ਆਰਥਕ ਤੰਗੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਲਿਆ ਫਾਹ

Saturday, Mar 16, 2019 - 04:14 AM (IST)

ਆਰਥਕ ਤੰਗੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਲਿਆ ਫਾਹ
ਸੰਗਰੂਰ (ਸ਼ਾਮ)-ਪਿੰਡ ਘੁੰਨਸ ਵਿਖੇ ਆਰਥਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਇਕ ਨੌਜਵਾਨ ਵੱਲੋਂ ਖੇਤ ’ਚ ਬਣੇ ਕਮਰੇ ਦੀ ਛੱਤ ਨਾਲ ਲਟਕ ਕੇ ਆਪਣੀ ਜੀਵਨਲੀਲਾ ਸਮਾਪਤ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਮੇਰਾ ਪਤੀ ਹਰਭਜਨ ਸਿੰਘ (26) ਪੁੱਤਰ ਸਵ. ਧੀਰ ਸਿੰਘ ਜੱਟ ਟਰਾਈਡੈਂਟ ਫੈਕਟਰੀ ’ਚ ਰਾਤ ਦੀ ਡਿਊਟੀ ਕਰ ਕੇ ਡੇਢ ਸਾਲ ਦੀ ਬੱਚੀ ਲਈ ਦਵਾਈ ਲੈਣ ਗਿਆ ਹੋਇਆ ਸੀ ਤਾਂ ਕਿਸੇ ਖੇਤ ਦੇ ਗੁਆਂਢੀ ਦਾ ਫੋਨ ਆਇਆ ਕਿ ਹਰਭਜਨ ਸਿੰਘ ਦੀ ਖੇਤ ਵਾਲੇ ਕਮਰੇ ’ਚ ਲਾਸ਼ ਲਟਕ ਰਹੀ ਹੈ। ਵੱਡੀ ਗਿਣਤੀ ’ਚ ਪਿੰਡ ਨਿਵਾਸੀਆਂ ਨੂੰ ਜਦ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਖੇਤ ਵੱਲ ਨੂੰ ਚੱਲ ਪਏ ਤਾਂ ਦੇਖਿਆ ਕਿ ਹਰਭਜਨ ਸਿੰਘ ਨੇ ਖੇਤ ਕਮਰੇ ’ਚ ਲੋਹੇ ਦੇ ਗਾਰਡਰ ਨਾਲ ਰੱਸੀ ਬੰਨ੍ਹ ਕੇ ਹੇਠਾਂ ਤੋਡ਼ਾ ਰੱਖ ਕੇ ਇਹ ਫਾਹ ਲਿਆ। ਹਾਜ਼ਰ ਲੋਕਾਂ ਨੇ ਦੱਸਿਆ ਕਿ ਇਸ ਕੋਲ ਸਿਰਫ 2 ਏਕਡ਼ ਜ਼ਮੀਨ ਹੀ ਹੈ, ਉਹ ਵੀ ਗਹਿਣੇ ਰੱਖੀ ਹੋਈ ਹੈ, ਜਿਸ ਕਾਰਨ ਇਹ ਨੌਜਵਾਨ ਆਰਥਕ ਤੌਰ ’ਤੇ ਪ੍ਰੇਸ਼ਾਨ ਸੀ। ਪਿੰਡ ਨਿਵਾਸੀਆਂ ਨੇ ਤੁਰੰਤ ਇਸ ਘਟਨਾ ਦੀ ਤਪਾ ਪੁਲਸ ਨੂੰ ਜਾਣਕਾਰੀ ਦਿੱਤੀ ਤਾਂ ਇੰਸਪੈਕਟਰ ਜਾਨਪਾਲ ਸਿੰਘ ਐੱਸ. ਐੱਚ. ਓ., ਸਬ-ਇੰਸਪੈਕਟਰ ਅੰਗਰੇਜ਼ ਸਿੰਘ ਦੀ ਅਗਵਾਈ ’ਚ ਪੁੱਜੀ ਪੁਲਸ ਨੇ ਗਾਰਡਰ ਨਾਲ ਲਟਕ ਰਹੇ ਨੌਜਵਾਨ ਨੂੰ ਹੇਠਾਂ ਉਤਾਰ ਕੇ ਤੋਡ਼ਾ ਅਤੇ ਰੱਸੀ ਕਬਜ਼ੇ ’ਚ ਲੈ ਕੇ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਬਰਨਾਲਾ ਭੇਜ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਡੇਢ ਸਾਲ ਦੀ ਬੱਚੀ, ਪਤਨੀ ਅਤੇ ਬੀਮਾਰ ਮਾਤਾ ਗੁਰਦੀਪ ਕੌਰ ਨੂੰ ਛੱਡ ਗਿਆ ਹੈ। ਮ੍ਰਿਤਕ ਦਾ ਪਿਤਾ ਅਤੇ ਇਕ ਭਰਾ ਇਸ ਦੁਨੀਆ ’ਚ ਨਹੀਂ ਹਨ।

Related News