ਕਰਤਾਰਪੁਰ ਲਾਂਘੇ ''ਤੇ ਲਈ ਜਾ ਰਹੀ 20 ਡਾਲਰ ਦੀ ਫੀਸ ਕੋਈ ਜ਼ਿਆਦਾ ਨਹੀਂ : ਖਾਲਸਾ
Monday, Nov 18, 2019 - 04:45 PM (IST)
![ਕਰਤਾਰਪੁਰ ਲਾਂਘੇ ''ਤੇ ਲਈ ਜਾ ਰਹੀ 20 ਡਾਲਰ ਦੀ ਫੀਸ ਕੋਈ ਜ਼ਿਆਦਾ ਨਹੀਂ : ਖਾਲਸਾ](https://static.jagbani.com/multimedia/2019_11image_16_44_374223778fth.jpg)
ਫਤਿਹਗੜ੍ਹ ਸਾਹਿਬ (ਵਿਪਨ) - ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮਦਿਨ 'ਤੇ ਅਮਲੋਹ 'ਚ ਬੀ.ਜੇ.ਪੀ ਵਲੋਂ ਜ਼ਿਲਾ ਪੱਧਰ 'ਤੇ ਸੰਕਲਪ ਰੈਲੀ ਕੱਢੀ ਗਈ। ਇਸ ਰੈਲੀ 'ਚ ਸਾਬਕਾ ਐੱਮ.ਪੀ. ਹਰਿੰਦਰ ਸਿੰਘ ਖਾਲਸਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਾਲਸਾ ਨੇ ਕਿਹਾ ਕਿ ਇਹ ਰੈਲੀ ਦੇ ਜ਼ਰੀਏ ਲੋਕਾਂ ਨੂੰ ਗਾਂਧੀ ਜੀ ਦੀ ਸੋਚ, ਉਨ੍ਹਾਂ ਦੇ ਆਦਰਸ਼ ਅਤੇ ਵਿਚਾਰਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਮੁਸਲਮਾਨ ਭਾਈਚਾਰੇ ਵਲੋਂ ਆਯੋਧਿਆ ਮਾਮਲੇ 'ਚ ਮੁੜ ਪਟੀਸ਼ਨ ਦਾਇਰ ਕੀਤੀ ਜਾਣ ਬਾਰੇ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਅਧਿਕਾਰ ਹੈ ਅਤੇ ਉਨ੍ਹਾਂ ਨੇ ਆਪਣੇ ਇਸ ਅਧਿਕਾਰ ਦੀ ਵਰਤੋਂ ਕੀਤੀ ਹੈ। ਇਸ ਲਈ ਉਹ ਇਸ ਦੇ ਬਾਰੇ ਹੋਰ ਕੁਝ ਨਹੀਂ ਬੋਲ ਸਕਦੇ ।
ਲਾਂਘੇ ਦੀ ਫੀਸ ਦੇ ਬਾਰੇ ਬੋਲਦੇ ਹੋਏ ਖਾਲਸਾ ਨੇ ਕਿਹਾ ਕਿ ਕਰਤਾਰਪੁਰ ਲਾਂਘੇ 'ਤੇ ਲਈ ਜਾ ਰਹੀ 20 ਡਾਲਰ ਦੀ ਫੀਸ ਕੋਈ ਜ਼ਿਆਦਾ ਨਹੀਂ ਹੈ। 20 ਡਾਲਰ ਫੀਸ ਦਾ 1100 ਰੁਪਏ ਹੀ ਬਣਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸ੍ਰੀ ਦਰਬਾਰ ਸਾਹਿਬ ਜਾਂਦੇ ਹਾਂ ਤਾਂ ਸ਼੍ਰੋਮਣੀ ਕਮੇਟੀ ਵਾਲੇ ਇਕ ਰਾਤ ਦਾ 300-400 ਰੁਪਏ ਅਤੇ ਏ.ਸੀ. ਵਾਲੇ ਕਮਰੇ ਦਾ ਇਸ ਤੋਂ ਵੀ ਵੱਧ ਲੈ ਲੈਂਦੇ ਹਨ। ਇਸੇ ਲਈ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਲਈ 20 ਡਾਲਰ ਫੀਸ ਕੋਈ ਮਾਈਨੇ ਨਹੀਂ ਰੱਖਦੀ।