ਪਾਬੰਦੀ ਦੇ ਬਾਵਜੂਦ ਐਤਕੀਂ ਝੋਨੇ ਦੀ ਲਵਾਈ 1 ਜੂਨ ਤੋਂ ਕੀਤੀ ਜਾਵੇਗੀ : ਕਿਸਾਨ ਯੂਨੀਅਨ
Saturday, Mar 16, 2019 - 04:16 AM (IST)
ਸੰਗਰੂਰ (ਮਾਰਕੰਡਾ)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲਾ ਪ੍ਰਧਾਨ ਰੂਪ ਸਿੰਘ ਢਿੱਲਵਾਂ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਵਰਕਰਾਂ ਦੀ ਭਰਵੀਂ ਮੀਟਿੰਗ ਪਿੰਡ ਢਿੱਲਵਾਂ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਹੌਈ। ਮੀਟਿੰਗ ’ਚ ਕਿਸਾਨਾਂ ਨੂੰ ਦਰਪੇਸ਼ ਮੁੱਦਿਆਂ ਉਪਰ ਭਖ਼ਵੀਆਂ ਵਿਚਾਰਾਂ ਕੀਤੀਆਂ ਗਈਆਂ। ਕਿਸਾਨਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਐਤਕੀਂ ਹਰ ਹਾਲਤ ’ਚ ਸਰਕਾਰ ਦੀ ਪਾਬੰਦੀ ਦੇ ਬਾਵਜੂਦ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਕੀਤੀ ਜਾਵੇਗੀ। ਯੂਨੀਅਨ ਦੇ ਪ੍ਰਧਾਨ ਰੂਪ ਸਿੰਘ ਢਿੱਲਵਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ’ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ। ਉਨ੍ਹਾਂ ਬਿਜਲੀ ਮਹਿਕਮੇ ਤੋਂ ਮੰਗ ਕੀਤੀ ਕਿ ਝੋਨੇ ਦੀ ਲਵਾਈ ਦੇ ਦਿਨਾਂ ’ਚ 10 ਘੰਟੇ ਬਿਜਲੀ ਨਿਰਵਿਘਨ ਦਿਨ ਸਮੇਂ ਸਪਲਾਈ ਜਾਰੀ ਕੀਤੇ ਜਾਣ ਦੀ ਮੰਗ ਕੀਤੀ।î ਕਿਸਾਨ ਆਗੂ ਨੇ ਕੈਪਟਨ ਸਰਕਾਰ ਨੂੰ ਆਪਣੇ ਚੋਣ ਵਾਅਦੇ ਚੇਤੇ ਕਰਵਾਉਂਦਿਆਂ ਕਿਹਾ ਕਿ ਕਿਸਾਨਾਂ ਸਿਰ ਚਡ਼੍ਹੇ ਸਾਰੇ ਕਰਜ਼ੇ ਮੁਆਫ ਕੀਤੇ ਜਾਣ। ਆਵਾਰਾ ਪਸ਼ੂਆਂ ਅਤੇ ਕੁੱਤਿਆਂ ਤੋਂ ਸੁਰੱਖਿਆ ਦਾ ਸਥਾਈ ਪ੍ਰਬੰਧ ਕੀਤਾ ਜਾਵੇ। ਸਕੂਲਾਂ ਅਤੇ ਹਸਪਤਾਲਾਂ ਦਾ ਨਿੱਜੀਕਰਨ ਰੋਕਿਆ ਜਾਵੇ। ਫ਼ਸਲਾਂ ਦੇ ਭਾਅ ਕੀਮਤ ਸੂਚਕ ਡੰਕ ਨਾਲ ਜੋਡ਼ੇ ਜਾਣ ਅਤੇ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ। ਇਸ ਮੀਟਿੰਗ ’ਚ ਬਲਾਕ ਪ੍ਰਧਾਨ ਬਲੌਰ ਸਿੰਘ ਢਿੱਲਵਾਂ, ਇਕਾਈ ਪ੍ਰਧਾਨ ਨਛੱਤਰ ਸਿੰਘ, ਮੀਤ ਪ੍ਰਧਾਨ ਬੂਟਾ ਸਿੰਘ, ਖ਼ਜ਼ਾਨਚੀ ਨੈਬ ਸਿੰਘ, ਮਿੱਠੂ ਸਿੰਘ ਤਾਜੋਕੇ, ਰੂਪ ਸਿੰਘ, ਕਰਤਾਰ ਸਿੰਘ, ਜੀਤ ਸਿੰਘ, ਨਿਰਭੈ ਸਿੰਘ, ਬਿੱਲੂ ਸਿੰਘ, ਗੁਰਦੇਵ ਸਿੰਘ ਤਾਜੋ ਅਤੇ ਗੁਰਜੰਟ ਸਿੰਘ ਤਾਜੋ ਆਦਿ ਹਾਜ਼ਰ ਸਨ।
