23 ਸਾਲਾ ਨੌਜਵਾਨ ਕੁੜੀ ਦਾ 65 ਸਾਲਾ ਬਜ਼ੁਰਗ ਬਾਬੇ ਨਾਲ ਵਿਆਹ
Thursday, Jan 31, 2019 - 04:05 PM (IST)

ਸੰਗਰੂਰ/ਲੌਂਗੋਵਾਲ(ਬੇਦੀ, ਵਸ਼ਿਸ਼ਟ)— ਨੌਜਵਾਨ ਕੁੜੀਆਂ ਵੱਲੋਂ ਵਢੇਰੀ ਉਮਰ ਦੇ ਐੱਨ. ਆਰ. ਆਈਜ਼ ਨਾਲ ਵਿਆਹ ਕਰਵਾਉਣ ਦੇ ਮਾਮਲੇ ਤਾਂ ਤੁਸੀਂ ਕਈ ਵਾਰ ਸੁਣੇ ਹੀ ਹੋਣਗੇ ਪਰ ਕੀ ਤੁਸੀਂ ਕਦੇ ਨੌਜਵਾਨ ਕੁੜੀ ਵੱਲੋਂ ਕਿਸੇ ਬਜ਼ੁਰਗ ਨਾਲ ਵਿਆਹ ਕਰਵਾਉਣ ਬਾਰੇ ਸੁਣਿਆ ਹੈ, ਜੇਕਰ ਨਹੀਂ ਤਾਂ ਅਜਿਹਾ ਹੀ ਇਕ ਮਾਮਲਾ ਸੰਗਰੂਰ ਵਿਚ ਸਾਹਮਣੇ ਆਇਆ ਹੈ, ਜਿੱਥੇ 23 ਸਾਲਾ ਕੁੜੀ ਵੱਲੋਂ 65 ਸਾਲਾ ਬਜ਼ੁਰਗ ਨਾਲ ਵਿਆਹ ਕਰਵਾਇਆ ਗਿਆ। ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਤਸਵੀਰਾਂ ਵਿਚ ਪਿੰਡ ਬਾਲੀਆਂ ਤਹਿਸੀਲ ਧੂਰੀ ਜ਼ਿਲਾ ਸੰਗਰੂਰ ਦਾ ਵਸਨੀਕ 65 ਸਾਲਾ ਬਜ਼ੁਰਗ ਲੌਂਗੋਵਾਲ ਦੀ 23 ਸਾਲਾ ਕੁੜੀ ਨਾਲ ਇਕ ਧਾਰਮਿਕ ਸਥਾਨ ਵਿਚ ਵਿਆਹ ਦੀਆਂ ਰਸਮਾਂ ਪੂਰੀਆਂ ਕਰਦਾ ਨਜ਼ਰ ਆ ਰਿਹਾ ਹੈ। ਇੱਥੇ ਹੀ ਬੱਸ ਨਹੀਂ ਵਿਆਹ ਦੀ ਰਜਿਸਟ੍ਰੇਸ਼ਨ ਲਈ ਦਿੱਤੀ ਅਰਜ਼ੀ ਅਤੇ ਵਿਆਹ ਦਾ ਸਰਟੀਫਿਕੇਟ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕੁੜੀ ਦੀ ਜਨਮ ਮਿਤੀ 5 ਅਗਸਤ 1995 ਦੱਸੀ ਗਈ ਹੈ ਅਤੇ ਉਸ ਬਜ਼ੁਰਗ ਦੀ ਜਨਮ ਮਿਤੀ 8 ਸਤੰਬਰ 1952 ਦੱਸੀ ਗਈ ਹੈ। ਦੋਵਾਂ ਪਰਿਵਾਰਾਂ ਦੇ ਬਕਾਇਦਾ ਐਡਰੈੱਸ ਵੀ ਇਸ ਐਪਲੀਕੇਸ਼ਨ ਫਾਰਮ ਉੱਤੇ ਦਰਜ ਹਨ। ਦੱਸਿਆ ਜਾ ਰਿਹਾ ਹੈ ਕਿ ਇਕ ਆਡੀਓ ਵੀ ਵਾਇਰਲ ਹੋਈ ਹੈ, ਜਿਸ ਵਿਚ ਕਿਸੇ ਵਿਅਕਤੀ ਵੱਲੋਂ ਕੁੜੀ ਦੇ ਪਿਤਾ ਨਾਲ ਫੋਨ 'ਤੇ ਕੀਤੀ ਗੱਲਬਾਤ ਰਾਹੀਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਇਹ ਸਭ ਕੁਝ ਆਪਸੀ ਸਹਿਮਤੀ ਨਾਲ ਹੋਇਆ ਹੈ।