ਅਧਿਆਪਕ ਸੰਘਰਸ਼ ਕਮੇਟੀ ਨੇ ਡੀ. ਓ. ਵੱਲੋਂ ਜਾਰੀ ਪੱਤਰ ਦੀਆਂ ਕਾਪੀਆਂ ਸਾੜੀਆਂ
Saturday, Feb 16, 2019 - 03:38 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-10 ਫਰਵਰੀ ਨੂੰ ਦਸ-ਦਸ ਸਾਲਾਂ ਤੋਂ ਨਿਗੁਣੀਆਂ ਤਨਖਾਹਾਂ ਲੈਂਦੇ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਰੋਸ ਮਾਰਚ ਕਰ ਰਹੇ ਅਧਿਆਪਕਾਂ ’ਤੇ ਅੰਨ੍ਹੇਵਾਹ ਲਾਠੀਚਾਰਜ ਕਰਨ ਖਿਲਾਫ਼ ਅਤੇ ਲਗਾਤਾਰ ਮੁੱਖ ਮੰਤਰੀ ਪੰਜਾਬ ਵੱਲੋਂ ਗੱਲਬਾਤ ਤੋਂ ਭਗੌਡ਼ਾ ਹੋਣ ’ਤੇ ਪੰਜਾਬ ਦੇ ਸਮੁੱਚੇ ਅਧਿਆਪਕਾਂ ਵੱਲੋਂ ਸਰਕਾਰੀ ਸਕੂਲਾਂ ਵਿਚ ਚੱਲ ਰਹੇ ‘ਪਡ਼੍ਹੋ ਪੰਜਾਬ’ ਪ੍ਰਾਜੈਕਟ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਪਰ ਇਸ ਸਬੰਧੀ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਸਕੂਲ ਮੁੱਖੀਆਂ ਨੂੰ ਕੱਢੇ ਪੱਤਰ ਤੋਂ ਭਡ਼ਕੇ ਅਧਿਆਪਕਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਇਕੱਠੇ ਹੋ ਕੇ ਪੱਤਰ ਦੀਆਂ ਕਾਪੀਆਂ ਸਾੜੀਆਂ ਤੇ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਧਿਆਪਕ ਸੰਘਰਸ਼ ਕਮੇਟੀ ਦੇ ਜ਼ਿਲਾ ਆਗੂ ਰਾਜੀਵ ਕੁਮਾਰ, ਜਸਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਪਰਮਿੰਦਰ ਰੁਪਾਲ ਤੇ ਨਰਿੰਦਰ ਸ਼ਹਿਣਾ ਨੇ ਕਿਹਾ ਕਿ ਅਧਿਆਪਕ ਸਕੂਲਾਂ ’ਚ ਸਲੇਬਸ ਅਨੁਸਾਰ ਮਿਹਨਤ ਨਾਲ ਪਡ਼੍ਹਾ ਰਹੇ ਹਨ ਤੇ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਸਕੂਲ ਮੁਖੀਆਂ ਨੂੰ ‘ਪਡ਼੍ਹੋ ਪੰਜਾਬ’ ਅਨੁਸਾਰ ਨਾ ਪਡ਼੍ਹਾਉਣ ’ਤੇ ਧਮਕੀ ਭਰੇ ਪੱਤਰ ਜਾਰੀ ਕਰਨ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦੇ ਹਨ, ਉਨ੍ਹਾਂ ਕਿਹਾ ਕਿ ਸਕੂਲ ਮੁਖੀ ਹੁਣ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਅਤੇ ਜੇਕਰ ਜ਼ਿਲਾ ਸਿੱਖਿਆ ਅਫ਼ਸਰ ਵੱਲੋਂ ਕਿਸੇ ਅਧਿਆਪਕ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ ਤਾਂ ਉਸ ਦਫ਼ਤਰ ਅੱਗੇ ਧਰਨਾ ਦੇ ਕੇ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਹਾਜ਼ਰ ਜਸਵੀਰ ਬੀਹਲਾ, ਗੁਰਪ੍ਰੀਤ ਭੋਤਨਾ, ਗੁਰਜੀਤ ਉਗੋਕੇ, ਲਛਮਣ ਸਹੋਤਾ, ਸਰਬਜੀਤ ਕੁਮਾਰ ਤੇ ਮਨਮੋਹਨ ਭੱਠਲ ਨੇ ਕਿਹਾ ਕਿ ਜਿਥੇ ਪੰਜਾਬ ਸਰਕਾਰ ਦੀਆਂ ਅਧਿਆਪਕ ਮਾਰੂ ਨੀਤੀਆਂ ਖਿਲਾਫ਼ ਪੰਜਾਬ ਦਾ ਸਮੁੱਚਾ ਅਧਿਆਪਕ ਵਰਗ ਇਕ ਝੰਡੇ ਥੱਲੇ ਹੋ ਕੇ ਸੰਘਰਸ਼ ਕਰ ਰਿਹਾ ਹੈ, ਉਥੇ ਹੁਣ ਅਧਿਆਪਕਾਂ ਨੇ ਇਸ ਸੰਘਰਸ਼ ’ਚ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਗਰੂਕ ਕਰ ਕੇ ਵੀ ਨਾਲ ਜੋਡ਼ਨ ਦਾ ਫੈਸਲਾ ਕੀਤਾ ਹੈ ਕਿਉਂਕਿ ਜਿਥੇ ਪੰਜਾਬ ਸਰਕਾਰ ਅਧਿਆਪਕਾਂ ਦੀਆਂ ਤਨਖਾਹਾਂ ਘਟਾ ਰਹੀ ਹੈ, ਉਥੇ ਸਕੂਲਾਂ ਨੂੰ ਆਉਣ ਵਾਲੀਆਂ ਗ੍ਰਾਂਟਾਂ ਵੀ ਅਜੇ ਤੱਕ ਜਾਰੀ ਨਹੀਂ ਹੋਈਆਂ ਤੇ ਸਾਰਾ ਸਾਲ ਲੰਘਣ ਦੇ ਬਾਵਜੂਦ ਬੱਚਿਆਂ ਨੂੰ ਵਰਦੀਆਂ ਤੱਕ ਨਸੀਬ ਨਹੀਂ ਹੋਈਆਂ, ਇਥੋਂ ਤੱਕ ਕਿ ਕਿਤਾਬਾਂ ਵੀ ਸੈਸ਼ਨ ਦੇ ਅੰਤ ਤੱਕ ਬੱਚਿਆਂ ਨੂੰ ਪੂਰੀਆਂ ਨਹੀਂ ਹੋਈਆਂ, ਜਿਸ ਤੋਂ ਸਰਕਾਰ ਦੀ ਸਰਕਾਰੀ ਸਕੂਲਾਂ ਨੂੰ ਖਤਮ ਕਰ ਕੇ ਪ੍ਰਾਈਵੇਟ ਕਰਨ ਦੀ ਨੀਤੀ ਸਾਫ਼ ਸਪੱਸ਼ਟ ਹੁੰਦੀ ਹੈ।ਇਸ ਸਬੰਧੀ ਅਧਿਆਪਕਾਂ ਇਹ ਤੈਅ ਕੀਤਾ ਕਿ ਉਹ ਸਰਕਾਰ ਦੀ ਇਸ ਲੋਕ ਮਾਰੂ ਨੀਤੀ ਖਿਲਾਫ਼ ਚੱਲ ਰਹੇ ਮਹਾ ਸੰਗਰਾਮ ’ਚ ਮਾਪਿਆਂ ਤੇ ਆਮ ਲੋਕਾਂ ਨੂੰ ਵੀ ਜਾਗਰੂਕ ਕਰ ਕੇ ਨਾਲ ਜੋਡ਼ਨਗੇ, ਜਿਸ ਵਾਸਤੇ ਮਾਪਿਆਂ ਨਾਲ ਨੁੱਕਡ਼ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੌਕੇ ਉਪਰੋਕਤ ਤੋਂ ਇਲਾਵਾ ਖੁਸ਼ਪਿੰਦਰ, ਸੁਖਬੀਰ ਸਿੰਘ, ਪਰਮਜੀਤ ਸਿੰਘ, ਸੋਨਦੀਪ ਟੱਲੇਵਾਲ, ਹਰਿੰਦਰ ਮੱਲ੍ਹੀਆਂ, ਸੁਖਵੀਰ ਛਾਪਾ, ਭਰਤ ਕੁਮਾਰ, ਅਮਰਜੀਤ ਕੌਰ ਆਦਿ ਹਾਜ਼ਰ ਸਨ।