ਸੰਗਰੂਰ ਦੇ ਥਾਣੇ ''ਚ ਕੈਪਟਨ ਸਮੇਤ ਵਿਧਾਇਕ ਦੀ ਤਸਵੀਰ ਲਗਾਉਣ ਦਾ ਮਾਮਲਾ ਗਰਮਾਇਆ
Wednesday, Dec 06, 2017 - 06:55 PM (IST)

ਸੰਗਰੂਰ(ਹਨੀ)— ਜ਼ਿਲਾ ਸੰਗਰੂਰ ਦੇ ਥਾਣੇ 'ਚ ਐੱਸ. ਐੱਚ. ਓ. ਦੇ ਕਮਰੇ 'ਚ ਕਾਂਗਰਸੀ ਨੇਤਾਵਾਂ ਵੱਲੋਂ ਕਾਂਗਰਸੀ ਵਿਧਾਇਕ ਦੀ ਤਸਵੀਰ ਲਗਾਉਣ ਦਾ ਵਿਵਾਦ ਗਰਮਾ ਗਿਆ ਹੈ। ਕਾਂਗਰਸੀ ਨੇਤਾ ਜਿੱਥੇ ਥਾਣਿਆਂ ਦੇ ਅਕਾਲੀ ਦਲ ਦੀ ਗੁੰਡਾਗਰਦੀ ਤੋਂ ਆਜ਼ਾਦ ਹੋਣ ਦੀ ਗੱਲ ਕਹਿ ਕੇ ਥਾਣੇ 'ਚ ਮੁੱਖ ਮੰਤਰੀ ਅਤੇ ਸੰਗਰੂਰ ਵਿਧਾਇਕ ਦੀ ਤਸਵੀਰ ਲਗਾਉਣ ਨੂੰ ਜਾਇਜ਼ ਠਹਿਰਾ ਰਹੇ ਹਨ, ਉਥੇ ਹੀ ਅਕਾਲੀ ਦਲ ਦੇ ਨੇਤਾ ਥਾਣਿਆਂ ਦਾ ਕਾਂਗਰਸੀਕਰਨ ਦਾ ਦੋਸ਼ ਲਗਾਉਂਦੇ ਹੋਏ ਪੰਜਾਬ ਦੇ ਚੀਫ ਸਕੱਤਰ ਤੋਂ ਇਸ ਦੀ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ ਅਤੇ ਜ਼ਿੰਮੇਵਾਰ ਕਾਂਗਰਸੀਆਂ ਅਤੇ ਅਧਿਕਾਰੀਆਂ 'ਤੇ ਕਾਰਵਾਈ ਦੀ ਮੰਗ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕਾਂਗਰਸੀ ਨੇਤਾਵਾਂ ਨੇ ਜ਼ਿਲਾ ਸਗੰਰੂਰ ਦੇ ਸਿਟੀ ਥਾਣੇ 'ਚ ਜਾ ਕੇ ਪੰਜਾਬ ਦੇ ਮੁੱਖ ਮੱਤਰੀ ਸਮੇਤ ਸੰਗਰੂਰ ਦੇ ਵਿਧਾਇਕ ਵਿਜੇਂਦਰ ਸਿੰਗਲਾ ਦੀ ਤਸਵੀਰ ਥਾਣੇ ਦੇ ਐੱਸ. ਐੱਚ. ਓ. ਨੂੰ ਲਗਾਉਣ ਲਈ ਭੇਂਟ ਕੀਤੀ ਸੀ ਜਦਕਿ ਕਾਂਗਰਸੀ ਨੇਤਾਵਾਂ ਨੇ ਸੰਗਰੂਰ ਦੇ ਸਦਰ ਥਾਣੇ 'ਚ ਐੱਸ. ਐੱਚ. ਓ. ਦੇ ਕਮਰੇ 'ਚ ਜਾ ਕੇ ਐੱਸ. ਐੱਚ. ਓ. ਦੀ ਕੁਰਸੀ ਦੇ ਪਿੱਛੇ ਦੋਹਾਂ ਦੀਆਂ ਤਸਵੀਰਾਂ ਲਗਾ ਦਿੱਤੀਆਂ। ਇੰਨਾ ਹੀ ਨਹੀਂ ਸਗੋਂ ਕਾਂਗਰਸੀ ਨੇਤਾਵਾਂ ਨੇ ਦੋਵੇਂ ਥਾਣਿਆਂ 'ਚ ਕੀਤੀ ਆਪਣੀ ਇਸ ਗਤੀਵਿਧੀ ਦੀ ਤਸਵੀਰ ਨੂੰ ਕਲਿੱਕ ਕਰਕੇ ਸੋਸ਼ਲ ਮੀਡੀਆ 'ਤੇ ਵੀ ਪਾ ਦਿੱਤੀ ਸੀ ਅਤੇ ਇਸ ਦੀ ਕਾਰਵਾਈ ਨੂੰ ਪੰਜਾਬ ਦੇ ਥਾਣਿਆਂ ਨੂੰ ਅਕਾਲੀ ਦਲ ਤੋਂ ਆਜ਼ਾਦ ਹੋਇਆ ਕਰਾਰ ਤੱਕ ਦੇ ਦਿੱਤਾ।
ਕਾਂਗਰਸੀ ਨੇਤਾ ਦਰਸ਼ਨ ਕਾਂਗੜਾ ਨੇ ਥਾਣੇ 'ਚ ਲਗਾਈ ਕਾਂਗਰਸੀ ਨੇਤਾਵਾਂ ਦੀ ਤਸਵੀਰ ਵਾਲੀ ਕਾਰਵਾਈ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਦੇ ਥਾਣੇ ਅਕਾਲੀ ਦਲ ਦੀ ਗੁੰਡਾਗਰਦੀ ਤੋਂ ਪੂਰੀ ਤਰ੍ਹਾਂ ਆਜ਼ਾਦ ਹੋ ਚੁੱਕੇ ਹਨ, ਇਸ ਲਈ ਲੋਕਾਂ ਨੂੰ ਆਜ਼ਾਦੀ ਦਾ ਅਹਿਸਾਸ ਦਿਵਾਉਣ ਲਈ ਕਾਂਗਰਸੀ ਨੇਤਾਵਾਂ ਦੀ ਤਸਵੀਰ ਨੂੰ ਥਾਣਿਆਂ 'ਚ ਲਗਾਇਆ ਗਿਆ ਹੈ ਤਾਂਕਿ ਪੰਜਾਬ ਦੇ ਲੋਕ ਇਨਸਾਫ ਲਈ ਥਾਣਿਆਂ 'ਚ ਆ ਸਕਣ। ਉਨ੍ਹਾਂ ਨੇ ਦੱਸਿਆ ਕਿ ਅਸੀਂ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਦੀ ਤਸਵੀਰ ਲਗਾਈ ਹੈ।
ਉਥੇ ਹੀ ਦੂਜੇ ਪਾਸੇ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਵਿਧਾਇਕ ਪ੍ਰਕਾਸ਼ ਚੰਦ ਗਰਗ ਨੇ ਇਸ ਨੂੰ ਕਾਂਗਰਸੀ ਨੇਤਾਵਾਂ ਦੀ ਮਨਮਾਨੀ ਦੱਸਦੇ ਹੋਏ ਇਸ ਨੂੰ ਥਾਣਿਆਂ ਦਾ ਕਾਂਗਰਸੀਕਰਨ ਵਾਲੀ ਕਾਰਵਾਈ ਕਰਾਰ ਦਿੱਤਾ ਅਤੇ ਪੰਜਾਬ ਦੇ ਮੁੱਖ ਸਕੱਤਰ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਦੋਸ਼ੀ ਕਾਂਗਰਸੀਆਂ ਸਮੇਤ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਉਥੇ ਹੀ ਜਦੋਂ ਇਸ ਮਾਮਲੇ 'ਚ ਸੰਗਰੂਰ ਸਦਰ ਥਾਣਾ ਦੇ ਐੱਸ. ਐੱਚ. ਓ. ਦਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਕੁਝ ਵਿਅਕਤੀ ਆਏ ਸਨ ਅਤੇ ਉਨ੍ਹਾਂ ਨੇ ਥਾਣੇ ਦੇ ਅੰਦਰ ਤਸਵੀਰ ਫੜ ਕੇ ਤਸਵੀਰ ਜ਼ਰੂਰ ਕਰਵਾਈ ਸੀ ਪਰ ਉਨ੍ਹਾਂ ਨੇ ਪ੍ਰੋਟੋਕਾਲ ਦੀ ਗੱਲ ਕਹਿ ਕੇ ਥਾਣੇ ਦੇ ਅੰਦਰ ਫੋਟੋ ਲਗਾਉਣ ਨਹੀਂ ਦਿੱਤੀ। ਥਾਣੇ 'ਚ ਨੇਤਾਵਾਂ ਦੀ ਤਸਵੀਰ ਲਗਾਉਣ ਨੂੰ ਲੈ ਕੇ ਕਾਂਗਰਸੀ ਅਕਾਲੀ ਦਲ ਦੇ ਨਿਸ਼ਾਨੇ 'ਤੇ ਆ ਗਏ ਹਨ ਪਰ ਇਸ ਮਾਮਲੇ 'ਚ ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਵੀ ਪਾਕ ਸਾਫ ਨਹੀਂ ਕਿਹਾ ਜਾ ਸਕਦਾ, ਜਿਨ੍ਹਾਂ ਦੀ ਮੌਜੂਦਗੀ 'ਚ ਕਾਂਗਰਸੀ ਥਾਣੇ 'ਚ ਵੜ ਕੇ ਇਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦੇਣ 'ਚ ਕਾਮਯਾਬ ਹੋਏ ਹਨ।