15 ਅਗਸਤ ਨੂੰ ਸੰਗਰੂਰ ''ਚ ਬ੍ਰਹਮ ਮਹਿੰਦਰਾ ਲਹਿਰਾਉਣਗੇ ਤਿਰੰਗਾ

Friday, Aug 09, 2019 - 05:17 PM (IST)

15 ਅਗਸਤ ਨੂੰ ਸੰਗਰੂਰ ''ਚ ਬ੍ਰਹਮ ਮਹਿੰਦਰਾ ਲਹਿਰਾਉਣਗੇ ਤਿਰੰਗਾ

ਸੰਗਰੂਰ (ਬੇਦੀ) : ਜ਼ਿਲਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਮਨਾਉਣ ਸਬੰਧੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਤ੍ਰਿਪਾਠੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਦੌਰਾਨ ਤ੍ਰਿਪਾਠੀ ਨੇ ਸਮੂਹ ਅਧਿਕਾਰੀਆਂ ਨੂੰ ਦੱਸਿਆ ਕਿ ਸੰਗਰੂਰ ਵਿਖੇ ਆਜ਼ਾਦੀ ਦਿਵਸ ਸਮਾਰੋਹ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਮਿਤੀ 13 ਅਗਸਤ ਨੂੰ ਪੁਲਸ ਲਾਈਨ ਸਟੇਡੀਅਮ ਵਿਖੇ ਫੁੱਲ ਡਰੈਸ ਰਿਹਰਸਲ ਕੀਤੀ ਜਾਵੇਗੀ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਸਬੰਧੀ ਕੌਮੀ ਝੰਡੇ ਦੀ ਰਸਮ ਪੁਲਸ ਲਾਇਨ ਸੰਗਰੂਰ ਵਿਖੇ ਕੀਤੀ ਜਾਵੇਗੀ ਅਤੇ ਸ਼ਹੀਦੀ ਸਮਾਰਕ ਵਿਖੇ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਉਨ੍ਹਾਂ ਕਾਰਜ ਸਾਧਕ ਅਫ਼ਸਰ ਨੂੰ ਸ਼ਹਿਰ ਦੇ ਆਲੇ-ਦੁਆਲੇ ਅਤੇ ਵਿਸ਼ੇਸ਼ ਕਰਕੇ ਸਮਾਰੋਹ ਵਾਲੇ ਸਥਾਨ 'ਤੇ ਵਧੀਆ ਢੰਗ ਨਾਲ ਸਫ਼ਾਈ ਕਰਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਹਦਾਇਤ ਕੀਤੀ ਕਿ ਸਮਾਰੋਹ ਵਾਲੇ ਦਿਨ ਅਤੇ ਫਾਈਨਲ ਰਿਹਰਸਲ ਵਾਲੇ ਦਿਨ ਸਕੂਲੀ ਬੱਚਿਆਂ ਨੂੰ ਵਧੀਆ ਗੁਣਵੱਤਾ ਵਾਲਾ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਇਆ ਜਾਵੇ ਅਤੇ ਵਿਸ਼ੇਸ਼ ਕਰਕੇ ਪੀਣ ਵਾਲੇ ਪਾਣੀ ਦੀ ਸ਼ੁੱਧਤਾ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਜ਼ਿਲਾ ਸਿੱਖਿਆ ਦਫ਼ਤਰ ਤੋਂ ਆਏ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਕੂਲੀ ਬੱਚਿਆਂ ਨੂੰ ਪੂਰੇ ਅਨੁਸ਼ਾਸਨ ਅਤੇ ਸਾਫ਼ ਸੁਥਰੇ ਪਹਿਰਾਵੇ ਵਿਚ ਸਮਾਰੋਹ ਵਿਚ ਸ਼ਾਮਲ ਹੋਣ ਸਬੰਧੀ ਜਾਗਰੂਕ ਕੀਤਾ ਜਾਵੇ।

ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 13 ਅਗਸਤ ਨੂੰ ਫਾਈਨਲ ਰਿਹਰਸਲ ਅਤੇ 15 ਅਗਸਤ ਨੂੰ ਸਮਾਰੋਹ ਵਾਲੇ ਦਿਨ ਵਿਸ਼ੇਸ ਤੌਰ 'ਤੇ ਡਾਕਟਰੀ ਟੀਮਾਂ ਤਾਇਨਾਤ ਕੀਤੀਆ ਜਾਣ। ਉਨ੍ਹਾਂ ਸਮਾਰੋਹ ਵਾਲੇ ਸਥਾਨ 'ਤੇ ਰੰਗ-ਰੋਗਨ, ਲਾਈਟਾਂ, ਨਿਰਵਿਘਨ ਬਿਜਲੀ, ਬੈਠਣ ਦੇ ਪ੍ਰਬੰਧਾਂ, ਟ੍ਰੈਫਿਕ ਸਿਸਟਮ ਆਦਿ ਦੇ ਸਮਾਂ ਰਹਿੰਦੇ ਸੁਚਾਰੂ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਐਸ.ਡੀ.ਐਮ. ਸੰਗਰੂਰ ਅਵਿਕੇਸ਼ ਗੁਪਤਾ, ਸਹਾਇਕ ਕਮਿਸ਼ਨਰ (ਜਨਰਲ) ਅੰਕੂਰ ਮਹਿੰਦਰੂ, ਆਰ.ਟੀ.ਏ ਸਤਨਾਮ ਸਿੰਘ ਛੀਨਾ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।


author

cherry

Content Editor

Related News