ਇਕ ਅਨਾਰ ਕਈ ਬੀਮਾਰ, ਸੰਗਰੂਰ ਤੋਂ ਟਿਕਟ ਲੈਣ ਲਈ ਕਾਂਗਰਸੀ ਆਗੂ ਇਕ-ਦੂਜੇ ਤੋਂ ਅੱਗੇ
Thursday, Feb 28, 2019 - 04:31 PM (IST)
ਸ਼ੇਰਪੁਰ(ਅਨੀਸ਼)— ਲੋਕ ਸਭਾ ਚੋਣਾਂ ਦਾ ਰਸਮੀ ਐਲਾਨ ਮਾਰਚ ਮਹੀਨੇ ਵਿਚ ਹੋਣ ਦੀ ਸੰਭਵਾਨਾ ਹੈ ਅਤੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਹੁਣ ਤੋਂ ਹੀ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਜੇਕਰ ਗੱਲ ਸੱਤਾ ਧਿਰ ਕਾਂਗਰਸ ਪਾਰਟੀ ਦੀ ਕਰੀਏ ਤਾਂ ਲੋਕ ਸਭਾ ਹਲਕਾ ਸੰਗਰੂਰ ਤੋਂ ਹੁਣ ਤੱਕ 5 ਸੰਭਾਵੀ ਉਮੀਦਵਾਰ ਸਾਹਮਣੇ ਆਏ ਹਨ , ਜਿਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ, ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਯੂਥ ਆਗੂ ਜਸਵਿੰਦਰ ਸਿੰਘ ਧੀਮਾਨ ਅਤੇ ਹਲਕਾ ਧੂਰੀ ਤੋਂ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਧਰਮ ਪਤਨੀ ਸਿਮਰਤ ਕੌਰ ਖੰਗੂੜਾ ਸ਼ਾਮਲ ਹਨ। ਬੀਬੀ ਰਾਜਿੰਦਰ ਕੌਰ ਭੱਠ , ਕੇਵਲ ਸਿੰਘ ਢਿੱਲੋਂ ਅਤੇ ਜਸਵਿੰਦਰ ਸਿੰਘ ਧੀਮਾਨ ਵੱਲੋਂ ਸਿੱਧੇ ਤੌਰ 'ਤੇ ਦਾਅਵੇਦਾਰੀ ਜਤਾਈ ਜਾ ਰਹੀ ਹੈ, ਜਦੋਂਕਿ ਰਾਹੁਲ ਗਾਂਧੀ ਦੇ ਨਜ਼ਦੀਕੀ ਵਜੋਂ ਜਾਣੇ ਜਾਦੇ ਵਿਜੈਇੰਦਰ ਸਿੰਗਲਾ ਖੁਦ ਜਾਂ ਆਪਣੀ ਧਰਮ ਪਤਨੀ ਦੀਪਾ ਸਿੰਗਲਾ ਨੂੰ ਚੋਣ ਲੜਾਉਣ ਦੇ ਚਾਹਵਾਨ ਦੱਸੇ ਜਾਦੇ ਹਨ। ਦੂਜੇ ਪਾਸੇ ਹਲਕਾ ਧੂਰੀ ਦੇ ਨੌਜਵਾਨ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਧਰਮ ਪਤਨੀ ਸਿਮਰਤ ਕੌਰ ਖੰਗੂੜਾ ਦਾ ਨਾਮ ਵੀ ਤੇਜੀ ਨਾਲ ਉਭਰ ਕੇ ਸਾਹਮਣੇ ਆ ਰਿਹਾ ਹੈ, ਕਿਉਂਕਿ ਜੇਕਰ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ 50 ਪ੍ਰਤੀਸ਼ਤ ਔਰਤਾਂ ਨੂੰ ਟਿਕਟ ਦੇਣ ਦਾ ਫਾਰਮੂਲਾ ਅਪਣਾਇਆ ਗਿਆ ਤਾਂ ਸਿਮਰਤ ਕੌਰ ਖੰਗੂੜਾ ਦਾ ਦਾਅ ਲੱਗ ਸਕਦਾ ਹੈ।
ਬੀਬੀ ਰਾਜਿੰਦਰ ਕੌਰ ਭੱਠਲ : ਬੀਬੀ ਰਾਜਿੰਦਰ ਕੌਰ ਭੱਠਲ ਦੀ ਦਾਅਵੇਦਾਰੀ ਇਸ ਲਈ ਮਜਬੂਤ ਜਾਪ ਰਹੀ ਹੈ, ਕਿਉਂਕਿ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ, ਡਿਪਟੀ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹ। ਬੀਬੀ ਭੱਠਲ 1992 ਤੋਂ ਲੈਕੇ 2017 ਤੱਕ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਇਸ ਵਾਰ ਉਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਬੀਬੀ ਭੱਠਲ ਦਾ ਜ਼ਿਲਾ ਸੰਗਰੂਰ ਅਤੇ ਜ਼ਿਲਾ ਬਰਨਾਲਾ ਵਿਚ ਕਾਫੀ ਅਸਰ ਰਸੂਖ ਹੈ ਅਤੇ ਉਹ ਕਾਂਗਰਸ ਪਾਰਟੀ ਦੇ ਵੱਡੇ ਚਿਹਰੇ ਵਜੋਂ ਜਾਣੇ ਜਾਂਦੇ ਹਨ।
ਕੇਵਲ ਸਿੰਘ ਢਿੱਲੋਂ : ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਅਤੇ ਹਲਕਾ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀਆਂ ਵਜੋਂ ਜਾਣੇ ਜਾਂਦੇ ਹਨ। ਬਰਨਾਲਾ ਨੂੰ ਜ਼ਿਲਾ ਬਣਾਉਣ ਦਾ ਸਿਹਰਾ ਵੀ ਕੇਵਲ ਢਿੱਲੋਂ ਨੂੰ ਜਾਂਦਾ ਹੈ , ਜੇਕਰ ਇਸ ਵਾਰ ਉਹ ਚੋਣ ਜਿੱਤ ਜਾਦੇ ਤਾਂ ਉਨ੍ਹਾਂ ਦਾ ਕੈਬਨਿਟ ਮੰਤਰੀ ਬਣਨਾ ਤੈਅ ਮੰਨਿਆ ਜਾ ਰਿਹਾ ਸੀ, ਚੋਣ ਹਾਰਨ ਤੋਂ ਬਾਅਦ ਵੀ ਉਨਾਂ ਹਲਕਾ ਬਰਨਾਲਾ ਅੰਦਰ ਆਪਣੀਆਂ ਸਗਰਮੀਆਂ ਵਿੱਢੀਆਂ ਹੋਈਆਂ ਹਨ ਅਤੇ ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜਨ ਦੇ ਚਾਹਵਾਨ ਹਨ। ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਹੋਣ ਕਰਕੇ ਉਨ੍ਹਾਂ ਨੂੰ ਟਿਕਟ ਮਿਲ ਸਕਦੀ ਹੈ। ਕੇਵਲ ਸਿੰਘ ਢਿੱਲੋਂ ਉਘੇ ਉਦਯੋਗਪਤੀ ਵਜੋਂ ਵੀ ਜਾਣੇ ਜਾਂਦੇ ਹਨ।
ਵਿਜੈਇੰਦਰ ਸਿੰਗਲਾ : ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਵਜੋਂ ਸੇਵਾ ਨਿਭਾ ਰਹੇ ਵਿਜੈਇੰਦਰ ਸਿੰਗਲਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਨਜ਼ਦੀਕੀਆਂ ਵਿੱਚੋਂ ਜਾਣੇ ਜਾਂਦੇ ਹਨ ਅਤੇ 2009 ਦੀਆਂ ਚੋਣਾਂ ਵਿਚ ਵੀ ਰਾਹੁਲ ਗਾਂਧੀ ਵੱਲੋਂ ਵਿਜੈਇੰਦਰ ਸਿੰਗਲਾ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਦਿੱਤੀ ਸੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਨੇਤਾ ਸੁਖਦੇਵ ਸਿੰਘ ਢੀਂਡਸਾ ਨੂੰ ਹਰਾਇਆ ਸੀ ਪਰ 2014 ਦੀਆਂ ਚੋਣਾਂ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਵਿਜੈਇੰਦਰ ਸਿੰਗਲਾ ਵੱਲੋਂ ਐਮ.ਪੀ ਕਾਰਜਕਾਲ ਦੌਰਾਨ ਲੋਕ ਸਭਾ ਹਲਕਾ ਸੰਗਰੂਰ ਅੰਦਰ ਕੈਂਸਰ ਹਸਪਤਾਲ ਲਿਆਂਦਾ ਗਿਆ। ਨਵੀਆਂ ਰੇਲ ਗੱਡੀਆਂ ਵੀ ਚਲਾਈਆਂ ਗਈਆਂ, ਜਿਸ ਕਰਕੇ ਉਨ੍ਹਾਂ ਦੀ ਦਾਅਵੇਦਾਰੀ ਮਜਬੂਤ ਮੰਨੀ ਜਾ ਰਹੀ ਹੈ। ਵਿਜੈਇੰਦਰ ਸਿੰਗਲਾ ਆਪ ਚੋਣ ਨਾ ਲੜਨ ਦੀ ਸੂਰਤ ਵਿਚ ਆਪਣੀ ਧਰਮ ਪਤਨੀ ਦੀਪਾ ਸਿੰਗਲਾ ਨੂੰ ਚੋਣ ਲੜਾਉਣ ਦੇ ਚਾਹਵਾਨ ਦੱਸੇ ਜਾ ਰਹੇ ਹਨ।
ਜਸਵਿੰਦਰ ਸਿੰਘ ਧੀਮਾਨ : ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਬੇਟੇ ਜਸਵਿੰਦਰ ਸਿੰਘ ਧੀਮਾਨ ਵੱਲੋਂ ਵੀ ਚੋਣ ਲੜਨ ਲਈ ਹਲਕੇ ਅੰਦਰ ਸਰਗਰਮੀਆਂ ਵਿੱਢੀਆਂ ਹੋਈਆਂ ਹਨ। ਜਸਵਿੰਦਰ ਸਿੰਘ ਧੀਮਾਨ ਦਾ ਦਾਅਵਾ ਹੈ ਕਿ ਉਹ ਯੂਥ ਕੋਟੇ ਵਿੱਚੋਂ ਟਿਕਟ ਦੀ ਮੰਗ ਕਰ ਰਹੇ ਹਨ ਅਤੇ ਬੀ.ਸੀ ਵਰਗ ਨਾਲ ਸਬੰਧ ਰੱਖਦੇ ਹਨ। ਬੀ.ਸੀ ਵਰਗ ਦੀਆਂ ਲੋਕ ਸਭਾ ਹਲਕਾ ਸੰਗਰੂਰ ਵਿਚ 2 ਲੱਖ ਦੇ ਕਰੀਬ ਵੋਟਾਂ ਹਨ ਜੋ ਕਿ ਜਿੱਤ ਦੇ ਹਾਰ ਵਿਚ ਫੈਸਲਾਕੁੰਨ ਰੋਲ ਅਦਾ ਕਰ ਸਕਦੀਆਂ ਹਨ।
ਸਿਮਰਤ ਕੌਰ ਖੰਗੂੜਾ : ਵਿਧਾਨ ਸਭਾ ਹਲਕਾ ਧੂਰੀ ਤੋਂ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਧਰਮ ਪਤਨੀ ਸਿਮਰਤ ਕੌਰ ਖੰਗੂੜਾ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਤਤਪਰ ਰਹਿੰਦੇ ਹਨ ਅਤੇ ਹਲਕੇ ਅੰਦਰ ਤੇਜ਼ ਤਰਾਰ ਮਹਿਲਾ ਵਜੋਂ ਜਾਣੇ ਜਾਂਦੇ ਹਨ। ਸਿਮਰਤ ਕੌਰ ਖੰਗੂੜਾ ਵਿਚ ਜੋਸ਼ ਅਤੇ ਜਜ਼ਬੇ ਦੀ ਝਲਕ ਦਿੱਸਦੀ ਹੈ, ਜਿਸ ਕਰਕੇ ਉਨ੍ਹਾਂ ਨੂੰ ਵੀ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਤਕੜੇ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੈਡਮ ਖੰਗੂੜਾ ਵੱਲੋਂ ਚੋਣ ਲੜਨ ਸਬੰਧੀ ਦਾਅਵੇਦਾਰੀ ਪੇਸ਼ ਕਰ ਦਿੱਤੀ ਗਈ ਹੈ, ਜੇਕਰ ਰਾਹੁਲ ਗਾਂਧੀ ਵੱਲੋਂ ਔਰਤਾਂ ਨੂੰ 50 ਪ੍ਰਤੀਸ਼ਤ ਟਿਕਟਾਂ ਦੇਣ ਦਾ ਫਾਰਮੂਲਾ ਅਪਣਾਇਆ ਜਾਂਦਾ ਹੈ ਤਾਂ ਮੈਡਮ ਸਿਮਰਤ ਕੌਰ ਖੰਗੂੜਾ ਦਾ ਦਾਅ ਲੱਗ ਸਕਦਾ ਹੈ।