ਵੋਟਾਂ ਮੰਗਣ ਆਏ ਆਗੂਆਂ ਦਾ ਵਿਰੋਧ ਕਰਨਗੇ ਪਟੇਲ ਨਰਗ ਦੇ ਵਾਸੀ
Friday, Aug 03, 2018 - 01:04 AM (IST)

ਮਲੋਟ(ਜੁਨੇਜਾ)-ਮਲੋਟ ਦੇ ਵਾਰਡ ਨੰਬਰ-25 ਦੇ ਪਟੇਲ ਨਗਰ ਦੇ ਗਲੀ ਨੰ. 5 ਦੇ ਵਸਨੀਕਾਂ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਪੀਣ ਵਾਲੇ ਪਾਣੀ ਦੀ ਸਹੂਲਤ ਤੋਂ ਵਾਂਝੇ ਹਨ, ਜਦਕਿ ਸਬੰਧਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਕਤੀ ਸਮੱਸਿਆ ਹੈ। ਇਸ ਸਬੰਧੀ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਉੱਚ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਐੱਸ. ਡੀ. ਐੱਮ. ਮਲੋਟ ਨੂੰ ਉਕਤ ਨਗਰ ਦੇ ਵਾਸੀਆਂ ਨੇ ਆਪਣੇ ਦਸਤਖਤਾਂ ਹੇਠ ਭੇਜੀਆਂ ਬੇਨਤੀਆਂ ਵਿਚ ਕਿਹਾ ਹੈ ਕਿ ਉਹ 10-15 ਸਾਲਾਂ ਤੋਂ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੇ ਮਾੜੇ ਪ੍ਰਬੰਧਾਂ ਤੋਂ ਪ੍ਰੇਸ਼ਾਨ ਹਨ। ਇਸ ਬਾਰੇ ਲਗਾਤਰ ਸਬੰਧਤ ਅਧਿਕਾਰੀਆਂ ਅਤੇ ਕਈ ਵਾਰ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਲੋਕਾਂ ਨੇ ਬੇਨਤੀ ਕੀਤੀ ਸੀ ਅਤੇ ਹੁਣ ਮੌਜੂਦਾ ਵਿਧਾਇਕ ਦੇ ਦਫਤਰ ਵਿਚ ਵੀ ਉਹ ਇਸ ਸਮੱਸਿਆ ਦਾ ਹੱਲ ਕਰਵਾਉਣ ਲਈ ਚੱਕਰ ਮਾਰ ਰਹੇ ਹਨ ਪਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਇਸ ਮੌਕੇ ਉਕਤ ਗਲੀ ਦੇ ਸੇਠੀ ਬਾਠ, ਦੀਪਕ ਕੁਮਾਰ, ਮੋਹਨੀ ਸ਼ਰਮਾ, ਰਾਜੂ ਸਚਦੇਵਾ, ਅਸ਼ੋਕ ਸੇਤੀਆ, ਅਰੁਣ ਭਠੇਜਾ, ਸੰਜੇ, ਵਿਜੈ ਕੁਮਾਰ ਜੱਗਾ, ਗਗਨ ਸੇਠੀ, ਅਮਰਜੀਤ ਸਿੰਘ, ਮੰਗਤ ਰਾਮ ਸੇਤੀਆ, ਤਾਰਾ ਚੰਦ, ਸਤਪਾਲ ਗਰੋਵਰ ਤੋਂ ਇਲਾਵਾ ਦਰਜਨਾਂ ਅੌਰਤਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਗੈਰ-ਸਿਆਸੀ ਤੌਰ ’ਤੇ ਆਪਣੀ ਮੰਗ ਲਈ ਇਕੱਠ ਕੀਤਾ ਗਿਆ ਹੈ ਅਤੇ ਜੇ ਉਨ੍ਹਾਂ ਵਾਸਤੇ ਪੀਣ ਵਾਲੇ ਪਾਣੀ ਦਾ ਢੁੱਕਵਾਂ ਪ੍ਰਬੰਧ ਨਾ ਕੀਤਾ ਗਿਆ ਤਾਂ ਉਹ ਕਿਸੇ ਸਿਆਸੀ ਆਗੂ ਨੂੰ ਐੱਮ. ਸੀ., ਐੱਮ. ਪੀ. ਜਾਂ ਐੱਮ. ਐੱਲ. ਏ. ਦੇ ਉਮੀਦਵਾਰ ਨੂੰ ਵੋਟਾਂ ਮੰਗਣ ਲਈ ਗਲੀ ਵਿਚ ਨਹੀਂ ਦਾਖਲ ਦੇਣਗੇ ਅਤੇ ਆਗੂਅਾਂ ਦਾ ਜ਼ੋਰਦਾਰ ਕੀਤਾ ਜਾਵੇਗਾ। ਕੀ ਕਹਿਣਾ ਹੈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਦਾ
ਇਸ ਮਾਮਲੇ ਸਬੰਧੀ ਜਦੋਂ ਸਬੰਧਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐੱਸ. ਡੀ. ਓ. ਰਕੇਸ਼ ਮੋਹਨ ਮੱਕਡ਼ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਵਕਤੀ ਸਮੱਸਿਆ ਹੈ ਕਿਉਂਕਿ ਅੱਜਕਲ ਇਕ ਦਿਨ ਛੱਡ ਕੇ ਪਾਣੀ ਛੱਡਿਆ ਜਾ ਰਿਹਾ ਹੈ। ਇਹ ਗਲੀ ਨੰ. 5 ਅਤੇ 7 ਬੰਦ ਗਲੀਆਂ ਹਨ ਅਤੇ ਟੇਲ ’ਤੇ ਹੋਣ ਕਰ ਕੇ ਅਖੀਰਲੇ ਘਰਾਂ ਨੂੰ ਪਾਣੀ ਦੀ ਸਮੱਸਿਆ ਆ ਰਹੀ ਹੈ ਪਰ ਜਦੋਂ ਹਰ ਰੋਜ਼ ਪਾਣੀ ਦੀ ਸਪਲਾਈ ਹੁੰਦੀ ਹੈ, ਉਸ ਵੇਲੇ ਅਜਿਹੀ ਕੋਈ ਦਿੱਕਤ ਨਹੀਂ ਆਉਂਦੀ। ਸੀਵਰੇਜ ਦੀ ਕੋਈ ਸਮੱਸਿਆ ਨਹੀਂ ਫਿਰ ਵੀ ਜਲਦੀ ਹੀ ਇਨ੍ਹਾਂ ਪਾਈਪਾਂ ਦੀ ਸਫਾਈ ਦਾ ਕੰਮ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਜੋ ਥੋੜ੍ਹੀ-ਬਹੁਤ ਸਮੱਸਿਆ ਹੈ, ਉਹ ਖਤਮ ਹੋ ਜਾਵੇਗੀ।