ਗਿਆ ਸਪੁਰਦ-ਏ-ਖ਼ਾਕ

02/25/2021 7:18:43 PM

ਲੁਧਿਆਣਾ,ਖੰਨਾ (ਵਿਪਿਨ) - ਸੁਰਾਂ ਦੇ ਸਿਕੰਦਰ ਅਤੇ ਪੰਜਾਬ ਦੇ ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਨੂੰ ਵੀਰਵਾਰ ਨੂੰ ਫਤਿਹਗੜ੍ਹ ਸਾਹਿਬ ਦੇ ਪਿੰਡ ਖੇੜੀ ਨੌਧ ਵਿਖੇ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ। ਸਰਦੂਲ ਸਿਕੰਦਰ ਨੂੰ ਅੰਤਿਮ ਵਿਦਾਈ ਦੇਣ ਸਮੇਂ ਪਰਿਵਾਰ ਦਾ ਰੋ-ਰੋ ਬੁਰਾ ਹਾਲ ਸੀ। ਖੰਨਾ ਵਿਖੇ ਨਾਮਵਰ ਹਸਤੀਆਂ ਮਰਹੂਮ ਗਾਇਕ ਦੇ ਅੰਤਿਮ ਦਰਸ਼ਨਾਂ ਲਈ ਪੁੱਜੀਆਂ ਸਨ। ਉਨ੍ਹਾ ਦੀਆਂ ਸਪੁਰਦ-ਏ-ਖਾਕ ਦੀਆਂ ਰਸਮਾਂ 'ਚ ਸ਼ਾਮਲ ਹੋਣ ਲਈ ਸੰਤਾ-ਬੰਤਾ, ਗੁਰਵਿੰਦਰ ਬਰਾੜ, ਸਚਿਨ ਆਹੂਜਾ, ਸਤਨਾਮ ਗੱਗੜਵਾਲ, ਕੰਵਰ ਗਰੇਵਾਲ ਸਮੇਤ ਵੱਡੀ ਗਿਣਤੀ 'ਚ ਕਈ ਕਲਾਕਾਰ ਪੁੱਜੇ। ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਅੰਤਿਮ ਵਿਦਾਈ 'ਚ ਸ਼ਾਮਲ ਹੋਣ ਲਈ ਵੱਡੀ ਗਿਣਤੀ 'ਚ ਪਹੁੰਚੇ ਹੋਏ ਸਨ। 

ਇਹ ਵੀ ਪੜ੍ਹੋ:- ਜੀ.ਕੇ ਦੀ ਚਿੱਠੀ 'ਤੇ ਗ੍ਰਹਿ ਮੰਤਰਾਲਾ ਦਾ ਜਵਾਬ, 29 ਜਨਵਰੀ ਨੂੰ ਹੋਏ ਘਟਨਾਕ੍ਰਮ ਦੀ ਹੋਵੇਗੀ ਨਿਰਪੱਖ ਜਾਂਚ

ਇਸ ਦੌਰਾਨ ਹਰ ਕਿਸੇ ਦੀ ਅੱਖ ਨਮ ਨਜ਼ਰ ਆਈ। ਮਰਹੂਮ ਗਾਇਕ ਨੂੰ ਸਪੁਰਦ-ਏ-ਖ਼ਾਕ ਕਰਨ ਤੋਂ ਪਹਿਲਾਂ ਪੂਰੇ ਖੰਨਾ ਸ਼ਹਿਰ 'ਚ ਉਨ੍ਹਾਂ ਦੀ ਸ਼ਵ ਯਾਤਰਾ ਕੱਢੀ ਗਈ, ਜਿਸ ਦੌਰਾਨ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਦਿੱਤੀ। 
ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀਅਤ ਦੀ ਸੇਵਾ ਕਰ ਰਹੇ ਪ੍ਰਸਿੱਧ ਕਲਾਕਾਰ ਸਰਦੂਲ ਸਿਕੰਦਰ ਨੇ ਬੁੱਧਵਾਰ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਿਹਾ ਸੀ। ਸਰਦੂਲ ਸਿਕੰਦਰ ਪਿਛਲੇ ਡੇਢ ਮਹੀਨੇ ਤੋਂ ਮੋਹਾਲੀ ਦੇ ਫੇਜ਼-8 ਵਿਖੇ ਸਥਿਤ ਫੋਰਟਿਸ ਹਸਪਤਾਲ 'ਚ ਕੋਰੋਨਾ ਲਾਗ ਦੀ ਬੀਮਾਰੀ ਦਾ ਇਲਾਜ ਕਰਵਾ ਰਹੇ ਸਨ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਇੰਡਸਟਰੀ ਅਤੇ ਆਮ ਜਨਤਾ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਇਥੇ ਦੱਸ ਦੇਈਏ ਕਿ ਸਾਲ 1980 ਵਿੱਚ ਉਨ੍ਹਾਂ ਦੀ ਪਹਿਲੀ ਕੈਸੇਟ ‘ਰੋਡਵੇਜ਼ ਦੀ ਲਾਰੀ’ ਕਾਫ਼ੀ ਮਕਬੂਲ ਹੋਈ ਸੀ। ਉਨ੍ਹਾਂ ਦੀ ਵਿਸ਼ਵ ਪੱਧਰ ’ਤੇ ਸਭ ਤੋਂ ਵੱਧ ਪੰਜ ਮਿਲੀਅਨ ਤੱਕ ਵਿਕਣ ਵਾਲੀ 1991 ਵਿੱਚ ਆਈ ਕੈਸੇਟ ‘ਹੁਸਨਾਂ ਦੇ ਮਾਲਕੋ’ ਸੀ। ਸਰਦੂਲ ਨੇ ਦੇਸ਼-ਵਿਦੇਸ਼ ਵਿੱਚ ਸੈਂਕੜੇ ਸ਼ੋਅ ਕੀਤੇ ਅਤੇ ਸੈਂਕੜੇ ਸੰਸਥਾਵਾਂ ਵੱਲੋਂ ਉਸ ਨੂੰ ਵੱਕਾਰੀ ਸਨਮਾਨ ਭੇਟ ਕੀਤੇ ਗਏ।


Bharat Thapa

Content Editor

Related News