ਸਰਦੂਲ ਸਿਕੰਦਰ ਰੋਡ ਦੀ ਹਾਲਤ ਤਰਸਯੋਗ, ਕਈ ਪਿੰਡਾਂ ਦੇ ਲੋਕਾਂ ਨੇ ਲਾਇਆ ਪੱਕਾ ਧਰਨਾ

Monday, May 11, 2026 - 04:07 PM (IST)

ਸਰਦੂਲ ਸਿਕੰਦਰ ਰੋਡ ਦੀ ਹਾਲਤ ਤਰਸਯੋਗ, ਕਈ ਪਿੰਡਾਂ ਦੇ ਲੋਕਾਂ ਨੇ ਲਾਇਆ ਪੱਕਾ ਧਰਨਾ

ਖੰਨਾ (ਬਿਪਨ): ਪੰਜਾਬ ਦੇ ਮਸ਼ਹੂਰ ਗਾਇਕ ਰਹੇ ਸਵ. ਸਰਦੂਲ ਸਿਕੰਦਰ ਦੇ ਨਾਂ 'ਤੇ ਬਣੀ ਖੰਨਾ ਤੋਂ ਚੰਡੀਗੜ੍ਹ (ਵਾਇਆ ਭਾਦਲਾ) ਸੜਕ ਦੀ ਤਰਸਯੋਗ ਹਾਲਤ ਦੇ ਖ਼ਿਲਾਫ਼ ਸੈਂਕੜੇ ਪਿੰਡਾਂ ਦੇ ਲੋਕਾਂ ਨੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰਦਰਸ਼ਨ ਵਿਚ ਕਿਸਾਨ ਯੂਨੀਅਨ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਵੀ ਆਪਣਾ ਸਮਰਥਨ ਦਿੱਤਾ ਹੈ। 

ਪ੍ਰਦਰਸ਼ਨਕਾਰੀਆਂ ਵਿਚ ਸ਼ਾਮਲ ਕ੍ਰਿਸ਼ਨ, ਕਿਸਾਨ ਯੂਨੀਅਨ ਪ੍ਰਧਾਨ ਬੈਨੀਪਾਲ, ਹਰਮਿੰਦਰ ਪਾਲ ਸਿੰਘ, ਰਾਜਾ, ਮਲਕੀਤ ਸਿੰਘ ਅੰਬੇਮਾਜਰਾ, ਬਲਕਾਰ ਸਿੰਘ, ਅਸਲਮ ਅਤੇ ਸਤਨਾਮ ਸਿੰਘ ਨੇ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਖੰਨਾ ਤੋਂ ਖੇੜੀ ਹੁੰਦੇ ਹੋਏ ਚੰਡੀਗੜ੍ਹ ਜਾਣ ਵਾਲੀ ਇਹ ਮੁੱਖ ਸੜਕ ਪਿਛਲੇ ਕਈ ਸਾਲਾਂ ਤੋਂ ਨਿਰਮਾਣ ਦੀ ਉਡੀਕ ਕਰ ਰਹੀ ਹੈ।

ਸੜਕ ਦੀ ਹਾਲਤ ਇੰਨੀ ਖ਼ਰਾਬ ਹੋ ਚੁੱਕੀ ਹੈ ਕਿ ਜਗ੍ਹਾ-ਜਗ੍ਹਾ ਵੱਡੇ ਟੋਏ ਪੈ ਗਏ ਹਨ ਅਤੇ ਸੜਕ ਹੁਣ ਸੜਕ ਨਹੀਂ ਸਗੋਂ ਟਿੱਲਿਆਂ ਵਰਗੀ ਦਿਖਾਈ ਦਿੰਦੀ ਹੈ। ਸਥਾਨਕ ਲੋਕਾਂ ਅਨੁਸਾਰ ਇਸ ਸੜਕ ਨਾਲ 50 ਤੋਂ ਵੱਧ ਪਿੰਡ ਸਿੱਧੇ ਤੌਰ 'ਤੇ ਜੁੜੇ ਹੋਏ ਹਨ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ। ਟੁੱਟੀ ਸੜਕ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਲੋਕਾਂ ਦਾ ਗੁੱਸਾ ਵਿਧਾਇਕਾਂ ਦੇ ਖ਼ਿਲਾਫ਼ ਵੀ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਖੰਨਾ ਅਤੇ ਮੰਡੀ \ਗੋਬਿੰਦਗੜ੍ਹ ਦੇ ਵਿਧਾਇਕ ਸੜਕ ਦੀ ਮੁਰੰਮਤ ਕਰਵਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਏ ਹਨ। 6 ਮਹੀਨੇ ਪਹਿਲਾਂ ਸੜਕ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਹੁਣ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਖੰਨਾ ਅਤੇ ਗੋਬਿੰਦਗੜ੍ਹ ਦੇ ਲੋਕਾਂ ਸਮੇਤ 40 ਤੋਂ ਵੱਧ ਪਿੰਡਾਂ ਦੇ ਲੋਕਾਂ ਦੀ ਇੱਥੋਂ ਆਵਾਜਾਈ ਹੁੰਦੀ ਹੈ, ਪਰ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਲੋਕਾਂ ਨੂੰ ਸਿਰਫ਼ 'ਲੌਲੀਪੌਪ' ਹੀ ਦਿੱਤਾ ਜਾ ਰਿਹਾ ਹੈ।
 


author

Anmol Tagra

Content Editor

Related News