ਪਾਣੀ ਨਾਲ ਭਰੇ ਇਲਾਕਿਆਂ 'ਚ DC ਨੇ ਖ਼ੁਦ ਸੰਭਾਲੀ ਕਮਾਨ, ਕਿਸ਼ਤੀਆਂ 'ਚ ਜਾ ਲੋਕਾਂ ਨੂੰ ਵੰਡਿਆ ਸਮਾਨ (ਤਸਵੀਰਾਂ)

07/17/2023 2:20:49 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੂਨਕ ਤੇ ਖਨੌਰੀ ਦੇ ਹੜ੍ਹ ਪ੍ਰਭਾਵਿਤ ਡੇਰਿਆਂ, ਢਾਣੀਆਂ, ਪਿੰਡਾਂ ਅਤੇ ਸ਼ਹਿਰਾਂ 'ਚ ਵੱਸਦੇ ਲੋਕਾਂ ਤੱਕ ਭੋਜਨ, ਪੀਣ ਵਾਲਾ ਸਾਫ਼ ਪਾਣੀ ਅਤੇ ਹੋਰ ਲੋੜੀਂਦੀਆਂ ਵਸਤੂਆਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਅੱਜ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਖ਼ੁਦ ਕਮਾਨ ਸੰਭਾਲੀ ਰੱਖੀ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਹੁਣ ਤੱਕ 300 ਤੋਂ ਵੱਧ ਵਿਅਕਤੀਆਂ ਨੂੰ ਰਾਹਤ ਕੇਂਦਰਾਂ ਵਿਖੇ ਸੁਰੱਖਿਅਤ ਤੌਰ ’ਤੇ ਪਹੁੰਚਾਇਆ ਗਿਆ ਹੈ ਅਤੇ ਜਿਹੜੇ ਵਿਅਕਤੀ ਰਾਜ਼ੀ ਨਹੀਂ ਹੋਏ, ਉਨ੍ਹਾਂ ਨੂੰ ਘਰਾਂ ਤੱਕ ਹੀ ਕਿਸ਼ਤੀਆਂ ਰਾਹੀਂ ਪਹੁੰਚ ਕਰਕੇ ਰਾਹਤ ਸਮੱਗਰੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹਰੇਕ ਪ੍ਰਭਾਵਿਤ ਪਿੰਡ 'ਚ ਮੈਡੀਕਲ ਤੇ ਵੈਟਰਨਰੀ ਡਾਕਟਰ ਕਿਸ਼ਤੀਆਂ ਰਾਹੀਂ ਜਾ ਕੇ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ 2 ਦਿਨਾਂ 'ਚ ਪਾਣੀ ਪ੍ਰਭਾਵਿਤ ਇਲਾਕਿਆਂ 'ਚ 577 ਲੋੜਵੰਦਾਂ ਨੂੰ ਮੈਡੀਕਲ ਸੇਵਾਵਾਂ ਦਿੱਤੀਆਂ ਗਈਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਹਤ ਕਾਰਜਾਂ 'ਚ ਪ੍ਰਸ਼ਾਸਨ ਦੇ ਸਹਿਯੋਗ ਲਈ ਫ਼ੌਜ ਦੇ 3 ਕਾਲਮ ਤੇ ਐੱਨ. ਡੀ. ਆਰ. ਐੱਫ. ਦੀਆਂ 3 ਟੀਮਾਂ ਕਾਰਜਸ਼ੀਲ ਹਨ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਕਿਸ਼ਤੀਆਂ ਤੇ ਟਰਾਲੀਆਂ ਰਾਹੀਂ ਹਰ ਪ੍ਰਭਾਵਿਤ ਪਿੰਡ 'ਚ ਲੋਕਾਂ ਨੂੰ ਪਾਣੀ ਦੀਆਂ ਬੋਤਲਾਂ ਤੇ ਸੁੱਕਾ ਰਾਸ਼ਨ ਪਹੁੰਚਾਉਣ ਦੇ ਨਾਲ-ਨਾਲ ਪਾਣੀ ‘ਚ ਫਸੇ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੌਂਗ ਡੈਮ ਤੋਂ ਅੱਜ ਫਿਰ ਛੱਡਿਆ ਜਾਵੇਗਾ ਡੇਢ ਗੁਣਾ ਜ਼ਿਆਦਾ ਪਾਣੀ, ਜਾਰੀ ਕੀਤਾ ਗਿਆ ਅਲਰਟ

PunjabKesari

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਲੋਕਾਂ ਦੀ ਸੰਭਾਵੀ ਲੋੜ ਦੇ ਮੱਦੇਨਜ਼ਰ ਮੂਨਕ ਤੇ ਖਨੌਰੀ ਖੇਤਰਾਂ 'ਚ ਹਰ ਸੁਵਿਧਾ ਦਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਹੁਣ ਸਾਡੀਆਂ ਪ੍ਰਸ਼ਾਸਨਿਕ ਟੀਮਾਂ ਵੱਲੋਂ ਪੁਲਸ, ਫ਼ੌਜ ਤੇ ਐੱਨ. ਡੀ. ਆਰ. ਐੱਫ ਦੇ ਜਵਾਨਾਂ ਦੇ ਸਹਿਯੋਗ ਨਾਲ ਹਰ ਉਸ ਵਿਅਕਤੀ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ, ਜੋ ਇਸ ਸੰਕਟ ਦੀ ਸਥਿਤੀ 'ਚ ਫਸਿਆ ਹੋਇਆ ਹੈ। ਇਸ ਸਮੇਂ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਤੇ ਐੱਸ. ਡੀ. ਐੱਮ. ਸੂਬਾ ਸਿੰਘ ਵੀ ਉਨ੍ਹਾਂ ਦੇ ਨਾਲ ਸਨ। ਐੱਨ. ਡੀ. ਆਰ. ਐੱਫ ਦੀਆਂ ਕਿਸ਼ਤੀਆਂ ਰਾਹੀਂ ਪਾਣੀ ਦੀ ਮਾਰ ਵਾਲੇ ਡੇਰਿਆਂ, ਢਾਣੀਆਂ ਤੇ ਪਿੰਡਾਂ 'ਚ ਪਹੁੰਚੇ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਨੇ ਲੋਕਾਂ ਦਾ ਉਤਸ਼ਾਹ ਵਧਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਪੱਧਰ ’ਤੇ ਲੋਕਾਂ ਦੀ ਲੋੜ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਇਸੇ ਕਰਕੇ ਜਿੱਥੇ ਲਾਰਡ ਸ਼ਿਵਾ ਸਕੂਲ ਹਮੀਰਗੜ੍ਹ, ਨਗਰ ਪੰਚਾਇਤ ਦਫ਼ਤਰ ਖਨੌਰੀ ਅਤੇ ਸਰਕਾਰੀ ਸਕੂਲ ਰਾਮਪੁਰ ਗੁੱਜਰਾਂ 'ਚ ਵਿਸ਼ੇਸ਼ ਤੌਰ ’ਤੇ ਰਾਹਤ ਕੇਂਦਰ ਸਥਾਪਿਤ ਕਰਕੇ ਲੋੜਵੰਦਾਂ ਨੂੰ ਸੁਵਿਧਾ ਮੁਹੱਈਆ ਕਰਵਾਉਣ ਦਾ ਹਰ ਪ੍ਰਬੰਧ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ਕੁਦਰਤੀ ਆਫ਼ਤ ਦਰਮਿਆਨ 20 ਘਰਾਂ 'ਚ ਗੂੰਜੀਆਂ ਕਿਲਕਾਰੀਆਂ, ਪਰਿਵਾਰਾਂ 'ਚ ਛਾਈ ਖ਼ੁਸ਼ੀ

PunjabKesari

ਡਿਪਟੀ ਕਮਿਸ਼ਨਰ ਨੇ ਮੂਨਕ, ਖਨੌਰੀ ਤੇ ਆਲੇ-ਦੁਆਲੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਇਲਾਕੇ 'ਚ ਕੋਈ ਨਾਗਰਿਕ ਪਾਣੀ ਜ਼ਿਆਦਾ ਆਉਣ ਕਾਰਨ ਫਸ ਗਿਆ ਹੋਵੇ ਤਾਂ ਉਹ ਕੰਟਰੋਲ ਰੂਮ ਦੇ ਨੰਬਰ 01672-234196 ’ਤੇ ਸੰਪਰਕ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦਾਨੀ ਸੱਜਣਾਂ ਤੇ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਸੰਕਟ ਦੀ ਇਸ ਘੜੀ 'ਚ ਕੋਈ ਨਾਗਰਿਕ ਲੋੜਵੰਦ ਲੋਕਾਂ ਨੂੰ ਮਦਦ ਦੇਣ ਦਾ ਚਾਹਵਾਨ ਹੈ ਤਾਂ ਉਹ ਪ੍ਰਸ਼ਾਸਨ ਵੱਲੋਂ ਸਥਾਪਿਤ ਇਨ੍ਹਾਂ ਰਾਹਤ ਕੇਂਦਰਾਂ 'ਚ ਸਿਰਫ ਸੁੱਕਾ ਰਾਸ਼ਨ ਮੁਹੱਈਆ ਕਰਵਾ ਸਕਦਾ ਹੈ। 

PunjabKesari

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਮੁੜ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਨੀਵੇਂ ਇਲਾਕਿਆਂ 'ਚ ਪਾਣੀ ਭਰ ਚੁੱਕਾ ਹੈ ਜਾਂ ਛੇਤੀ ਹੀ ਭਰਨ ਦੀ ਸੰਭਾਵਨਾ ਹੈ ਤਾਂ ਉਹ ਆਪਣਾ ਖ਼ੁਦ ਦਾ ਅਤੇ ਪਰਿਵਾਰਾਂ ਦਾ ਖਿਆਲ ਰੱਖਦੇ ਹੋਏ ਇਨ੍ਹਾਂ ਰਾਹਤ ਕੇਂਦਰਾਂ 'ਚ ਪਹੁੰਚਣ ਕਿਉਂਕਿ ਪ੍ਰਸ਼ਾਸਨ ਵੱਲੋਂ ਹਰ ਪੱਖੋਂ ਬਿਹਤਰ ਇੰਤਜ਼ਾਮ ਕੀਤੇ ਗਏ ਹਨ।  ਇਸ ਦੌਰਾਨ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਕਿਹਾ ਕਿ ਪੰਜਾਬ ਪੁਲਸ ਦੇ ਜਵਾਨਾਂ ਨੂੰ ਵੀ ਪੂਰੀ ਤਰ੍ਹਾਂ ਮੁਸਤੈਦ ਰਹਿਣ ਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹਾਇਤਾ ਲਈ ਪੁਲਸ ਦੇ ਜਵਾਨ ਸਰਗਰਮ ਹਨ ਅਤੇ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਕਿਸੇ ਵੀ ਦਾਨੀ ਸੱਜਣ ਜਾਂ ਸੰਸਥਾ ਨੂੰ ਪਾਣੀ ਨਾਲ ਭਰੇ ਇਲਾਕਿਆਂ 'ਚ ਖ਼ੁਦ ਪਹੁੰਚ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਸ ਨਾਲ ਕੀਮਤੀ ਜਾਨਾਂ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।
PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News