ਹੁਣ ਇਸ ਕਾਂਗਰਸੀ ਵਿਧਾਇਕ ਨੇ ਲਿਆ ਟੋਲ ਮੁਲਾਜ਼ਮਾਂ ਨਾਲ ਪੰਗਾ (ਵੀਡੀਓ)

07/26/2019 2:56:10 PM

ਸੰਗਰੂਰ (ਪ੍ਰਿੰਸ,ਜੈਨ) : ਧੂਰੀ-ਸੰਗਰੂਰ ਮੁੱਖ ਮਾਰਗ 'ਤੇ ਪਿੰਡ ਬੇਨੜਾ ਅਤੇ ਲੱਡਾ ਦੇ ਵਿਚਕਾਰ ਸਥਿਤ ਟੋਲ ਪਲਾਜ਼ਾ ਅੱਜ ਮੁੜ ਉਸ ਵੇਲੇ ਚਰਚਾ 'ਚ ਆ ਗਿਆ, ਜਦ ਟੋਲ ਪ੍ਰਬੰਧਕਾਂ ਨੇ ਜ਼ਿਲਾ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਦਾ ਹਵਾਲਾ ਦਿੰਦੇ ਹੋਏ ਟੋਲ ਪਲਾਜ਼ੇ ਦੇ ਬਦਲਵੇਂ ਰਸਤੇ ਤੋਂ ਲੰਘਣ ਵਾਲੇ ਵਾਹਨਾਂ ਤੋਂ ਟੋਲ ਵਸੂਲਣਾ ਸ਼ੁਰੂ ਕਰ ਦਿੱਤਾ। ਇਸ ਦੀ ਜਾਣਕਾਰੀ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਮਿਲਣ 'ਤੇ ਨਾਸਿਰਫ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਟੋਲ ਪ੍ਰਬੰਧਕਾਂ ਨੂੰ ਬਦਲਵੇਂ ਰਸਤੇ ਤੋਂ ਲੰਘਣ ਵਾਲੇ ਵਾਹਨਾਂ ਤੋਂ ਉਗਰਾਹੀ ਕਰਨ ਤੋਂ ਰੋਕ ਦਿੱਤਾ, ਸਗੋਂ ਉਨ੍ਹਾਂ ਟੋਲ ਪ੍ਰਬੰਧਕਾਂ ਨੇ ਮੁੜ ਅਜਿਹਾ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ।

ਵਿਧਾਇਕ ਗੋਲਡੀ ਦਾ ਕਹਿਣਾ ਸੀ ਕਿ ਇਹ ਬਦਲਵਾਂ ਰਸਤਾ ਉਨ੍ਹਾਂ ਵੱਲੋਂ ਲੋਕਾਂ ਦੇ ਸਹਿਯੋਗ ਅਤੇ ਆਪਣੇ ਪੈਸੇ ਨਾਲ ਤਿਆਰ ਕਰਵਾਇਆ ਗਿਆ ਸੀ, ਜਿਸ ਕਾਰਣ ਟੋਲ ਪ੍ਰਬੰਧਕਾਂ ਨੂੰ ਇਸ ਬਦਲਵੇਂ ਰਸਤੇ ਤੋਂ ਲੰਘਣ ਵਾਲੇ ਵਾਹਨਾਂ ਤੋਂ ਟੋਲ ਵਸੂਲਣ ਦਾ ਕੋਈ ਅਧਿਕਾਰ ਨਹੀਂ ਹੈ।

ਇਲਾਕੇ ਦੇ ਲੋਕਾਂ ਅਤੇ ਵਿਧਾਇਕ ਦੇ ਵਿਰੋਧ ਕਾਰਣ ਮਾਹੌਲ ਤਣਾਅਪੂਰਣ ਹੋਣ ਕਾਰਣ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਸ ਫੋਰਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ। ਵਿਧਾਇਕ ਦਲਵੀਰ ਗੋਲਡੀ ਨੇ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ 'ਚ ਟੋਲ ਪ੍ਰਬੰਧਕਾਂ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਬਣਾਏ ਗਏ ਇਸ ਬਦਲਵੇਂ ਰਸਤੇ 'ਤੇ ਟੋਲ ਉਗਰਾਹੁਣ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਅਦਾਲਤ ਦੇ ਹੁਕਮ ਇਸ ਬਦਲਵੇਂ ਰਸਤੇ ਉਪਰ ਲਾਗੂ ਨਹੀਂ ਹੁੰਦੇ ਹਨ। ਉਨ੍ਹਾਂ ਟੋਲ ਪਲਾਜ਼ੇ ਦੇ ਪ੍ਰਬੰਧਕਾਂ ਵੱਲੋਂ ਜ਼ਿਲਾ ਅਦਾਲਤ ਦੇ ਹੁਕਮਾਂ ਦਾ ਹਵਾਲਾ ਦਿੱਤੇ ਜਾਣ ਬਾਰੇ ਕਿਹਾ ਕਿ ਇਸ ਫੈਸਲੇ ਦੇ ਵਿਰੋਧ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੋਈ ਹੈ ਅਤੇ ਉਹ ਇਸ ਰਸਤੇ 'ਤੇ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਵੱਲੋਂ ਟੋਲ ਉਗਰਾਹੁਣ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਇਸ ਰਸਤੇ 'ਤੇ ਟੋਲ ਪਲਾਜ਼ਾ ਪ੍ਰਬੰਧਕਾਂ ਵੱਲੋਂ ਟੋਲ ਉਗਰਾਹੁਣ ਦਾ ਡੱਟ ਕੇ ਵਿਰੋਧ ਕਰਨ।

ਇਸ ਮੌਕੇ ਟੋਲ ਅਧਿਕਾਰੀ ਅਜੈ ਪ੍ਰਤਾਪ ਸਿੰਘ ਨੇ ਟੋਲ ਉਗਰਾਹੁਣ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਇਸ ਬਦਲਵੇਂ ਰਸਤੇ ਕਾਰਣ ਸਾਨੂੰ ਭਾਰੀ ਆਰਥਕ ਨੁਕਸਾਨ ਹੋ ਰਿਹਾ ਸੀ, ਜਿਸ ਨੂੰ ਲੈ ਕੇ ਅਸੀਂ ਅਦਾਲਤ ਵਿਖੇ ਗਏ ਸੀ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਸਾਡੇ ਹੱਕ 'ਚ ਫੈਸਲਾ ਸੁਣਾਇਆ ਗਿਆ ਹੈ ਅਤੇ ਅੱਜ ਸਾਡੇ ਵੱਲੋਂ ਜੱਦੋਂ ਅਦਾਲਤੀ ਫੈਸਲੇ ਅਨੁਸਾਰ ਇਸ ਬਦਲਵੇਂ 'ਤੇ ਟੋਲ ਉਗਰਾਹੁਣਾ ਸ਼ੁਰੂ ਕੀਤਾ ਗਿਆ ਤਾਂ ਹਲਕਾ ਵਿਧਾਇਕ ਵੱਲੋਂ ਆਪਣਾ ਅਸਰ-ਰਸੂਖ ਵਰਤਦੇ ਹੋਏ ਸਾਨੂੰ ਟੋਲ ਨਾ ਉਗਰਾਹੁਣ ਲਈ ਮਜਬੂਰ ਕੀਤਾ ਗਿਆ ਹੈ।

ਇਸ ਮੌਕੇ ਮੌਜੂਦ ਪੀ. ਡਬਲਯੂ. ਡੀ ਵਿਭਾਗ ਦੇ ਐਕਸ.ਈ.ਐੱਨ. ਜਗਦੀਪ ਸਿੰਘ ਨੂੰ ਇਸ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਉਹ ਤਾਂ ਅਦਾਲਤੀ ਹੁਕਮਾਂ ਦੀ ਪਾਲਨਾ ਕਰਵਾਉਣ ਆਏ ਹਨ ਪਰ ਉਨ੍ਹਾਂ ਸਮੇਤ ਹੋਰ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ ਬਦਲਵੇਂ ਰਸਤੇ 'ਤੇ ਟੋਲ ਵਸੂਲਣ ਤੋਂ ਰੋਕਣ ਦੇ ਫੈਸਲੇ ਨੂੰ ਸਹੀ ਜਾਂ ਗਲਤ ਠਹਿਰਾਉਣ ਤੋਂ ਬਚਦੇ ਰਹੇ।


cherry

Content Editor

Related News