ਮਿਹਨਤ ਦੇ ਪੈਸੇ ਨਾ ਮਿਲਣ ''ਤੇ ਦਿਹਾੜੀਦਾਰ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ!

Thursday, Sep 17, 2026 - 03:54 PM (IST)

ਮਿਹਨਤ ਦੇ ਪੈਸੇ ਨਾ ਮਿਲਣ ''ਤੇ ਦਿਹਾੜੀਦਾਰ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ!

ਲੁਧਿਆਣਾ (ਰਾਜ)- ਫੀਲਡਗੰਜ ਵਿਚ ਮਜ਼ਦੂਰਾਂ ਦੇ ਚੰਦ ਰੁਪਇਆਂ ਲਈ ਠੇਕੇਦਾਰ ਵਲੋਂ ਕੀਤੇ ਗਏ ਮਾਨਸਿਕ ਤਸ਼ੱਦਦ ਅਤੇ ਜਲਾਲਤ ਤੋਂ ਦੁਖੀ ਹੋ ਕੇ ਇਕ ਨੌਜਵਾਨ ਨੇ ਮੌਤ ਨੂੰ ਗਲੇ ਲਾ ਲਿਆ। ਮ੍ਰਿਤਕ ਨੇ ਬੁੱਧਵਾਰ ਸਵੇਰੇ ਆਪਣੇ ਹੀ ਘਰ ਦੇ ਕਮਰੇ ਵਿਚ ਪੱਖੇ ਦੀ ਕੁੰਡੀ ਨਾਲ ਚੁੰਨੀ ਦਾ ਫਾਹਾ ਬਣਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 22 ਸਾਲਾਂ ਚਿਰਾਗ ਵਜੋਂ ਹੋਈ ਹੈ, ਜੋ ਘਰਾਂ ਅਤੇ ਦੁਕਾਨਾਂ ਵਿਚ ਪੇਂਟ ਦਾ ਕੰਮ ਕਰਦਾ ਸੀ।

ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਠੇਕੇਦਾਰ ਨੇ ਉਸ ਦੀ ਮਿਹਨਤ ਦੇ ਸਿਰਫ 4 ਤੋਂ 5 ਹਜ਼ਾਰ ਰੁਪਏ ਰੋਕ ਰੱਖੇ ਸਨ ਅਤੇ ਮੰਗਣ ’ਤੇ ਉਸ ਨੂੰ ਸ਼ਰੇਆਮ ਜ਼ਲੀਲ ਕਰਦਾ ਸੀ। ਸੂਚਨਾ ਤੋਂ ਬਾਅਦ ਮੌਕੇ ’ਤੇ ਪੁੱਜੀ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਮੌਰਚਰੀ ਵਿਚ ਭਿਜਵਾ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਚਿਰਾਗ ਪਿਛਲੇ ਕਾਫੀ ਸਮੇਂ ਤੋਂ ਇਕ ਠੇਕੇਦਾਰ ਦੇ ਅਧੀਨ ਪੇਟ ਦਾ ਕੰਮ ਕਰਦਾ ਸੀ। ਠੇਕੇਦਾਰ ਨੇ ਉਸ ਦੀ ਮਿਹਨਤ-ਮਜ਼ਦੂਰੀ ਦੇ ਕਰੀਬ 4-5 ਹਜ਼ਾਰ ਰੁਪਏ ਦਬਾਅ ਕੇ ਰੱਖੇ ਸਨ ਅਤੇ ਕਈ ਹਫਤਿਆਂ ਤੋਂ ਭੁਗਤਾਨ ਨਹੀਂ ਕਰ ਰਿਹਾ ਸੀ। ਚਿਰਾਗ ਜਦੋਂ ਵੀ ਆਪਣੇ ਹੱਕ ਦੇ ਪੈਸੇ ਮੰਗਦਾ ਤਾਂ ਮੁਲਜ਼ਮ ਠੇਕੇਦਾਰ ਉਸ ਨੂੰ ਦੇਣ ਦੀ ਬਜਾਏ ਟਾਲਮਟੋਲ ਕਰਦਾ ਅਤੇ ਸਾਰਿਆਂ ਸਾਹਮਣੇ ਬੇਇੱਜ਼ਤ ਕਰ ਕੇ ਗਾਲੀ ਗਲੋਚ ਕਰਦਾ ਸੀ।

ਪਰਿਵਾਰ ਵਾਲਿਆਂ ਮੁਤਾਬਕ ਖੁਦਕੁਸ਼ੀ ਕਰਨ ਤੋਂ ਕੁਝ ਸਮਾਂ ਪਹਿਲਾਂ ਵੀ ਚਿਰਾਗ ਅਤੇ ਠੇਕੇਦਾਰ ਵਿਚਕਾਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਤਿੱਖੀ ਬਹਿਸ ਅਤੇ ਝਗੜਾ ਹੋਇਆ ਸੀ। ਠੇਕੇਦਾਰ ਦੇ ਤਾਅਨੇ ਅਤੇ ਲਗਾਤਾਰ ਹੋ ਰਹੀ ਬੇਇੱਜ਼ਤੀ ਤੋਂ ਚਿਰਾਗ ਅੰਦਰੋਂ ਟੁੱਟ ਗਿਆ ਅਤੇ ਉਸ ਨੇ ਘਰ ਮੁੜ ਕੇ ਇਹ ਆਤਮਘਾਤੀ ਕਦਮ ਚੁੱਕ ਲਿਆ।


author

Anmol Tagra

Content Editor

Related News