ਹੜ੍ਹਾਂ ਕਾਰਣ ਅੰਨਦਾਤੇ ਨੂੰ ਦੁਬਾਰਾ ਮੰਗਤਾ ਨਾ ਬਣਨਾ ਪਵੇ : ਸੰਤ ਸੀਚੇਵਾਲ

02/26/2020 2:13:18 PM

ਜਲੰਧਰ (ਜਸਬੀਰ ਵਾਟਾਂਵਾਲੀ)-ਪਿਛਲੇ ਸਮੇਂ ਦੌਰਾਨ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਚ ਪਾੜ ਪੈਣ ਤੋਂ ਬਾਅਦ ਇਲਾਕਾ ਗਿੱਦੜਪਿੰਡੀ, ਸੁਲਤਾਨਪੁਰ ਲੋਧੀ ਅਤੇ ਜਲੰਧਰ ਜ਼ਿਲੇ ਦੇ ਕੁਝ ਪਿੰਡ ਵੱਡੀ ਮੁਸੀਬਤ ਵਿਚ ਘਿਰ ਗਏ ਸਨ। ਇਸ ਹੜ੍ਹ ਨਾਲ ਇਲਾਕੇ ਦੇ ਕਰੀਬ 25 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ।

PunjabKesari

ਇਸ ਤਬਾਹੀ ਨੂੰ ਦੇਖਦਿਆਂ ਇਲਾਕੇ ਦੇ ਲੋਕਾਂ ਅਤੇ ਹੜ੍ਹ ਰੋਕੂ ਲੋਕ ਕਮੇਟੀ ਨੇ ਇਹ ਅਹਿਦ ਲਿਆ ਸੀ ਕਿ ਉਹ ਸੰਤ ਸੀਚੇਵਾਲ ਦੀ ਅਗਵਾਈ ਵਿਚ ਇਲਾਕੇ ਨੂੰ ਹੜ੍ਹ ਮੁਕਤ ਕਰਨਗੇ। ਲੋਕਾਂ ਨੇ ਇਹ ਗੱਲ ਚੰਗੀ ਤਰ੍ਹਾਂ ਸਮਝ ਲਈ ਸੀ ਕਿ ਜੇਕਰ ਇਲਾਕੇ ਨੂੰ ਹੜ੍ਹ ਤੋਂ ਬਚਾਉਣਾ ਹੈ ਤਾਂ ਦਰਿਆ ਦੇ ਬੰਨ੍ਹਾਂ ਨੂੰ 3 ਗੁਣਾ ਚੌੜਾ ਅਤੇ 7 ਤੋਂ 8 ਫੁੱਟ ਦੇ ਕਰੀਬ ਹੋਰ ਉੱਚਾ ਕਰਨਾ ਪਵੇਗਾ। ਲੋਕਾਂ ਨੂੰ ਇਹ ਗੱਲ ਵੀ ਚੰਗੀ ਤਰ੍ਹਾਂ ਸਮਝ ਆ ਚੁੱਕੀ ਸੀ ਕਿ ਸਮੇਂ ਦੀਆਂ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਲਈ ਉਨ੍ਹਾਂ ਨੇ ਆਪ ਹੀ ਦਰਿਆ ਨਾਲ ਮੱਥਾ ਲਾਉਣ ਲਈ ਕਮਰ ਕੱਸ ਲਈ।

PunjabKesari

ਬੰਨ੍ਹਾਂ ਨੂੰ ਚੌੜਾ ਕਰਨ ਵਿਚ ਜੁਟੇ ਲੋਕਾਂ ਦੇ ਰਹਿਨੁਮਾ ਸੰਤ ਬਲਬੀਰ ਸਿੰਘ ਸੀਚੇਵਾਲ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਗਤ ਦੇ ਉੱਦਮ ਸਦਕਾ ਇਹ ਸੇਵਾ 31 ਜਨਵਰੀ ਨੂੰ ਸ਼ੁਰੂ ਹੋਈ ਸੀ। ਉਨ੍ਹਾ ਦੱਸਿਆ ਕਿ ਇਹ ਸੇਵਾ ਦਾ ਕਾਰਜ ਰਾਤ-ਦਿਨ ਚੱਲ ਰਿਹਾ ਹੈ। ਹੁਣ ਤੱਕ ਸੇਵਾ ਦਾ ਪਹਿਲਾ ਪੜਾਅ ਭਾਵ ਇਕ ਦੱਰੇ ਨੂੰ ਖਾਲਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸੇਵਾ ਵਿਚ 5 ਚੇਨ ਵਾਲੀਆਂ ਵੱਡੀਆਂ ਮਸ਼ੀਨਾਂ, 2 ਜੇ. ਸੀ. ਬੀ. ਅਤੇ 60 ਦੇ ਕਰੀਬ ਟਰੈਕਟਰ-ਟਰਾਲੀਆਂ ਲੱਗੀਆਂ ਹੋਈਆਂ ਹਨ।

PunjabKesari

ਸਤਲੁਜ ਦਰਿਆ ਦਾ ਬੰਨ੍ਹ ਗਿੱਦੜਪਿੰਡੀ ਤੋਂ ਨਸੀਰਪੁਰ ਤੱਕ ਮਿੱਟੀ ਪਾ ਕੇ 30 ਫੁੱਟ ਦੇ ਕਰੀਬ ਚੌੜਾ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਮੋਗਾ ਅਤੇ ਫ਼ਿਰੋਜ਼ਪੁਰ ਜ਼ਿਲੇ ਦੀ ਹੱਦ ਵਿਚ ਪੈਂਦੇ ਬੰਨ੍ਹਾਂ ਨੂੰ ਵੀ ਚੌੜਾ ਅਤੇ ਉੱਚਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਤਲੁਜ ਦੇ ਕੁੱਲ 21 ਦੱਰੇ ਹਨ। ਇਨ੍ਹਾਂ 21 ਦੱਰਿਆਂ ਵਿੱਚੋਂ ਸਿਰਫ਼ 3 ਦੱਰਿਆਂ ਵਿਚੋਂ ਪਾਣੀ ਲੰਘ ਰਿਹਾ ਸੀ ਜਦਕਿ ਬਾਕੀ 18 ਦੱਰੇ ਮਿੱਟੀ ਨਾਲ ਬਿਲਕੁਲ ਬੰਦ ਹੋ ਚੁੱਕੇ ਸਨ, ਜੋ ਕਿ ਇਲਾਕੇ ਵਿਚ ਹੜ੍ਹ ਆਉਣ ਦਾ ਮੁੱਖ ਕਾਰਣ ਬਣਦੇ ਹਨ।

PunjabKesari

ਸਾਨੂੰ ਫਿਰ ਉਹ ਮੰਜ਼ਰ ਦੁਬਾਰਾ ਨਾ ਦੇਖਣਾ ਪਵੇ

ਗੱਲਬਾਤ ਦੌਰਾਨ ਸੰਤ ਸੀਚੇਵਾਲ ਅਤੇ ਸੇਵਾ ਵਿਚ ਜੁਟੇ ਹੜ੍ਹ ਰੋਕੂ ਲੋਕ ਕਮੇਟੀ ਦੇ ਆਗੂ ਕੁਲਵਿੰਦਰ ਸਿੰਘ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਤਨ, ਮਨ, ਧਨ ਅਤੇ ਸਾਧਨਾ ਨਾਲ ਵੱਧ-ਚੜ੍ਹ ਕੇ ਯੋਗਦਾਨ ਪਾਉਣ, ਕਿਉਂਕਿ ਇਹ ਕਾਰਜ ਕਿਸੇ ਜੰਗ ਜਿੱਤਣ ਤੋਂ ਘੱਟ ਨਹੀਂ ਹੈ।

PunjabKesari

ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਸੇਵਾ ਵਿਚ ਬਹੁਤ ਸਾਰੇ ਐੱਨ. ਆਰ. ਆਈਜ਼ ਵੀਰਾਂ ਨੇ ਸਹਿਯੋਗ ਦਿੱਤਾ ਹੈ, ਜਿਨ੍ਹਾਂ ਦੇ ਉਹ ਤਹਿਦਿਲੋਂ ਧੰਨਵਾਦੀ ਹਨ। ਉਨ੍ਹਾਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੇਵਾ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਅਸੀਂ ਅੰਨਦਾਤੇ ਨੂੰ ਮੰਗਤੇ ਬਣਦਿਆਂ ਦੇਖਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਾਨੂੰ ਫਿਰ ਉਹ ਮੰਜ਼ਰ ਦੁਬਾਰਾ ਨਾ ਦੇਖਣਾ ਪਵੇ।


shivani attri

Content Editor

Related News