ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਪਰਿਵਾਰ ਨੂੰ ਕਤਲ ਦਾ ਸ਼ੱਕ

Friday, Sep 20, 2019 - 12:23 PM (IST)

ਸੰਗਰੂਰ (ਬੇਦੀ) : ਨੇੜਲੇ ਪਿੰਡ ਬਹਾਦਰਪੁਰ ਤੋਂ 13 ਸਤੰਬਰ ਨੂੰ ਲਾਪਤਾ ਹੋਏ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ਵਿਚ ਰਾਮਾ ਮੰਡੀ ਨੇੜੇ ਮਾਨਵਾਲਾ ਰਜਬਾਹੇ ਵਿਚੋਂ ਬਰਾਮਦ ਕੀਤੀ ਗਈ ਹੈ। ਲਾਸ਼ ਦੀ ਸ਼ਨਾਖ਼ਤ ਉਸ ਸਮੇਂ ਹੋਈ ਜਦੋਂ ਹੈਲਪ ਲਾਈਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਹੋਰਾਂ ਨੇ ਆਪਣਿਆਂ ਸਾਥੀਆਂ ਸਮੇਤ ਪੁਲਸ ਦੀ ਹਾਜ਼ਰੀ ਵਿਚ ਲਾਸ਼ ਨੂੰ ਰਜਬਾਹੇ ਵਿਚੋਂ ਬਾਹਰ ਕੱਢ ਕੇ ਉਸ ਦੀ ਜੇਬ ਵਿਚੋਂ ਮੋਬਾਇਲ ਫੋਨ ਨੂੰ ਕੱਢਿਆ ਅਤੇ ਪਾਣੀ ਨਾਲ ਖਰਾਬ ਹੋਏ ਮੋਬਾਇਲ ਫੋਨ ਵਿਚੋਂ ਸਿੱਮ ਨੂੰ ਸੁਕਾ ਕੇ ਹੋਰ ਫੋਨ ਵਿਚ ਪਾ ਕੇ ਨੰਬਰ ਨੂੰ ਚਾਲੂ ਕੀਤਾ ਗਿਆ। ਸਿਮ ਤੋਂ ਇਸ ਮ੍ਰਿਤਕ ਵਿਅਕਤੀ ਦੀ ਸ਼ਨਾਖ਼ਤ ਮਨਦੀਪ ਸਿੰਘ (25 ਸਾਲ) ਪੁੱਤਰ ਹਰਪਾਲ ਵਾਸੀ ਬਹਾਦਰਪੁਰ (ਸੰਗਰੂਰ) ਵਜੋਂ ਹੋਈ।

ਜਿਉਂ ਹੀ ਲਾਸ਼ ਦੀ ਸ਼ਨਾਖ਼ਤ ਹੋਈ ਤਾਂ ਪੁਲਸ ਨੇ ਤੁਰੰਤ ਪਿੰਡ ਬਹਾਦਰਪੁਰ ਵਿਖੇ ਮ੍ਰਿਤਕ ਨੌਜਵਾਨ ਦੇ ਪਿਤਾ ਹਰਪਾਲ ਸਿੰਘ ਨੂੰ ਫੋਨ ਕਰਕੇ ਰਾਮਾ ਮੰਡੀ ਥਾਣੇ ਵਿਚ ਸੱਦਿਆ ਅਤੇ ਵਾਰਸਾਂ ਵੱਲੋਂ ਲਾਸ਼ ਦੀ ਪੁਸ਼ਟੀ ਕੀਤੀ ਗਈ। ਮ੍ਰਿਤਕ ਦੇ ਪਿਤਾ ਹਰਪਾਲ ਸਿੰਘ ਵਾਸੀ ਬਹਾਦਰਪੁਰ ਨੇ ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਦਿੱਤੇ ਕਥਿੱਤ ਬਿਆਨਾਂ ਵਿਚ ਕਿਹਾ ਗਿਆ ਕਿ ਉਸ ਦਾ ਲੜਕਾ ਮਨਦੀਪ ਸਿੰਘ ਪਿਛਲੇ 5-6 ਦਿਨਾਂ ਤੋਂ ਘਰੋਂ ਗਾਇਬ ਸੀ। ਉਨ੍ਹਾਂ ਨੇ ਉਸ ਦੀ ਕਾਫੀ ਭਾਲ ਵੀ ਕੀਤੀ ਪਰ ਕਿਤੇ ਵੀ ਉਸ ਦੀ ਕੋਈ ਉੱਘ-ਸੁੱਘ ਨਹੀਂ ਮਿਲੀ ਸੀ। ਹਰਪਾਲ ਸਿੰਘ ਦੇ ਦੱਸਣ ਅਨੁਸਾਰ ਉਸ ਦੇ ਲੜਕੇ 'ਤੇ ਪਿਛਲੇ ਦਿਨੀਂ ਪਿੰਡ ਬਹਾਦਰਪੁਰ ਦੇ ਜਸਵਿੰਦਰ ਸਿੰਘ, ਮਨੀ ਸਿੰਘ, ਚਮਕੌਰ ਸਿੰਘ, ਗੁਰਤੇਜ ਸਿੰਘ, ਮਨਦੀਪ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਅਤੇ ਦੁੱਗਾਂ ਦੇ ਗੋਰਾ ਸਿੰਘ ਹੋਰਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ ਅਤੇ ਉਨ੍ਹਾਂ ਸ਼ੱਕ ਪ੍ਰਗਟਾਇਆ ਹੈ ਕਿ ਇਨ੍ਹਾਂ 8 ਵਿਅਕਤੀਆਂ ਵੱਲੋਂ ਹੀ ਉਸ ਦੇ ਲੜਕੇ ਮਨਦੀਪ ਸਿੰਘ ਦਾ ਕਤਲ ਕੀਤਾ ਗਿਆ ਹੈ ਅਤੇ ਲਾਸ਼ ਨੂੰ ਰਜਵਾਹੇ ਵਿਚ ਸੁੱਟ ਦਿੱਤਾ ਗਿਆ। ਥਾਣਾ ਰਾਮਾਮੰਡੀ ਐਸ. ਐਚ. ਓ. ਪਰਮਜੀਤ ਸਿੰਘ ਨਾਲ ਜਦੋਂ ਫੋਨ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਹਰਪਾਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਉਪਰੋਕਤ 8 ਵਿਅਕਤੀਆਂ ਖ਼ਿਲਾਫ਼ ਧਾਰਾ 302, 201, 149 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


cherry

Content Editor

Related News