ਸਿਰ ''ਚ ਇੱਟ ਮਾਰ ਕੇ ਮੁੰਡੇ ਦਾ ਕਤਲ! ਪਰਿਵਾਰ ਨੇ ਲਾਇਆ ਧਰਨਾ
Sunday, Sep 20, 2026 - 08:00 PM (IST)
ਲੁਧਿਆਣਾ (ਤਰੁਣ): ਥਾਣਾ ਸਰਾਭਾ ਨਗਰ ਦੇ ਇਲਾਕੇ ਵਿਚ 5 ਦਿਨ ਪਹਿਲਾਂ ਦੋ ਗੁਆਂਢੀ ਧਿਰਾਂ ਵਿਚਾਲੇ ਹੋਈ ਕੁੱਟਮਾਰ ਵਿਚ ਜ਼ਖ਼ਮੀ ਹੋਏ ਜਸਪ੍ਰੀਤ ਸਿੰਘ ਦੀ ਐਤਵਾਰ ਸਵੇਰੇ ਚੰਡੀਗੜ੍ਹ ਦੇ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਸੇ ਮੁੱਦੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਐਤਵਾਰ ਸਵੇਰੇ ਫਿਰੋਜ਼ਪੁਰ ਰੋਡ 'ਤੇ ਧਰਨਾ ਪ੍ਰਦਰਸ਼ਨ ਕੀਤਾ। ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਦਰਜ ਕੁੱਟਮਾਰ ਦੇ ਕੇਸ ਵਿਚ ਕਤਲ ਦੀ ਧਾਰਾ ਜੋੜਨ ਵਿਚ ਟਾਲ-ਮਟੋਲ ਕਰ ਰਹੀ ਹੈ। ਇਸ ਕਾਰਨ ਸੜਕ ਦੇ ਇਕ ਪਾਸੇ ਭਾਰੀ ਜਾਮ ਲੱਗ ਗਿਆ ਅਤੇ ਅੱਧੇ ਘੰਟੇ ਤਕ ਲੋਕ ਪ੍ਰੇਸ਼ਾਨ ਰਹੇ। ਸੂਚਨਾ ਮਿਲਣ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਪੀੜਤ ਪਰਿਵਾਰ ਨੂੰ ਲਿਖਤੀ ਅਤੇ ਜ਼ਬਾਨੀ ਭਰੋਸਾ ਦੇ ਕੇ ਆਵਾਜਾਈ ਬਹਾਲ ਕਰਵਾਈ।
ਮ੍ਰਿਤਕ ਜਸਪ੍ਰੀਤ ਦੇ ਭਰਾ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸ਼ਰਾਬ ਪੀਣ ਦਾ ਆਦੀ ਸੀ। 15 ਸਤੰਬਰ ਨੂੰ ਉਹ ਸ਼ਰਾਬ ਪੀ ਕੇ ਘਰ ਪਰਤਿਆ ਅਤੇ ਪਰਿਵਾਰਕ ਮੈਂਬਰਾਂ ਨਾਲ ਗਾਲੀ-ਗਲੋਚ ਕਰਨ ਲੱਗਾ। ਝਗੜਾ ਜ਼ਿਆਦਾ ਨਾ ਵਧੇ, ਇਸ ਲਈ ਉਨ੍ਹਾਂ ਨੇ ਘਰ ਦਾ ਮੁੱਖ ਗੇਟ ਨਹੀਂ ਖੋਲ੍ਹਿਆ। ਜਸਪ੍ਰੀਤ ਸੜਕ 'ਤੇ ਖੜ੍ਹ ਕੇ ਰੌਲਾ ਪਾ ਰਿਹਾ ਸੀ, ਜਿਸ ਨੂੰ ਸੁਣ ਕੇ ਗੁਆਂਢੀ ਗੁਰਦਿਆਲ ਅਤੇ ਉਸ ਦੀ ਪਤਨੀ ਮਨਜੀਤ ਕੌਰ ਬਾਹਰ ਆਏ। ਉਨ੍ਹਾਂ ਨੂੰ ਲੱਗਿਆ ਕਿ ਜਸਪ੍ਰੀਤ ਸਿੰਘ ਉਨ੍ਹਾਂ ਨੂੰ ਗਾਲ੍ਹਾਂ ਕੱਢ ਰਿਹਾ ਹੈ, ਜਦਕਿ ਜਸਪ੍ਰੀਤ ਨੇ ਉਨ੍ਹਾਂ ਨੂੰ ਕਿਹਾ ਵੀ ਸੀ ਕਿ ਉਹ ਆਪਣੇ ਪਰਿਵਾਰ ਨੂੰ ਗਾਲ੍ਹਾਂ ਕੱਢ ਰਿਹਾ ਹੈ, ਪਰ ਦੋਸ਼ੀ ਨਹੀਂ ਮੰਨੇ ਅਤੇ ਕੁੱਟਮਾਰ ਕਰਨ ਲੱਗ ਪਏ।
ਇੰਨੇ ਵਿਚ ਦੋਸ਼ੀ ਗੁਰਦਿਆਲ ਸਿੰਘ ਦਾ ਪੁੱਤਰ ਪ੍ਰੇਮ ਸਿੰਘ ਵੀ ਆ ਗਿਆ ਅਤੇ ਕੁੱਟਮਾਰ ਕਰਨ ਲੱਗਾ। ਕੁੱਟਮਾਰ ਦੌਰਾਨ ਤਿੰਨਾਂ ਦੋਸ਼ੀਆਂ ਨੇ ਆਪਾ ਖੋਹ ਦਿੱਤਾ ਅਤੇ ਗੁਆਂਢਣ ਮਨਜੀਤ ਕੌਰ ਨੇ ਸੜਕ 'ਤੇ ਪਈ ਇਟ ਚੁੱਕ ਕੇ ਜਸਪ੍ਰੀਤ ਦੇ ਸਿਰ 'ਚ ਮਾਰ ਦਿੱਤੀ। ਜਸਪ੍ਰੀਤ ਸਿੰਘ ਖ਼ੂਨ ਨਾਲ ਲੱਥਪੱਥ ਹਾਲਤ ਵਿਚ ਸੜਕ 'ਤੇ ਤੜਫਦਾ ਰਿਹਾ। ਭਰਾ ਨੂੰ ਤੜਫਦਾ ਦੇਖ ਕੇ ਜਦੋਂ ਅਮਰੀਕ ਤੁਰੰਤ ਹੇਠਾਂ ਪਹੁੰਚਿਆ ਤਾਂ ਦੋਸ਼ੀ ਪ੍ਰੇਮ ਸਿੰਘ ਨੇ ਕਿਹਾ ਕਿ ਹੁਣ ਉਸ ਦਾ ਭਰਾ ਨਹੀਂ ਉੱਠੇਗਾ। ਖ਼ੂਨ ਨਾਲ ਲੱਥਪੱਥ ਹਾਲਤ ਵਿਚ ਜਸਪ੍ਰੀਤ ਸਿੰਘ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ, ਜਿੱਥੇ ਐਤਵਾਰ ਨੂੰ ਜਸਪ੍ਰੀਤ ਸਿੰਘ ਦੀ ਮੌਤ ਹੋ ਗਈ।
