ਸੰਤੋਖ ਚੌਧਰੀ ਅਤੇ ਵਿਕਰਮਜੀਤ ਚੌਧਰੀ ''ਤੇ ਐਨ. ਆਰ. ਆਈ. ਔਰਤ ਨੇ ਲਾਏ ਜ਼ਮੀਨ ਕਬਜ਼ੇ ''ਚ ਲੈਣ ਦੇ ਗੰਭੀਰ ਦੋਸ਼

Sunday, Apr 01, 2018 - 07:05 AM (IST)

ਸੰਤੋਖ ਚੌਧਰੀ ਅਤੇ ਵਿਕਰਮਜੀਤ ਚੌਧਰੀ ''ਤੇ ਐਨ. ਆਰ. ਆਈ. ਔਰਤ ਨੇ ਲਾਏ ਜ਼ਮੀਨ ਕਬਜ਼ੇ ''ਚ ਲੈਣ ਦੇ ਗੰਭੀਰ ਦੋਸ਼

ਜਲੰਧਰ(ਚੋਪੜਾ)-ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਉਨ੍ਹਾਂ ਦੇ ਪੁੱਤਰ ਅਤੇ ਸੂਬਾ ਕਾਂਗਰਸ ਦੇ ਉੱਪ ਸਕੱਤਰ ਵਿਕਰਮਜੀਤ ਸਿੰਘ ਚੌਧਰੀ ਦੀ ਸ਼ਹਿ 'ਤੇ  ਜਲੰਧਰ ਤੋਂ ਕਾਂਗਰਸ ਨੇਤਾ ਅਤੇ ਕੌਂਸਲਰ ਪਤੀ ਮਾਈਕ ਖੋਸਲਾ ਅਤੇ ਕੁਝ ਪਾਰਟੀ ਲੀਡਰਾਂ 'ਤੇ ਗੋਰਾਇਆ ਦੀ ਐੱਨ. ਆਰ. ਆਈ. ਔਰਤ ਨੇ ਉਨ੍ਹਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਅਤੇ ਉਸ ਦੇ ਪਰਿਵਾਰ ਨੂੰ ਧਮਕਾਉਣ ਦੇ ਗੰਭੀਰ ਦੋਸ਼ ਲਾਏ ਹਨ। ਅੱਜ ਪ੍ਰੈੱਸ ਮੀਟਿੰਗ ਵਿਚ ਕੈਨੇਡਾ ਦੀ ਐੱਨ. ਆਰ. ਆਈ. ਔਰਤ ਸੁਖਵਿੰਦਰ ਕੌਰ ਸਹੋਤਾ ਪਤੀ  ਸਵ. ਮਹਿੰਦਰ ਸਿੰਘ ਸਹੋਤਾ ਵਾਸੀ ਦਿਲਬਾਗ ਕਾਲੋਨੀ ਗੋਰਾਇਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਉਨ੍ਹਾਂ ਦੀ ਜ਼ਮੀਨ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ। ਐੱਨ. ਆਰ. ਆਈ. ਔਰਤ ਸੁਖਵਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ, ਡੀ. ਜੀ. ਪੀ. ਪੰਜਾਬ ਅਤੇ ਐੱਨ.ਆਰ. ਆਈ. ਸਭਾ ਨੂੰ ਦੋਸ਼ੀਆਂ ਖਿਲਾਫ ਇਕ ਸ਼ਿਕਾਇਤ ਪੱਤਰ ਵੀ ਲਿਖਿਆ ਹੈ। ਉਨ੍ਹਾਂ ਦੱਸਿਆ ਕਿ ਸਿਆਸੀ ਪ੍ਰਭਾਅ ਕਾਰਨ ਉਨ੍ਹਾਂ ਦੀ ਕਿਸੇ ਵੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਹੋਈ ਸਗੋਂ ਉਸ ਦੇ ਪਰਿਵਾਰ ਨੂੰ ਝੂਠੇ ਕੇਸ  ਵਿਚ ਫਸਾਉਣ ਲਈ ਧਮਕਾਇਆ ਜਾ ਰਿਹਾ ਹੈ। 
ਐੱਨ. ਆਰ. ਆਈ. ਸੁਖਵਿੰਦਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਤੀ ਮਹਿੰਦਰ ਸਿੰਘ ਨੇ ਸਾਲ 2010 ਵਿਚ ਗੋਰਾਇਆ ਦੇ ਬੜਾ ਪਿੰਡ ਰੋਡ 'ਤੇ 62 ਮਰਲੇ ਜ਼ਮੀਨ ਜੋਗਿੰਦਰ ਸਿੰਘ ਤੋਂ ਖਰੀਦੀ ਸੀ। ਜਿਸ ਦੀ ਰਜਿਸਟਰੀ  ਵੀ ਸਾਲ 2010 ਵਿਚ ਉਨ੍ਹਾਂ ਦੇ ਪਤੀ ਦੇ ਨਾਂ 'ਤੇ ਸੀ ਅਤੇ ਪਲਾਟ ਦੀ ਚਾਰਦੀਵਾਰੀ ਕਰਵਾ ਕੇ ਕਬਜ਼ਾ ਉਨ੍ਹਾਂ ਨੂੰ ਦੇ ਦਿੱਤਾ ਗਿਆ ਸੀ। ਸੁਖਵਿੰਦਰ ਨੇ ਦੱਸਿਆ ਕਿ ਸਾਲ 2013 ਵਿਚ ਉਨ੍ਹਾਂ ਦਾ ਸਾਰਾ ਪਰਿਵਾਰ ਵਿਦੇਸ਼ ਚਲਾ ਗਿਆ। ਜਿਸ ਤੋਂ ਬਾਅਦ ਸ਼ਿਵਦੇਵ ਸਿੰਘ ਪੁੱਤਰ ਹਰੀ ਰਛਪਾਲ ਸਿੰਘ, ਜਗਦੇਵ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਕੌਰ ਵਾਸੀ ਦਿਲਬਾਗ ਕਾਲੋਨੀ ਗੋਰਾਇਆ ਨੇ ਉਨ੍ਹਾਂ ਦੀ ਜ਼ਮੀਨ ਹੜੱਪਣ ਦੀ ਸਾਜ਼ਿਸ਼ ਰਚਦੇ ਹੋਏ ਮਾਣਯੋਗ ਸਿਵਲ ਕੋਰਟ ਫਿਲੌਰ ਵਿਚ ਮੇਰੇ ਪਤੀ ਮਹਿੰਦਰ ਸਿੰਘ ਖਿਲਾਫ ਕੇਸ ਕਰ ਦਿੱਤਾ। ਅਦਾਲਤ ਨੇ ਕੇਸ ਦਾ ਫੈਸਲਾ ਮਹਿੰਦਰ ਸਿੰਘ ਦੇ ਪੱਖ 'ਚ ਦਿੱਤਾ, ਜਿਸ ਦੇ ਬਾਅਦ ਚਾਰੋਂ ਭੈਣ-ਭਰਾਵਾਂ ਨੇ ਇਸ ਕੇਸ ਦੀ ਅਪੀਲ ਜ਼ਿਲਾ ਸੈਸ਼ਨ ਜੱਜ ਜਲੰਧਰ ਦੀ ਅਦਾਲਤ 'ਚ ਕੀਤੀ, ਜੋ ਹੁਣ ਤਕ ਵਿਚਾਰ ਅਧੀਨ ਹੈ। ਇਸ ਦੇ ਬਾਵਜੂਦ ਮਾਈਕ ਖੋਸਲਾ, ਪ੍ਰਾਪਰਟੀ ਡੀਲਰ ਹਰਨੀਤ ਸਿੰਘ ਫਗਵਾੜਾ ਨੇ ਉਨ੍ਹਾਂ ਦੀ ਜ਼ਮੀਨ ਨੂੰ ਅੱਗੇ ਵੇਚਣ ਦੀ ਖਾਤਰ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਅਤੇ ਵਿਕਰਮਜੀਤ ਸਿੰਘ ਚੌਧਰੀ ਦੀ ਸਿਆਸੀ ਦਖਲਅੰਦਾਜ਼ੀ ਤੋਂ ਅਸਮਾਜਿਕ ਤੱਤਾਂ ਨਾਲ ਉਨ੍ਹਾਂ ਦੇ ਪਲਾਟ ਦੀ ਚਾਰਦੀਵਾਰੀ ਨੂੰ ਡੇਗ ਕੇ ਕਬਜ਼ਾ ਕਰ ਲਿਆ ਹੈ। ਉਥੇ ਬਿਨਾਂ ਕੋਈ ਨਕਸ਼ਾ ਪਾਸ ਕਰਵਾਏ ਕਮਰੇ ਬਣਾਏ ਜਾ ਰਹੇ ਹਨ। ਸੁਖਵਿੰਦਰ ਨੇ ਦੱਸਿਆ ਕਿ ਜਦੋਂ ਉਹ ਵਿਦੇਸ਼ 'ਚ ਸੀ, ਉਦੋਂ 16 ਜਨਵਰੀ 2018 ਨੂੰ ਮੇਰੇ ਪਤੀ ਮਹਿੰਦਰ ਸਿੰਘ ਦੀ ਕੈਨੇਡਾ 'ਚ ਮੌਤ ਹੋ ਗਈ ਸੀ। ਜਿਨ੍ਹਾਂ ਨੇ ਆਪਣੀ ਜ਼ਮੀਨ ਦਾ ਮੁਖਤਿਆਰਨਾਮਾ ਸਰਬਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਰੁੜਕਾ ਖੁਰਦ ਨੂੰ ਦਿੱਤਾ ਹੋਇਆ ਸੀ, ਜੋ ਮੁਖਤਿਆਰਨਾਮਾ ਹੁਣ ਖਤਮ ਹੋ ਚੁੱਕਾ ਹੈ।
ਸੁਖਵਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਜ਼ਮੀਨ 'ਤੇ ਫਰਵਰੀ 2018 'ਚ ਮੁਲਜ਼ਮਾਂ ਨੇ ਜ਼ਬਰਦਸਤੀ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਆਪਣੀ ਜ਼ਮੀਨ 'ਤੇ ਹੋ ਰਹੇ ਨਾਜਾਇਜ਼ ਕਬਜ਼ੇ ਅਤੇ ਗੁੰਡਾਗਰਦੀ ਖਿਲਾਫ ਕਈ ਵਾਰ ਥਾਣਾ ਗੁਰਾਇਆ 'ਚ ਸ਼ਿਕਾਇਤ ਕੀਤੀ। ਪੁਲਸ ਉਨ੍ਹਾਂ ਨੂੰ ਇਸ ਬਾਰੇ ਸੰਸਦ ਮੈਂਬਰ ਸੰਤੋਖ ਚੌਧਰੀ ਨਾਲ ਗੱਲ ਕਰਨ ਲਈ ਕਹਿੰਦੀ ਰਹੀ, ਜਿਸ ਕਾਰਨ ਉਹ ਖੁਦ ਕੈਨੇਡਾ ਤੋਂ ਵਾਪਸ ਆਈ। ਇਥੇ ਆ ਕੇ ਉਹ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਵੀ ਸ਼ਿਕਾਇਤ ਦੇ ਚੁੱਕੀ ਹੈ ਪਰ ਸੰਤੋਖ ਸਿੰਘ ਤੇ ਵਿਕਰਮਜੀਤ ਚੌਧਰੀ ਵਲੋਂ  ਆਪਣੀ ਸਿਆਸੀ ਪਾਵਰ ਕਾਰਨ ਪੁਲਸ 'ਤੇ ਆਪਣਾ ਦਬਾਅ ਬਣਾਇਆ ਹੋਇਆ ਹੈ। ਕੋਈ ਸੁਣਵਾਈ ਨਾ ਹੁੰਦੇ ਹੋਏ ਇਸ ਸਬੰਧੀ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਰਜ ਕਰਵਾਈ ਹੈ। 
ਸੁਖਵਿੰਦਰ ਨੂੰ ਨਹੀਂ ਜਾਣਦਾ, ਪ੍ਰਾਪਰਟੀ ਦੇ ਝਗੜੇ ਨਾਲ ਨਹੀਂ ਹੈ ਕੋਈ ਲੈਣਾ-ਦੇਣਾ : ਸੰਤੋਖ ਚੌਧਰੀ
ਇਸ ਸਬੰਧੀ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਕਿਹਾ ਕਿ ਉਹ ਸੁਖਵਿੰਦਰ ਕੌਰ ਨੂੰ ਜਾਣਦੇ ਤਕ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦਾ ਉਕਤ ਪਾਰਟੀ ਨਾਲ ਕੋਈ ਲੈਣਾ-ਦੇਣਾ ਹੈ।  ਉਨ੍ਹਾਂ ਕਿਹਾ ਕਿ ਸੁਖਵਿੰਦਰ ਕੌਰ ਵਲੋਂ ਲਗਾਏ ਗਏ ਸਾਰੇ ਦੋਸ਼ ਗਲਤ ਹਨ। ਸੰਤੋਖ ਨੇ ਕਿਹਾ ਕਿ ਪੁਲਸ ਅਧਿਕਾਰੀ 'ਤੇ ਉਨ੍ਹਾਂ ਦਾ ਕੋਈ ਦਬਾਅ ਨਹੀਂ ਹੈ। ਕਾਨੂੰਨ ਆਪਣਾ ਕੰਮ ਪੂਰੀ ਨਿਰਪੱਖਤਾ ਨਾਲ ਕਰੇਗਾ ਅਤੇ ਐੱਨ. ਆਰ. ਆਈ. ਜ਼ਮੀਨ 'ਤੇ ਕਬਜ਼ੇ ਦੇ ਮਾਮਲੇ 'ਚ ਜੇਕਰ ਕੋਈ ਸੱਚਾਈ ਹੋਈ ਤਾਂ ਦੋਸ਼ੀ ਖਿਲਾਫ ਕਾਨੂੰਨ ਜ਼ਰੂਰ ਕਾਰਵਾਈ ਕਰੇਗਾ। ਇਸ ਬਾਰੇ ਜਦੋਂ ਵਿਕਰਮਜੀਤ ਚੌਧਰੀ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਾ ਹੋ ਸਕਿਆ। 


Related News