ਆਮ ਆਦਮੀ ਪਾਰਟੀ ਵੀ ਨਹੀਂ ਰਹੀ ਪਿੱਛੇ, ਕੈਂਬੋਵਾਲ ਵਿਖੇ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਨ ਪੁੱਜੇ ਅਮਨ ਅਰੋੜਾ

Monday, Aug 21, 2017 - 08:19 PM (IST)

ਆਮ ਆਦਮੀ ਪਾਰਟੀ ਵੀ ਨਹੀਂ ਰਹੀ ਪਿੱਛੇ, ਕੈਂਬੋਵਾਲ ਵਿਖੇ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਨ ਪੁੱਜੇ ਅਮਨ ਅਰੋੜਾ

ਲੌਂਗੋਵਾਲ (ਵਸ਼ਿਸ਼ਟ)—ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਆਮ ਆਦਮੀ ਪਾਰਟੀ ਵੀ ਆਪਣੀ ਹਾਜ਼ਰੀ ਲਵਾਉਣ ਵਿਚ ਪਿੱਛੇ ਨਹੀਂ ਰਹੀ। ਹਲਕਾ ਸੁਨਾਮ ਦੇ ਵਿਧਾਇਕ ਅਤੇ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਮਨ ਅਰੋੜਾ ਨੇ ਸਾਥੀਆਂ ਸਣੇ ਸੰਤ ਲੌਂਗੋਵਾਲ ਜੀ ਦੇ ਸੇਵਾ ਸਥਾਨ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਪੁੱਜ ਕੇ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਸਮੇਂ ਦੀਆਂ ਸਰਕਾਰਾਂ ਅਤੇ ਰਾਜਨੀਤਿਕ ਪਾਰਟੀਆਂ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਸੁਨਹਿਰੀ ਵਿਰਸਾ ਸਾਂਭਣ ਵਿਚ ਅਸਫਲ ਰਹੀਆਂ ਅਤੇ ਅਜਿਹੀ ਮਹਾਨ ਸ਼ਖਸੀਅਤ ਦੀ ਯਾਦ ਨੂੰ ਸਿਰਫ 20 ਅਗਸਤ ਨੂੰ ਲੌਂਗੋਵਾਲ ਦੀਆਂ ਸੜਕਾਂ 'ਤੇ ਪਾਣੀ ਛਿੜਕਣ ਤੱਕ ਅਤੇ ਇਕ ਦੂਜੇ ਖਿਲਾਫ ਦੂਸ਼ਣਬਾਜ਼ੀਆਂ ਕਰਨ ਤੇ ਆਪਣੀਆਂ ਨਾਕਾਮੀਆਂ ਨੂੰ ਇਕ ਦੂਜੇ ਦੇ ਸਿਰ ਮੜਨ ਤੱਕ ਹੀ ਸੀਮਤ ਰੱਖਿਆ ਜਾਂਦਾ ਹੈ, ਜਦਕਿ ਕਸਬਾ ਲੌਂਗੋਵਾਲ ਡਰੇਨ ਦਾ ਪੁਲ, ਬੱਸ ਸਟੈਂਡ, ਲੜਕੀਆਂ ਦਾ ਕਾਲਜ ਮੁੱਢਲੇ ਸਫਾਈ ਅਤੇ ਨਿਕਾਸੀ ਪ੍ਰਬੰਧਾਂ ਤੋਂ ਸੱਖਣਾ ਹੈ।
ਗੁਰਦੁਆਰਾ ਸਾਹਿਬ ਦੇ ਸਮਾਗਮ ਵਿਚ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਬੀਬੀ ਸੁਰਜੀਤ ਕੌਰ ਬਰਨਾਲਾ, ਸਾਬਕਾ ਮੰਤਰੀ ਭਾਈ ਗੋਬਿੰਦ ਸਿੰਘ ਲੌਂਗੋਵਾਲ, ਬੀਬੀ ਡਾ. ਇੰਦਰਜੀਤ ਕੌਰ ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਆਦਿ ਨੇ ਵੀ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਬੰਧਕ ਭਾਈ ਬਲਵਿੰਦਰ ਸਿੰਘ ਕੈਂਬੋਵਾਲ ਨੇ ਦੱਸਿਆ ਕਿ ਇਸ ਮੌਕੇ 15 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ।


Related News