ਹਾਦਸੇ ''ਚ ਗੁਆਈ ਇਕ ਲੱਤ, ਪੌਣੇ 2 ਸਾਲ ਦੀ ਜਦੋ-ਜਹਿਦ ਮਗਰੋਂ ਹੁਣ ਮਿਲਿਆ ਇਨਸਾਫ

Thursday, Nov 14, 2019 - 11:13 AM (IST)

ਹਾਦਸੇ ''ਚ ਗੁਆਈ ਇਕ ਲੱਤ, ਪੌਣੇ 2 ਸਾਲ ਦੀ ਜਦੋ-ਜਹਿਦ ਮਗਰੋਂ ਹੁਣ ਮਿਲਿਆ ਇਨਸਾਫ

ਸੰਗਰੂਰ (ਵੈੱਬ ਡੈਸਕ) : 30 ਦਸੰਬਰ 2017 ਨੂੰ ਸੜਕ ਹਾਦਸੇ ਵਿਚ ਸੰਗਰੂਰ ਦੇ ਤਰੰਜੀਖੇੜਾ ਪਿੰਡ ਨਿਵਾਸੀ ਜਸਬੀਰ ਸਿੰਘ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸਨ। ਜਸਬੀਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਪਿੰਡ ਤੋਂ ਚੰਡੀਗੜ੍ਹ ਅਪ-ਡਾਊਨ ਕਰਦਾ ਸੀ। ਚੰਡੀਗੜ੍ਹ ਵਿਚ ਨਿੱਜੀ ਫੈਕਟਰੀ ਵਿਚ ਇਲੈਕਟ੍ਰੀਸ਼ੀਅਨ ਦੀ ਨੌਕਰੀ ਕਰਦਾ ਸੀ ਅਤੇ 35 ਹਜ਼ਾਰ ਰੁਪਏ ਤਨਖਾਹ ਲੈਂਦਾ ਸੀ।

30 ਦਸੰਬਰ 2017 ਦੀ ਸਵੇਰ ਨੂੰ ਜਦੋਂ ਉਹ ਡਿਊਟੀ ਖਤਮ ਕਰਕੇ ਚੰਡੀਗੜ੍ਹ ਤੋਂ ਸਰਕਾਰੀ ਬੱਸ ਰਾਹੀਂ ਪਿੰਡ ਪਰਤ ਰਿਹਾ ਸੀ ਤਾਂ ਸਵੇਰੇ 9 ਵਜੇ ਦੇ ਕਰੀਬ ਭਗਵਾਨੀਗੜ੍ਹ ਰੋਡ 'ਤੇ ਪਿੰਡ ਸਜੂਮਾਂ ਨੇੜੇ ਸੁਨਾਮ ਪਾਸਿਓਂ ਆ ਰਹੇ ਟਰੱਕ ਨਾਲ ਬੱਸ ਦੀ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦੋਂਕਿ 11 ਲੋਕ ਜ਼ਮਮੀ ਹੋ ਗਏ ਸਨ। ਉਥੇ ਹੀ ਜਸਬੀਰ ਸਿੰਘ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ। ਉਸ ਨੂੰ ਪਹਿਲਾਂ ਭਵਾਨੀਗੜ੍ਹ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ, ਜਿਸ ਤੋਂ ਬਾਅਦ ਪਟਿਆਲਾ ਲਿਜਾਇਆ ਗਿਆ, ਜਿੱਥੋਂ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਸੀ, ਜਿੱਥੇ ਸਵਾ ਮਹੀਨਾ ਇਲਾਜ ਚੱਲਿਆ। ਇਸ ਦੌਰਾਨ ਉਸ ਦੀ ਇਕ ਲੱਤ ਕੱਟਣੀ ਪਈ ਸੀ। ਇਲਾਜ ਵਿਚ ਉਸ ਦਾ 15 ਤੋਂ 18 ਲੱਖ ਰੁਪਏ ਦਾ ਖਰਚਾ ਆਇਆ ਸੀ। ਇਲਾਜ ਵਿਚ ਆਰਥਿਕ ਮਦਦ ਲਈ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਮਦਦ ਲਈ ਗਈ ਸੀ। ਅਪਾਹਜ ਹੋਣ ਕਾਰਨ ਉਸ ਦੀ ਨੌਕਰੀ ਚਲੀ ਗਈ, ਜਿਸ ਕਾਰਨ ਪਰਿਵਾਰ ਦੇ ਪਾਲਣ-ਪੋਸ਼ਣ ਦਾ ਸੰਕਟ ਖੜ੍ਹਾ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਲੇ ਮੁਆਵਜ਼ੇ ਲਈ ਕੋਰਟ ਦਾ ਦਰਵਾਜਾ ਖੜਕਾਇਆ ਸੀ। ਇਕ ਲੱਤ ਦੇ ਸਹਾਰੇ ਕਰੀਬ ਪੌਣੇ 2 ਸਾਲ ਤੱਕ ਕੋਰਟ ਦੇ ਚੱਕਰ ਕੱਟੇ।

ਮੰਗਲਵਾਰ ਨੂੰ ਮੋਟਰ ਐਕਸੀਡੈਂਟਲ ਕਲੇਮ ਟ੍ਰਿਬਿਊਨਲ ਸੰਗਰੂਰ ਨੇ ਯੂਨਾਈਟਡ ਇੰਡੀਆ ਇੰਸ਼ੋਰੈਂਸ ਕੰਪਨੀ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਬਠਿੰਡਾ ਡਿਪੋ ਨੂੰ ਹੁਕਮ ਦਿੱਤੇ ਹਨ ਕਿ ਹਾਦਸੇ ਵਿਚ ਅਪਾਹਜ ਹੋ ਚੁੱਕੇ ਜਸਬੀਰ ਸਿੰਘ ਨੂੰ 2 ਮਹੀਨੇ ਦੇ ਅੰਦਰ 60 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਏ। ਮੁਆਵਜ਼ਾ ਰਾਸ਼ੀ ਬੀਮਾ ਕੰਪਨੀ ਅਤੇ ਪੀ.ਆਰ.ਟੀ.ਸੀ. ਨੂੰ ਬਰਾਬਰ-ਬਰਾਬਰ ਦੇਣੀ ਹੋਵੇਗੀ। ਦੋ ਮਹੀਨੇ ਵਿਚ ਰਾਸ਼ੀ ਅਦਾ ਨਾ ਕਰਨ 'ਤੇ 9 ਫੀਸਦੀ ਵਿਆਜ ਵੀ ਦੇਣਾ ਹੋਵੇਗਾ।


author

cherry

Content Editor

Related News