ਕਾਂਗਰਸ ਪਾਰਟੀ ’ਚ ਪੈਦਾ ਹੋਈ ਫੁੱਟ ਤੇ ਧਡ਼ੇਬੰਦੀ ਨੂੰ ਜਲਦ ਹੀ ਖਤਮ ਕੀਤਾ ਜਾਵੇਗਾ : ਨਿੰਮਾ
Tuesday, Jan 29, 2019 - 10:10 AM (IST)
ਸੰਗਰੂਰ (ਸ਼ਾਮ)-ਹਲਕਾ ਭਦੌਡ਼ ਅੰਦਰ ਕਾਂਗਰਸ ਪਾਰਟੀ ਦੀ ਖਰਾਬ ਹੋਈ ਛਵੀ ਨੂੰ ਸੁਧਾਰਨ ਲਈ ਵਰਕਰਾਂ ਨੂੰ ਨਾਲ ਜੋਡ਼ ਕੇ ਮਿਹਨਤ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਭਦੌਡ਼ ਦੇ ਨਵੇਂ ਬਣੇ ਮੁੱਖ ਸੇਵਾਦਾਰ ਨਿਰਮਲ ਸਿੰਘ ਨਿੰਮਾ ਸਾਬਕਾ ਵਿਧਾਇਕ ਨੇ ਇੱਥੇ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਪਹਿਲਾਂ ਲਾਏ ਹਲਕਾ ਇੰਚਾਰਜ ਦੀਆਂ ਗਲਤ ਨੀਤੀਆਂ ਕਾਰਨ ਪਾਰਟੀ ਨੂੰ ਹਲਕੇ ਅੰਦਰ ਬਹੁਤ ਨੁਕਸਾਨ ਹੋਇਆ ਹੈ, ਜਿਸ ਕਾਰਨ ਭਦੌਡ਼ ਅੰਦਰ ਇਕ ਨੰਬਰ ’ਤੇ ਰਹਿਣ ਵਾਲੀ ਪਾਰਟੀ ਨੰਬਰ ਤਿੰਨ ’ਤੇ ਚਲੀ ਗਈ। ਵਰਕਰਾਂ ਨਾਲ ਹਲਕਾ ਇੰਚਾਰਜ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਪਾਰਟੀ ਹਾਈਕਮਾਂਡ ਦੇ ਧਿਆਨ ’ਚ ਲਿਆਂਦੀਆਂ ਜਾਣਗੀਆਂ ਤਾਂ ਜੋ ਵਰਕਰਾਂ ਨੂੰ ਬਣਦਾ ਮਾਣ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹਲਕੇ ਦੇ ਵਰਕਰਾਂ ਅੰਦਰ ਪੈਦਾ ਹੋਈ ਫੁੱਟ ਅਤੇ ਧਡ਼ੇਬੰਦੀ ਨੂੰ ਜਲਦ ਹੀ ਖਤਮ ਕੀਤਾ ਜਾਵੇਗਾ ਤਾਂ ਜੋ ਸਾਰੇ ਵਰਕਰਾਂ ਦੇ ਸਹਿਯੋਗ ਨਾਲ ਪਾਰਟੀ ਨੂੰ ਮੁਡ਼ ਲੀਹ ’ਤੇ ਲਿਆਂਦਾ ਜਾ ਸਕੇ। ਪਾਰਟੀ ਲਈ ਮਿਹਨਤ ਕਰਨ ਵਾਲੇ ਵਰਕਰਾਂ ਦਾ ਵਿਸ਼ੇਸ਼ ਤੌਰ ’ਤੇ ਮਾਣ-ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਲਕੇ ਅੰਦਰ ਪੈਦਾ ਹੋਈਆਂ ਮੁਸ਼ਕਲਾਂ ਨੂੰ ਪਾਰਟੀ ਹਾਈਕਮਾਂਡ ਦੇ ਧਿਆਨ ਵਿਚ ਲਿਆ ਕੇ ਹਲਕੇ ਦੇ ਉਚੇਚੇ ਵਿਕਾਸ ਲਈ ਸਮੂਹ ਪੰਚਾਇਤਾਂ ਨੂੰ ਨਾਲ ਲੈ ਕੇ ਹਲਕੇ ਦੇ ਵਿਕਾਸ ਦੇ ਕੰਮ ਕੀਤੇ ਜਾਣਗੇ। ਇਸ ਮੌਕੇ ਨਗਰ ਕੌਂਸਲ ਤਪਾ ਦੇ ਪ੍ਰਧਾਨ ਅਸ਼ਵਨੀ ਭੂਤ, ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਮਾਸਟਰ ਮੋਹਣ ਲਾਲ ਸ਼ਰਮਾ, ਕਾਂਗਰਸ ਦੇ ਸਿਟੀ ਪ੍ਰਧਾਨ ਰਾਹੁਲ ਭਾਗਾਂ ਵਾਲਾ, ਸਾਬਕਾ ਸਿਟੀ ਪ੍ਰਧਾਨ ਧਰਮ ਪਾਲ ਸ਼ਰਮਾ, ਡਾ. ਲਾਭ ਸਿੰਘ ਚਹਿਲ ਆਦਿ ਪਾਰਟੀ ਵਰਕਰ ਹਾਜ਼ਰ ਸਨ।
