ਸੰਤ ਸੀਚੇਵਾਲ ਦੀ ਅਗਵਾਈ ਹੇਠ ਸਾਫ਼ ਕੀਤਾ ਜਾਵੇਗਾ ਸਤਲੁਜ ਦਰਿਆ

12/02/2019 5:18:13 PM

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ) : ਪੰਜਾਬ ਵਿਚ ਹੜ੍ਹਾਂ ਨਾਲ ਤਬਾਹੀ ਮਚਾਉਣ ਵਾਲੇ ਸਤਲੁਜ ਦਰਿਆ ਨੂੰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਸਾਫ਼ ਕੀਤਾ ਜਾਵੇਗਾ ਤੇ ਬੰਨ੍ਹ ਮਜ਼ਬੂਤ ਕੀਤੇ ਜਾਣਗੇ। ਪਿਛਲੇ ਦਿਨਾਂ ਤੋਂ ਲਗਾਤਾਰ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੇ ਕਿਨਾਰਿਆ 'ਤੇ ਵੱਸਣ ਵਾਲੇ ਪਿੰਡਾਂ ਦੀਆਂ ਮੀਟਿੰਗਾਂ ਕਰਕੇ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਚਲਾ ਰਹੇ ਸੰਤ ਸੀਚੇਵਾਲ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ। ਇਨ੍ਹਾਂ ਮੀਟਿੰਗਾਂ ਵਿਚ ਲੋਕ ਭਰਵਾਂ ਹੁੰਗਾਰਾ ਦੇ ਰਹੇ ਹਨ। ਸੰਤ ਸੀਚੇਵਾਲ ਨੂੰ ਲੋਕਾਂ ਨੇ ਭਰੋਸਾ ਦਿੱਤਾ ਕਿ ਉਹ ਸਰਦੀਆਂ ਦੇ ਮੌਸਮ ਦੌਰਾਨ ਦਰਿਆ ਦੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਮਿੱਟੀ ਪਾਉਣ ਲਈ ਤਿਆਰ ਰਹਿਣਗੇ। ਉਨ੍ਹਾਂ ਦੱਸਿਆ ਕਿ 7 ਕਿਲੋਮੀਟਰ ਤੱਕ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ 50 ਕਿਲੋਮੀਟਰ ਲੰਮੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਲਈ ਮੁਸੀਬਤ ਵੇਲੇ ਹਮਦਰਦੀ ਦਿਖਾਉਣ ਨਾਲੋਂ ਇਕ ਹਮਦਰਦੀ ਬੰਨ੍ਹ 'ਤੇ ਲਾ ਦਿੱਤੀ ਜਾਵੇ ਤਾਂ ਜੋ ਨੁਕਸਾਨ ਤੋਂ ਪਹਿਲਾਂ ਹੀ ਬਚਾਅ ਹੋ ਸਕੇ। ਇਸ ਮੌਕੇ ਐੱਨ. ਆਰ. ਆਈ. ਨਿਰਮਲ ਸਿੰਘ ਕੰਗ ਨੇ ਇਕ ਲੱਖ ਰੁਪਏ ਤੇਲ ਲਈ ਦਿੱਤੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੰਨ੍ਹ ਮਜ਼ਬੂਤ ਕਰਨ ਲਈ ਚੱਲ ਰਹੀ ਮਸ਼ਨੀਰੀ ਵਿਚ ਤੇਲ ਪਾਉਣ ਲਈ ਆਪਣਾ ਯੋਗਦਾਨ ਪਾਉਣ। 

ਸੰਤ ਸੀਚੇਵਾਲ ਦੇ ਯਤਨਾਂ ਸਦਕਾ ਦੋ ਕਰੇਨਾਂ ਮਿੱਟੀ ਪੁੱਟਣ ਲਈ ਲਾਈਆਂ ਹੋਈਆਂ ਹਨ ਤੇ ਤੀਜੀ ਮਸ਼ੀਨ ਵੀ ਜਲਦੀ ਹੀ ਕੰਮ 'ਤੇ ਲਾ ਦਿੱਤੀ ਜਾਵੇਗੀ। ਕਿਸਾਨਾਂ ਨੇ ਪ੍ਰਤੀ ਏਕੜ 500 ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਪਿੰਡ ਜਾਣੀਆ ਚਾਹਲ ਬੰਨ੍ਹ ਦਾ ਦੌਰਾ ਕੀਤਾ। ਮਿੱਟੀ ਪਾ ਕੇ ਮਜ਼ਬੂਤ ਕੀਤੇ ਗਏ ਬੰਨ੍ਹ ਨੂੰ ਦੇਖਿਆ। ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਲੋਕ ਲਗਾਤਾਰ ਇਸ ਬੰਨ੍ਹ ਨੂੰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਮਜ਼ਬੂਤ ਕਰਨ 'ਚ ਲੱਗੇ ਹੋਏ ਹਨ। ਜ਼ਿਲਾ ਪ੍ਰਸ਼ਾਸ਼ਨ ਵੱਲੋਂ ਸੰਤ ਸੀਚੇਵਾਲ ਦਾ ਉਚੇਚਾ ਸਨਮਾਨ ਵੀ ਕੀਤਾ ਗਿਆ ਜਿਨ੍ਹਾਂ ਨੇ ਦਿਨ ਰਾਤ ਇਕ ਕਰਕੇ ਬੰਨ੍ਹ ਦੀ ਮਜ਼ਬੂਤੀ ਲਈ ਆਪਣੇ ਸੇਵਾਦਾਰਾਂ ਅਤੇ ਪੀੜਤ ਲੋਕਾਂ ਨੂੰ ਨਾਲ ਲੈ ਕੇ ਕੰਮ ਕੀਤਾ ਸੀ।

ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਬੰਨ੍ਹ ਦੁਆਲੇ ਹੋਏ ਨਜਾਇਜ਼ ਕਬਜ਼ਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਤਾਂ ਜੋ ਬੰਨ੍ਹ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਲੋਕਾਂ ਨੇ ਇਕਸੁਰ ਹੁੰਦਿਆਂ ਮੰਗ ਕੀਤੀ ਕਿ ਦਰਿਆ ਵਿਚੋਂ ਮਿੱਟੀ ਕੱਢਣ ਦੀ ਖੁੱਲ੍ਹ ਦਿੱਤੀ ਜਾਵੇ ਤਾਂ ਜੋ ਕਿਸਾਨ ਆਪ ਹੀ ਇਸ ਬੰਨ੍ਹ ਨੂੰ ਮਜ਼ਬੂਤ ਕਰ ਸਕਣ ਤੇ ਦਰਿਆ ਨੂੰ ਵੀ ਸਾਫ ਕਰ ਸਕਣ।


Gurminder Singh

Content Editor

Related News