ਕੁੜੀ ਨਾਲ ਜਨਮਦਿਨ ਦਾ ਕੇਕ ਕੱਟਣਾ ਪਿਆ ਮਹਿੰਗਾ, ਕੁੱਟ-ਕੁੱਟ ਪਹੁੰਚਾਇਆ ਹਸਪਤਾਲ

Thursday, Sep 12, 2019 - 03:30 PM (IST)

ਕੁੜੀ ਨਾਲ ਜਨਮਦਿਨ ਦਾ ਕੇਕ ਕੱਟਣਾ ਪਿਆ ਮਹਿੰਗਾ, ਕੁੱਟ-ਕੁੱਟ ਪਹੁੰਚਾਇਆ ਹਸਪਤਾਲ

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) : ਲੜਕੀ ਨਾਲ ਆਪਣਾ ਜਨਮਦਿਨ ਮਨਾਉਣ ਲਈ ਮੋਹਾਲੀ/ਚੰਡੀਗੜ੍ਹ ਗਏ ਲੜਕੇ ਦੀ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਥਾਣਾ ਸਿਟੀ ਸੰਗਰੂਰ ਦੇ ਥਾਣੇਦਾਰ ਹਰਦਿਆਲ ਦਾਸ ਨੇ ਦੱਸਿਆ ਕਿ ਮੁਦੱਈ ਰਜੇਸ਼ ਕੁਮਾਰ ਵਾਸੀ ਸੰਗਰੂਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਲੰਘੀ 9 ਸਤੰਬਰ ਨੂੰ ਉਸ ਦਾ ਭਤੀਜੇ ਅਮਨ ਅਰੋੜਾ (18) ਦਾ ਜਨਮਦਿਨ ਸੀ ਜਿਸ ਕਰਕੇ ਉਹ ਆਪਣੀ ਦੋਸਤ ਨਾਲ ਜਨਮਦਿਨ ਮਨਾਉਣ ਲਈ ਮੋਹਾਲੀ/ਚੰਡੀਗੜ੍ਹ ਚਲਾ ਗਿਆ। ਜਦੋਂ ਲੜਕੀ ਦੇ ਪਿਤਾ ਗੁਲਸ਼ਨ ਵਰਮਾ ਨੂੰ ਪਤਾ ਲੱਗਿਆ ਤਾਂ ਗੁਲਸ਼ਨ ਵਰਮਾ ਨੇ ਆਪਣੇ ਨਾਲ ਭਰਾ ਸੋਨੂੰ ਸੁਨਿਆਰ, ਆਪਣੇ ਲੜਕੇ ਅੰਸ਼ ਵਰਮਾ, ਆਪਣੀ ਪਤਨੀ ਮੋਨਿਕਾ ਵਰਮਾ ਨੂੰ ਨਾਲ ਲੈ ਕੇ ਅਮਨ ਅਰੋੜਾ ਅਤੇ ਨੰਦਨੀ ਦੇ ਪਿੱਛੇ ਚੱਲੇ ਗਏ ਜਿਨ੍ਹਾਂ ਨੇ ਅਮਨ ਅਤੇ ਨੰਦਨੀ ਨੂੰ ਲਾਡਰਾਂ ਵਿਖੇ ਘੇਰ ਲਿਆ। ਇਸ ਪਿੱਛੋਂ ਉਨ੍ਹਾਂ ਅਮਨ ਅਤੇ ਨੰਦਨੀ ਨੂੰ ਆਪਣੇ ਘਰ ਲਿਆਕੇ ਅਮਨ ਅਰੋੜਾ ਨੂੰ ਕਮਰੇ 'ਚ ਬੰਦ ਕਰਕੇ ਕਾਫੀ ਕੁੱਟਮਾਰ ਕੀਤੀ, ਜਿਸ ਨਾਲ ਅਮਨ ਗੰਭੀਰ ਜ਼ਖਮੀ ਹੋ ਗਿਆ। ਲੜਕੇ ਨੂੰ ਜ਼ਖਮੀ ਹਾਲਤ ਵਿਚ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਰੈਫਰ ਕਰ ਦਿੱਤਾ ਗਿਆ।

ਉਥੇ ਹੀ ਅਮਨ ਨੂੰ ਇਨਸਾਫ ਦਿਵਾਉਣ ਲਈ ਉਸ ਦੇ ਦੋਸਤ ਸੜਕਾਂ 'ਤੇ ਉਤਰ ਆਏ ਹਨ। ਉਨ੍ਹਾਂ ਹੱਥਾਂ ਵਿਚ ਤਖਤੀਆਂ ਫੜ ਕੇ ਅਮਨ ਅਰੋੜਾ ਲਈ ਇਨਸਾਫ ਦੀ ਮੰਗ ਕੀਤੀ। ਪੁਲਸ ਨੇ ਮੁਦੱਈ ਦੇ ਬਿਆਨਾਂ ਦੀ ਪੜਤਾਲ ਕਰਦਿਆਂ ਦੋਸ਼ੀਆਨ ਗੁਲਸ਼ਨ ਵਰਮਾ, ਸੋਨੂੰ ਸੁਨਿਆਰ, ਅੰਸ਼ ਵਰਮਾ ਅਤੇ ਮੋਨਿਕਾ ਵਰਮਾ ਵਾਸੀਆਨ ਸੰਗਰੂਰ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

cherry

Content Editor

Related News