ਕੁੜੀ ਛੇੜਨ ਦੇ ਦੋਸ਼ 'ਚ ਬਜ਼ੁਰਗ ਦੀ ਹੋਈ 'ਮਿੱਟੀ ਪਲੀਤ', ਲੋਕਾਂ ਨੇ ਇੰਝ ਦਿੱਤੀ ਸਜ਼ਾ
Wednesday, Nov 27, 2019 - 02:05 PM (IST)

ਸੰਗਰੂਰ (ਕੋਹਲੀ)— ਸੰਗਰੂਰ 'ਚ ਇਕ ਬਜ਼ੁਰਗ ਨੂੰ ਪੁਲਸ ਨੇ ਕੁੜੀ ਛੇੜਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਉਸ ਦੇ ਗਲੇ 'ਚ ਜੁੱਤੀਆਂ ਦੀ ਮਾਲਾ ਪਾ ਕੇ ਅਤੇ ਉਸ ਦਾ ਮੂੰਹ ਕਾਲਾ ਕਰਕੇ ਉਸ ਦੀ ਮਾਰਕੁੱਟ ਕੀਤੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਬਜ਼ੁਰਗ ਨੇ ਟਿਊਸ਼ਨ ਤੋਂ ਘਰ ਵਾਪਸ ਜਾ ਰਹੀ 10ਵੀਂ ਕਲਾਸ ਦੀ ਵਿਦਿਆਰਥਣ ਨੂੰ ਬਾਂਹਾ 'ਚ ਲੈ ਲਿਆ ਸੀ। ਇਸ ਸਬੰਧ 'ਚ ਪੀੜਤ ਲੜਕੀ ਨੇ ਇਕ ਹਫਤਾ ਪਹਿਲਾਂ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ, ਉੱਥੇ ਘਟਨਾ ਦਾ ਵੀਡੀਓ ਵਾਇਰਲ ਹੋਣ ਦੇ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ, ਜਿਸ 'ਚ ਲੋਕ ਇਕ ਵਿਅਕਤੀ ਨੂੰ ਕੁੱਟਦੇ ਦਿਖਾਈ ਦੇ ਰਹੇ ਹਨ। ਵੀਡੀਓ ਵਾਇਰਲ ਹੋਣ ਦੇ ਬਾਅਦ ਪੁਲਸ ਹਰਕਤ 'ਚ ਆਈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ 18 ਨਵੰਬਰ ਨੂੰ ਜ਼ਿਲੇ ਦੇ ਇਕ ਪਿੰਡ ਦੀ 14 ਸਾਲ ਦੀ ਕੁੜੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ 10ਵੀਂ ਕਲਾਸ 'ਚ ਪੜ੍ਹਦੀ ਹੈ ਅਤੇ ਪਿੰਡ 'ਚ ਹੀ ਟਿਊਸ਼ਨ ਜਾਂਦੀ ਹੈ। ਸ਼ਾਮ ਨੂੰ ਸਾਢੇ 6 ਵਜੇ ਜਦੋਂ ਉਹ ਟਿਊਸ਼ਨ ਤੋਂ ਵਾਪਸ ਘਰ ਆ ਰਹੀ ਸੀ ਤਾਂ ਪਿੰਡ ਦੇ ਕੋਲ 50 ਸਾਲਾ ਬਜ਼ੁਰਗ ਨੇ ਉਸ ਨੂੰ ਘੇਰ ਲਿਆ। ਉਸ ਦਾ ਕਹਿਣਾ ਹੈ ਕਿ ਉਸ ਨੇ ਉਸ ਨੂੰ ਪਹਿਲਾਂ ਅਮਰੂਦ ਖਾਣ ਨੂੰ ਦਿੱਤਾ, ਪਰ ਜਦੋਂ ਉਸ ਨੇ ਮਨ੍ਹਾਂ ਕੀਤਾ ਤਾਂ ਦੋਸ਼ੀ ਨੇ ਜ਼ਬਰਦਸਤੀ ਉਸ ਨੂੰ ਆਪਣੀਆਂ ਬਾਹਾਂ 'ਚ ਲੈ ਲਿਆ ਅਤੇ ਉਸ ਨੂੰ ਅਸ਼ਲੀਲ ਹਰਕਤਾਂ ਕਰਨ ਲੱਗਾ। ਲੜਕੀ ਦੇ ਰੋਲਾ ਪਾਉਣ ਤੇ ਉਸ ਦੀ ਮਾਂ ਅਤੇ ਭਰਾ ਮੌਕੇ 'ਤੇ ਆ ਗਏ। ਉਨ੍ਹਾਂ ਨੇ ਉਸ ਦਾ ਮੂੰਹ ਕਾਲਾ ਕਰਕੇ ਉਸ ਦੇ ਗਲੇ 'ਚ ਜੁੱਤੀਆਂ ਦਾ ਹਾਰ ਵੀ ਪੁਆਇਆ ਅਤੇ ਉਸ ਦੀ ਕੁੱਟਮਾਰ ਕੀਤੀ। ਕੁੱਟਮਾਰ ਦੀ ਇਹ ਘਟਨਾ ਪੁਲਸ ਸ਼ਿਕਾਇਤ ਅਤੇ ਗ੍ਰਿਫਤਾਰ ਤੋਂ ਪਹਿਲਾਂ ਦੀ ਦੱਸੀ ਜਾ ਰਹੀ ਹੈ।
ਹਾਲਾਂਕਿ ਮਾਰਕੁੱਟ ਦੀ ਇਸ ਘਟਨਾ ਦੇ ਬਾਅਦ ਦੋਸ਼ੀ ਮੌਕੇ ਤੇ ਫਰਾਰ ਹੋ ਗਿਆ, ਪਰ ਉਸ ਦੇ ਬਾਵਜੂਦ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਤਾਂ ਹਾਰ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਪੁਲਸ ਨੇ ਉਸ ਦਿਨ ਦੋਸ਼ੀ ਦੇ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਦੂਜੇ ਪਾਸੇ ਪੁਲਸ ਦੇ ਮੁਤਾਬਕ ਬਜ਼ੁਰਗ ਦੇ ਪਰਿਵਾਰ ਵਲੋਂ ਪੁਲਸ ਦੇ ਕੋਲ ਕੋਈ ਸ਼ਿਕਾਇਤ ਨਹੀਂ ਪਹੁੰਚੀ, ਉੱਥੇ ਉਸ ਦੇ ਨਾਲ ਮਾਰਕੁੱਟ ਦੀ ਘਟਨਾ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ।
ਇਸ ਬਾਰੇ 'ਚ ਐੱਸ.ਐੱਸ.ਪੀ. ਡਾ. ਸੰਦੀਪ ਗਰਗ ਦਾ ਕਹਿਣਾ ਹੈ ਕਿ ਮਾਰਕੁੱਟ ਦੀ ਘਟਨਾ ਦਾ ਵੀਡੀਓ ਵਾਇਰਲ ਹੋਣ ਦੇ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈ ਸਕਦਾ। ਬਜ਼ੁਰਗ ਨੂੰ ਗੈਰ-ਤਰੀਕੇ ਨਾਲ ਕੁੱਟਣ ਵਾਲਿਆਂ ਖਿਲਾਫ ਧਾਰਾ 342, 506, 323, 294 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਵੀਡੀਓ ਨੂੰ ਦੇਖ ਕੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਜਲਦ ਹੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।