ਉਦਯੋਗਿਕ ਇਕਾਈ ’ਤੇ ਧਰਤੀ ਹੇਠਲੇ ਪਾਣੀ ਨੂੰ ਗੰਧਲਾ ਕਰਨ ਦਾ ਲਾਇਆ ਦੋਸ਼
Tuesday, Feb 05, 2019 - 04:53 AM (IST)

ਸੰਗਰੂਰ (ਸੰਜੀਵ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਬਲਾਕ ਪ੍ਰਧਾਨ ਸ਼ਿਆਮ ਦਾਸ ਕਾਂਝਲੀ ਦੀ ਅਗਵਾਈ ਹੇਠ ਅੱਜ ਐੱਸ. ਡੀ. ਐੱਮ. ਦਫਤਰ ਅੱਗੇ ਧਰਨਾ ਲਾਇਆ ਗਿਆ। ਧਰਨੇ ਦੌਰਾਨ ਕਿਸਾਨ ਆਗੂਆਂ ਨੇ ਧੂਰੀ-ਲੁਧਿਆਣਾ ਮੁੱਖ ਮਾਰਗ ’ਤੇ ਪਿੰਡ ਭਸੌਡ਼ ਵਿਖੇ ਸਥਿਤ ਇਕ ਵੱਡੀ ਉਦਯੋਗਿਕ ਇਕਾਈ ’ਤੇ ਲੰਮੇ ਸਮੇਂ ਤੋਂ ਕੈਮੀਕਲਾਂ ਵਾਲਾ ਜ਼ਹਿਰੀਲਾ ਪਾਣੀ ਧਰਤੀ ਹੇਠਲੇ ਪਾਣੀ ’ਚ ਮਿਲਾਉਣ ਦਾ ਦੋਸ਼ ਲਾਇਆ। ਇਨ੍ਹਾਂ ਆਗੂਆਂ ਨੇ ਕਿਹਾ ਕਿ ਇਸ ਕਾਰਨ ਫੈਕਟਰੀ ਦੇ ਨੇਡ਼ਲੇ ਪਿੰਡਾਂ ’ਚ ਵਸਦੇ ਲੋਕ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਸਬੰਧੀ ਅਨੇਕਾ ਵਾਰ ਐੱਸ. ਡੀ. ਐੱਮ. ਧੂਰੀ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਫੈਕਟਰੀ ਮਾਲਕਾਂ ਦੀ ਉੱਚੀ ਪਹੁੰਚ ਕਾਰਨ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਇਸ ਫੈਕਟਰੀ ਦੇ ਆਲੇ-ਦੁਆਲੇ ਦੇ ਖੇਤਾਂ ’ਚ ਜਦ ਮੋਟਰਾਂ ਚੱਲਦੀਆਂ ਹਨ ਤਾਂ ਸਾਰੇ ਖਾਲ ਝੱਗ ਨਾਲ ਭਰ ਜਾਂਦੇ ਹਨ ਅਤੇ ਪਾਣੀ ’ਚ ਬਦਬੂ ਮਾਰ ਰਹੀ ਹੁੰਦੀ ਹੈ, ਜੋ ਕਿ ਫਸਲਾਂ ਨੂੰ ਲਾਉਣ ਯੋਗ ਨਹੀਂ ਹੁੰਦਾ ਹੈ। ਉਨ੍ਹਾਂ ਇਸ ਤੋਂ ਇਲਾਵਾ ਫੈਕਟਰੀ ’ਚ ਢੋਆ-ਢੁਆਈ ਲਈ ਆਉਣ ਵਾਲੇ ਟਰੱਕਾਂ ਅਤੇ ਟਰਾਲਿਆਂ ਦੇ ਸਡ਼ਕ ਦੇ ਉੱਪਰ ਕਈ-ਕਈ ਦਿਨ ਤੱਕ ਖਡ਼੍ਹੇ ਰਹਿਣ ਕਾਰਨ ਹੋਣ ਵਾਲੇ ਸਡ਼ਕ ਹਾਦਸਿਆਂ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ਵੇਲੇ ਸਰਕਾਰਾਂ ਨੂੰ ਵੱਡੇ-ਵੱਡੇ ਫੰਡ ਦੇਣ ਕਾਰਨ ਅਜਿਹੀਆਂ ਫੈਕਟਰੀਆਂ ’ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਜਥੇਬੰਦੀ ਦੇ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਸਲੇ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਵਿੱਤ ਸਕੱਤਰ ਕਿਰਪਾਲ ਸਿੰਘ, ਧੂਰੀ ਬਲਾਕ ਦੇ ਮੀਤ ਪ੍ਰਧਾਨ ਧੰਨਾ ਸਿੰਘ ਚੰਗਾਲ, ਜਨਰਲ ਸਕੱਤਰ ਹਰਬੰਸ ਸਿੰਘ ਲੱਡਾ, ਦਰਸ਼ਨ ਸਿੰਘ ਕਿਲਾ ਹਕੀਮਾਂ, ਰਾਮ ਸਿੰਘ ਕੱਕਡ਼ਵਾਲ ਅਤੇ ਬਲਾਕ ਪ੍ਰੈੱਸ ਸਕੱਤਰ ਮਨਜੀਤ ਸਿੰਘ ਜਹਾਗੀਰ ਆਦਿ ਵੀ ਮੌਜੂਦ ਸਨ।