ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ

04/22/2019 10:04:19 AM

ਸੰਗਰੂਰ(ਬੇਦੀ,ਜਨੂਹਾ, ਯਾਦਵਿੰਦਰ, ਹਰਜਿੰਦਰ) : ਜ਼ਿਲਾ ਚੋਣ ਅਫ਼ਸਰ ਸ਼੍ਰੀ ਘਨਸ਼ਿਆਮ ਥੋਰੀ ਨੇ ਚੋਣ ਕਮਿਸ਼ਨ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਦੱਸਿਆ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਦੀਆਂ 19 ਮਈ ਨੂੰ ਪੈਣ ਵਾਲੀਆਂ ਵੋਟਾਂ ਲਈ ਉਮੀਦਵਾਰਾਂ ਦੁਆਰਾ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ 22 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ ਜੋ ਕਿ 29 ਅਪ੍ਰੈਲ ਤਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਸਥਿਤ ਡੀ.ਸੀ ਕੋਰਟ ਰੂਮ ਵਿਚ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪ੍ਰਾਪਤ ਕੀਤੇ ਜਾਣਗੇ ਜਿਸ ਲਈ ਲੋੜੀਂਦੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਉਮੀਦਵਾਰ ਸਮੇਤ ਕੇਵਲ 5 ਜਣੇ ਹੀ ਰਿਟਰਨਿੰਗ ਅਫ਼ਸਰ ਦੇ ਕਮਰੇ ਵਿਚ ਦਾਖਲ ਹੋਣ ਦੀ ਪ੍ਰਵਾਨਗੀ ਹੋਵੇਗੀ ਅਤੇ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਦੇ ਸੌ ਮੀਟਰ ਦੇ ਦਾਇਰੇ ਵਿਚ 3 ਤੋਂ ਵੱਧ ਵਾਹਨ ਲਿਆਉਣ ਦੀ ਆਗਿਆ ਨਹੀਂ ਹੋਵੇਗੀ। ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਜੇ ਕਾਗਜ਼ ਭਰਨ ਵਾਲੇ ਕਿਸੇ ਉਮੀਦਵਾਰ ਦੇ ਖਿਲਾਫ਼ ਕਿਸੇ ਮਾਮਲੇ ਵਿਚ ਸਜ਼ਾ ਦਾ ਐਲਾਨ ਹੋਇਆ ਹੈ ਜਾਂ ਕਿਸੇ ਕ੍ਰਿਮੀਨਲ ਕੇਸ ਦੀ ਜਾਂਚ ਬਕਾਇਆ ਹੈ ਤਾਂ ਇਸ ਦਾ ਵੇਰਵਾ ਉਮੀਦਵਾਰ ਦੁਆਰਾ ਐਫੀਡੈਵਿਟ ਵਿਚ ਭਰਨਾ ਲਾਜ਼ਮੀ ਹੈ ਤੇ 3 ਮਈ ਤੋਂ 17 ਮਈ ਦੇ ਅੰਦਰ-ਅੰਦਰ ਇਸ ਸਬੰਧੀ ਜਾਣਕਾਰੀ ਨੂੰ ਤਿੰਨ ਵਾਰ ਅਖ਼ਬਾਰਾਂ ਅਤੇ ਟੀ.ਵੀ ਚੈਨਲ 'ਤੇ ਪ੍ਰਕਾਸ਼ਤ ਤੇ ਪ੍ਰਸਾਰਤ ਕਰਨਾ ਲਾਜ਼ਮੀ ਹੋਵੇਗਾ ਪਰ ਜੇ ਕਿਸੇ ਉਮੀਦਵਾਰ ਖਿਲਾਫ਼ ਕੋਈ ਕ੍ਰਿਮੀਨਲ ਕੇਸ ਨਹੀਂ ਤਾਂ ਉਸ ਨੂੰ ਅਖਬਾਰ ਜਾਂ ਚੈਨਲ ਵਿਚ ਇਸ਼ਤਿਹਾਰ ਦੇਣ ਦੀ ਜ਼ਰੂਰਤ ਨਹੀਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇਸ਼ਤਿਹਾਰਾਂ ਦਾ ਖਰਚਾ ਉਮੀਦਵਾਰ ਲਈ ਨਿਰਧਾਰਤ 70 ਲੱਖ ਰੁਪਏ ਦੀ ਖਰਚਾ ਦਰ ਵਿਚ ਹੀ ਸ਼ਾਮਲ ਹੋਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇ ਕੋਈ ਉਮੀਦਵਾਰ ਆਪਣੇ ਕ੍ਰਿਮੀਨਲ ਕੇਸ ਸਬੰਧੀ ਤੱਥਾਂ ਨੂੰ ਛੁਪਾਉਂਦਾ ਹੈ ਜਾਂ ਵੇਰਵੇ ਦੇਣ ਵਿਚ ਅਸਫ਼ਲ ਰਹਿੰਦਾ ਹੈ ਤਾਂ ਇਸ ਨੂੰ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਮੰਨਿਆ ਜਾਵੇਗਾ।

ਸ਼੍ਰੀ ਥੋਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਲਈ ਜੋ ਨਵੇਂ ਫਾਰਮੈਟ ਵਿਚ ਐਫੀਡੈਵਿਟ ਲਾਗੂ ਕੀਤਾ ਗਿਆ ਹੈ ਉਹੀ ਭਰਨਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਉਮੀਦਵਾਰ ਵੱਲੋਂ ਫਾਰਮ 'ਤੇ ਚਿੱਟੀ ਬੈਕਗਰਾਊਂਡ ਵਾਲੀ ਤਸਵੀਰ ਲਗਾਈ ਜਾਵੇ ਜੋ ਕਿ ਨੋਟੀਫਿਕੇਸ਼ਨ ਤੋਂ ਤਿੰਨ ਮਹੀਨੇ ਤੋਂ ਵੱਧ ਸਮੇਂ ਤੋਂ ਪੁਰਾਣੀ ਨਾ ਹੋਵੇ। ਤਸਵੀਰ ਸਾਧਾਰਨ ਪਹਿਰਾਵੇ ਵਿਚ ਹੋਣੀ ਚਾਹੀਦੀ ਹੈ ਅਤੇ ਕਿਸੇ ਵਰਦੀ (ਯੂਨੀਫਾਰਮ) ਵਾਲੀ ਤਸਵੀਰ ਨਾ ਲਗਾਈ ਜਾਵੇ ਅਤੇ ਨਾ ਹੀ ਟੋਪੀ ਪਾ ਕੇ ਜਾਂ ਕਾਲੀ ਐਨਕ ਵਾਲੀ ਤਸਵੀਰ ਫਾਰਮ 'ਤੇ ਲਾਈ ਜਾਵੇ। ਨਾਮਜ਼ਦਗੀ ਪੱਤਰਾਂ ਨੂੰ ਭਰਨ ਦੀ ਪ੍ਰਕਿਰਿਆ ਮੌਕੇ ਵੀਡੀਓਗ੍ਰਾਫੀ ਕਰਵਾਈ ਜਾਵੇਗੀ ਅਤੇ ਸੀ. ਸੀ. ਟੀ. ਵੀ. ਕੈਮਰੇ ਵੀ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਕ ਉਮੀਦਵਾਰ ਵੱਧ ਤੋਂ ਵੱਧ ਦੋ ਲੋਕ ਸਭਾ ਹਲਕਿਆਂ ਵਿੱਚ ਹੀ ਕਾਗਜ਼ ਦਾਖਲ ਕਰਵਾ ਸਕਦਾ ਹੈ ਅਤੇ ਉਮੀਦਵਾਰ ਪ੍ਰਤੀ ਹਲਕਾ ਵੱਧ ਤੋਂ ਵੱਧ 4 ਫਾਰਮ ਹੀ ਜਮ੍ਹਾਂ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਉਮੀਦਵਾਰ ਨੂੰ ਖਰਚੇ ਦਾ ਰਜਿਸਟਰ ਦਿੱਤਾ ਜਾਵੇਗਾ ਜਿਸ ਵਿੱਚ ਉਸ ਦੁਆਰਾ ਲੋਕ ਸਭਾ ਚੋਣਾਂ ਨਾਲ ਸਬੰਧਤ ਕੀਤੇ ਜਾਣ ਵਾਲੇ ਹਰੇਕ ਖਰਚੇ ਦਾ ਹਿਸਾਬ ਕਿਤਾਬ ਦਰਜ ਕੀਤਾ ਜਾਵੇਗਾ ਅਤੇ ਇਸ ਸਬੰਧੀ ਖਰਚਾ ਅਬਜ਼ਰਵਰਾਂ ਨਾਲ ਤਿੰਨ ਮੀਟਿੰਗਾਂ ਕੀਤੀਆਂ ਜਾਣਗੀਆਂ ਜੋ ਕਿ ਵੱਖ-ਵੱਖ ਸਮਿਆਂ 'ਤੇ ਹੋਣਗੀਆਂ।

ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਹਰੇਕ ਉਮੀਦਵਾਰ ਆਪਣੇ ਚੋਣ ਖਰਚੇ ਨਾਲ ਸਬੰਧਤ ਵੱਖਰਾ ਬੈਂਕ ਖਾਤਾ ਖੁਲਵਾਏਗਾ ਜਿਸ ਵਿਚ ਨਾਮਜ਼ਦਗੀ ਤੋਂ ਲੈ ਕੇ ਨਤੀਜੇ ਦੀ ਘੋਸ਼ਣਾ ਤੱਕ ਕੀਤੇ ਜਾਣ ਵਾਲੇ ਚੋਣ ਖਰਚਿਆਂ ਦਾ ਲੈਣ ਦੇਣ ਕੀਤਾ ਜਾਵੇਗਾ। ਇਹ ਬੈਂਕ ਖਾਤਾ ਉਮੀਦਵਾਰ ਦੇ ਚੋਣ ਏਜੰਟ ਨਾਲ ਸਾਂਝਾ ਵੀ ਹੋ ਸਕਦਾ ਹੈ ਪਰ ਕਿਸੇ ਰਿਸ਼ਤੇਦਾਰ ਜਾਂ ਚੋਣ ਏਜੰਟ ਤੋਂ ਬਿਨਾਂ ਕਿਸੇ ਅਦਾਕਰਤਾ ਨਾਲ ਸਾਂਝਾ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਜੇ ਕਿਸੇ ਉਮੀਦਵਾਰ ਜਾਂ ਸਿਆਸੀ ਪਾਰਟੀ ਦੀ ਤਰਫੋਂ ਨਾਮਜ਼ਦਗੀ ਫਾਰਮਾਂ ਜਾਂ ਚੋਣਾਂ ਨਾਲ ਸਬੰਧਤ ਕਿਸੇ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਉਹ ਕੰਮਕਾਜ ਦੇ ਸਮੇਂ ਦੌਰਾਨ ਤਹਿਸੀਲਦਾਰ ਚੋਣਾਂ ਦੇ ਸੰਪਰਕ ਨੰਬਰ 'ਤੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਵੋਟਰ ਹੈਲਪਲਾਈਨ 1950 'ਤੇ ਵੀ ਚੋਣਾਂ ਨਾਲ ਸਬੰਧਤ ਕੋਈ ਵੀ ਜਾਣਕਾਰੀ ਜਾਂ ਸੁਝਾਅ ਹਾਸਲ ਕੀਤਾ ਜਾ ਸਕਦਾ ਹੈ ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।


cherry

Content Editor

Related News